ਹਾਲ ਉਏ ਰੱਬਾ.....! ਕਿੱਥੋਂ ਲੱਭੀਏ ਇਨਸਾਫ਼...ਕਾਨੂੰਨ ਦੇ ਰਖਵਾਲੇ ਹੀ 'ਚੂਸਣ ਲੱਗੇ ਹੱਡ' ! 3,000 ਰੁਪਏ ਰਿਸ਼ਵਤ ਲੈਂਦਾ ASI ਗ੍ਰਿਫ਼ਤਾਰ
ਜੇ ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਥਾਣਾ ਦਿਆਲਪੁਰਾ ਕੈਂਪ ਭਗਤਾ ਭਾਈਕਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਤਾਰਾ ਸਿੰਘ ਨੂੰ 3,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।
Punjab News: ਪੰਜਾਬ ਵਿੱਚੋਂ ਆਏ ਦਿਨ ਭ੍ਰਿਸ਼ਟਾਚਾਰ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਕਿਤੇ ਲੀਡਰਾਂ ਵੱਲੋਂ ਘਪਲੇ ਹੋ ਰਹੇ ਨੇ ਕਿਤੇ ਪੁਲਿਸ ਵਾਲੇ ਵੀ ਲੱਗੀ ਲਾ ਰਹੇ ਹਨ ਜਿਸ ਨੂੰ ਦੇਖ ਦੇ ਬਾਬਾ ਨਜਮੀ ਦੀ ਲਿਖਤ ਯਾਦ ਆਉਂਦੀ ਹੈ, ਏਹੋ ਜਹੀ ਕਮਜ਼ੋਰ ਹਕੂਮਤ ਬਾਬਾ ਜੀ, ਵੇਖੀ ਨਹੀਂ ਕੋਈ ਹੋਰ ਹਕੂਮਤ ਬਾਬਾ ਜੀ, ਪਿਛਲੀ ਨਾਲ ਵੀ ਸਾਡਾ ਏਹੋ ਰੌਲਾ ਸੀ, ਇਹ ਵੀ ਪੱਕੀ ਚੋਰ ਹਕੂਮਤ ਬਾਬਾ ਜੀ।
ਜੇ ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਥਾਣਾ ਦਿਆਲਪੁਰਾ ਕੈਂਪ ਭਗਤਾ ਭਾਈਕਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਤਾਰਾ ਸਿੰਘ ਨੂੰ 3,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨਪ੍ਰੀਤ ਸਿੰਘ ਵਾਸੀ ਪਿੰਡ ਅਕਲੀਆ ਜਲਾਲ, ਤਹਿਸੀਲ ਰਾਮਪੁਰਾ ਫੂਲ, ਬਠਿੰਡਾ ਵੱਲੋਂ ਦਿੱਤੇ ਬਿਆਨ ਅਤੇ ਮੁਹੱਈਆ ਕਰਵਾਏ ਸਬੂਤਾਂ ਦੇ ਆਧਾਰ 'ਤੇ ਇਸ ਛੋਟੇ ਥਾਣੇਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਹੈ ਕਿ ਉਸਦੇ ਟਰੈਕਟਰ ਦੇ ਡਰਾਈਵਰ ਦਾ ਇੱਕ ਮੋਟਰਸਾਈਕਲ ਸਵਾਰ ਨਾਲ ਮਾਮੂਲੀ ਸੜਕ ਹਾਦਸਾ ਹੋ ਗਿਆ ਸੀ ਜਿਸ ਸਬੰਧੀ ਸ਼ਿਕਾਇਤ ਉਕਤ ਥਾਣੇ ਵਿਚ ਦਰਜ ਹੋਈ ਸੀ ਜਿਸ ਨੂੰ ਬਾਅਦ ਵਿਚ ਪੰਚਾਇਤੀ ਫ਼ੈਸਲੇ ਰਾਹੀਂ ਸੁਲਝਾ ਲਿਆ ਗਿਆ ਪਰ ਉਸ ਦੇ ਟਰੈਕਟਰ ਨੂੰ ਥਾਣੇ ਵਿਖੇ ਕਬਜ਼ੇ ਵਿਚ ਲੈ ਲਿਆ ਗਿਆ ਸੀ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਜਦੋਂ ਉਹ ਆਪਣਾ ਟਰੈਕਟਰ ਛੁਡਾਉਣ ਲਈ ਥਾਣੇ ਪਹੁੰਚਿਆ ਤਾਂ ਉਕਤ ਛੋਟੇ ਥਾਣੇਦਾਰ ਤਾਰਾ ਸਿੰਘ ਨੇ ਰਿਸ਼ਵਤ ਵਜੋਂ 10,000 ਰੁਪਏ ਦੀ ਮੰਗ ਕੀਤੀ ਪਰ ਉਸ ਵੱਲੋਂ ਜ਼ੋਰ ਪਾਉਣ ਉੱਤੇ ਸੌਦਾ 8,000 ਰੁਪਏ ਵਿੱਚ ਤੈਅ ਹੋ ਗਿਆ। ਇਹ ਸਾਰੀ ਗੱਲਬਾਤ ਸ਼ਿਕਾਇਤਕਰਤਾ ਵੱਲੋਂ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਈ ਗਈ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ ਦੀ ਟੀਮ ਨੇ ਜਾਲ ਵਿਛਾ ਕੇ ਛੋਟੇ ਥਾਣੇਦਾਰ ਤਾਰਾ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 3,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਲਜ਼ਮ ਏ.ਐਸ.ਆਈ. ਖਿਲਾਫ਼ ਵਿਜੀਲੈਂਸ ਬਿਊਰੋ ਥਾਣਾ ਬਠਿੰਡਾ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।