ਅਨਵਰ ਮਸੀਹ ਦੇ ਗ੍ਰਿਫਤਾਰੀ ਵਾਰੰਟ ਜਾਰੀ, ਕਿਸੇ ਵੇਲੇ ਵੀ ਹੋ ਸਕਦੀ ਗ੍ਰਿਫਤਾਰੀ
197 ਕਿੱਲੋ ਹੈਰੋਇਨ ਜਿਸ ਘਰ 'ਚੋਂ ਬਰਾਮਦ ਹੋਈ ਸੀ, ਉਹ ਅਨਵਰ ਮਸੀਹ ਦਾ ਦੱਸਿਆ ਜਾਂਦਾ ਹੈ, ਜਿਸ ਕਰਕੇ ਐਸਟੀਐਫ ਨੇ ਉਸ ਅਨਵਰ ਮਸੀਹ ਨੂੰ ਵੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਸੀ
ਗਗਨਦੀਪ ਸ਼ਰਮਾ
ਅੰਮ੍ਰਿਤਸਰ: ਇੱਥੋਂ ਦੇ ਸੁਲਤਾਨਵਿੰਡ ਰੋਡ ਤੋਂ ਇਕ ਕੋਠੀ 'ਚੋਂ ਬਰਾਮਦ ਹੋਈ 197 ਕਿਲੋ ਹੈਰੋਇਨ ਦੇ ਮਾਮਲੇ 'ਚ ਐਸਟੀਐਫ ਵੱਲੋਂ ਗ੍ਰਿਫਤਾਰ ਕੀਤੇ ਤੇ ਫਿਲਹਾਲ ਸਿਹਤ ਕਾਰਨਾਂ ਕਰਕੇ ਜਮਾਨਤ 'ਤੇ ਚੱਲ ਰਹੇ ਐਸਐਸ ਬੋਰਡ ਦੇ ਸਾਬਕਾ ਮੈਂਬਰ ਅਨਵਰ ਮਸੀਹ ਦੇ ਅੱਜ ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਇਸ ਦੀ ਪੁਸ਼ਟੀ STF ਦੇ DSP ਵਵਿੰਦਰ ਮਹਾਜਨ ਨੇ ਕੀਤੀ।
ਅੰਮ੍ਰਿਤਸਰ ਦੀ ਵਧੀਕ ਸ਼ੈਸ਼ਨ ਜੱਜ ਪੁਸ਼ਪਿੰਦਰ ਸਿੰਘ ਦੀ ਅਦਾਲਤ ਨੇ ਅਨਵਰ ਮਸੀਹ ਨੂੰ ਅੱਜ 3 ਅਗਸਤ ਨੂੰ ਅਦਾਲਤ 'ਚ ਸਰੰਡਰ ਕਰਨ ਦੇ ਹੁਕਮ ਦਿੱਤੇ। ਅੱਜ ਸਾਬਕਾ ਅਕਾਲੀ ਆਗੂ ਅਨਵਰ ਮਸੀਹ ਅਦਾਲਤ 'ਚ ਪੇਸ਼ ਨਹੀਂ ਹੋਏ ਤਾਂ ਅਦਾਲਤ ਨੇ ਉਨਾਂ ਦੇ ਗ੍ਰਿਫਤਾਰੀ ਵਾਰੰਟ ਹੀ ਜਾਰੀ ਕਰ ਦਿੱਤੇ, ਇਸ ਤੋਂ ਬਾਅਦ ਹੁਣ ਪੁਲਿਸ ਅਨਵਰ ਮਸੀਹ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੀ ਹੈ।
197 ਕਿੱਲੋ ਹੈਰੋਇਨ ਜਿਸ ਘਰ 'ਚੋਂ ਬਰਾਮਦ ਹੋਈ ਸੀ, ਉਹ ਅਨਵਰ ਮਸੀਹ ਦਾ ਦੱਸਿਆ ਜਾਂਦਾ ਹੈ, ਜਿਸ ਕਰਕੇ ਐਸਟੀਐਫ ਨੇ ਉਸ ਅਨਵਰ ਮਸੀਹ ਨੂੰ ਵੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਸੀ ਪਰ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਅਦਾਲਤ ਨੇ ਅਨਵਰ ਮਸੀਹ ਨੂੰ ਜ਼ਮਾਨਤ ਨੇ ਦਿੱਤੀ ਸੀ, ਜੋ ਬੀਤੇ ਦਿਨੀ ਰੱਦ ਹੋ ਗਈ ਸੀ।
ਅਦਾਲਤ ਨੇ ਅਨਵਰ ਨੂੰ 3 ਅਗਸਤ ਨੂੰ ਸਰੰਡਰ ਕਰਨ ਲਈ ਕਿਹਾ ਸੀ। ਪਿਛਲੇ ਮਹੀਨੇ ਦੌਰਾਨ ਅਨਵਰ ਮਸੀਹ ਦੇ ਪਰਿਵਾਰ ਨੇ STF ਦੇ ਅਧਿਕਾਰੀਆਂ ਖਿਲਾਫ ਪੱਤਰਕਾਰ ਸੰਮੇਲਨ ਦੌਰਾਨ ਗੰਭੀਰ ਦੋਸ਼ ਲਗਾਏ ਸਨ ਤੇ DSP ਵਵਿੰਦਰ ਮਹਾਜਨ ਨੇ ਕਿਹਾ ਕਿ ਪੁਲਿਸ ਕਾਨੂੰਨ ਮੁਤਾਬਕ ਅਗਲੀ ਕਾਰਵਾਈ ਕਰੇਗੀ ਤੇ ਅਨਵਰ ਮਸੀਹ ਦੀ ਗ੍ਰਿਫਤਾਰੀ ਕਾਰਵਾਈ ਵੀ ਅਰੰਭ ਦਿੱਤੀ ਗਈ ਹੈ।
ਅਨਵਰ ਮਸੀਹ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਨਵਰ ਮਸੀਹ ਚੰਡੀਗੜ ਦੇ ਕਿਸੇ ਹਸਤਪਾਲ 'ਚ ਜੇਰੇ ਇਲਾਜ ਹਨ, ਅਨਵਰ ਮਸੀਹ ਦੇ ਬੇਟੇ ਜੋਇਲ ਮਸੀਹ ਨੇ ਕਿਹਾ ਕਿ ਉਸ ਦੇ ਪਿਤਾ ਸਰੰਡਰ ਕਰਨ ਲਈ ਤਿਆਰ ਹਨ ਕਿਉਂਕਿ ਉਸ ਦੇ ਪਿਤਾ ਤੇ ਪਰਿਵਾਰ ਨੂੰ ਕਾਨੂੰਨ 'ਤੇ ਪੂਰਾ ਭਰੋਸਾ ਹੈ।