ਅੰਮ੍ਰਿਤਸਰ ਅਤੇ ਫਾਜ਼ਿਲਕਾ 'ਚ ਕੱਲ੍ਹ ਤੋਂ ਸ਼ੁਰੂ ਹੋਵੇਗੀ ਰੀਟ੍ਰੀਟ ਸੈਰੇਮਨੀ, ਜਾਣ ਲਓ ਸਮਾਂ
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਅੰਮ੍ਰਿਤਸਰ ਦੇ ਅਟਾਰੀ ਬਾਰਡਰ ਅਤੇ ਫਾਜ਼ਿਲਕਾ ਦੇ ਸਾਦਕੀ ਚੌਕੀ ਵਿਖੇ ਰੀਟ੍ਰੀਟ ਸੈਰੇਮਨੀ 12 ਦਿਨਾਂ ਬਾਅਦ ਦੁਬਾਰਾ ਸ਼ੁਰੂ ਹੋ ਰਹੀ ਹੈ।

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਅੰਮ੍ਰਿਤਸਰ ਦੇ ਅਟਾਰੀ ਬਾਰਡਰ ਅਤੇ ਫਾਜ਼ਿਲਕਾ ਦੇ ਸਾਦਕੀ ਚੌਕੀ ਵਿਖੇ ਰੀਟ੍ਰੀਟ ਸੈਰੇਮਨੀ 12 ਦਿਨਾਂ ਬਾਅਦ ਦੁਬਾਰਾ ਸ਼ੁਰੂ ਹੋ ਰਹੀ ਹੈ। ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ 7 ਮਈ ਤੋਂ ਰਿਟਰੀਟ ਸੈਰੇਮਨੀ ਬੰਦ ਕਰ ਦਿੱਤੀ ਗਈ ਸੀ। ਤੁਹਾਨੂੰ ਦੱਸ ਦਈਏ ਕਿ ਕੱਲ੍ਹ ਸ਼ਾਮ 6:00 ਵਜੇ ਤੋਂ ਦੋਵਾਂ ਸਰਹੱਦਾਂ 'ਤੇ ਦੁਬਾਰਾ ਰੀਟ੍ਰੀਟ ਸੈਰੇਮਨੀ ਹੋਵੇਗੀ।
ਇਸ ਵੇਲੇ, ਦੋਵੇਂ ਦੇਸ਼ ਰੀਟ੍ਰੀਟ ਸੈਰੇਮਨੀ ਲਈ ਤਿਆਰ ਹਨ, ਪਰ ਦੋਸਤਾਨਾ ਹੱਥ ਨਹੀਂ ਵਧਾਇਆ ਗਿਆ ਹੈ। ਇਸ ਦੌਰਾਨ, ਨਾ ਤਾਂ ਸਰਹੱਦਾਂ ਵਿਚਕਾਰ ਗੇਟ ਖੁੱਲ੍ਹਣਗੇ ਅਤੇ ਨਾ ਹੀ ਸੀਮਾ ਸੁਰੱਖਿਆ ਬਲ ਅਤੇ ਪਾਕਿ ਰੇਂਜਰ ਇੱਕ ਦੂਜੇ ਨਾਲ ਹੱਥ ਮਿਲਾਉਣਗੇ। ਝੰਡਾ ਉਤਾਰਨ ਦੀ ਪ੍ਰਕਿਰਿਆ ਸਿਰਫ਼ ਬੰਦ ਦਰਵਾਜ਼ਿਆਂ ਤੋਂ ਹੀ ਪੂਰੀ ਕੀਤੀ ਜਾਵੇਗੀ।
ਤੁਹਾਨੂੰ ਦੱਸ ਦਈਏ ਕਿ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਸੀ। ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਕਈ ਪਿੰਡਾਂ ਦੇ ਲੋਕ ਆਪਣੇ ਘਰ ਛੱਡ ਕੇ ਚਲੇ ਗਏ ਸਨ ਅਤੇ ਇਸ ਕਾਰਨ ਭਾਰਤ-ਪਾਕਿਸਤਾਨ ਸਰਹੱਦ ਦੇ ਅਟਾਰੀ ਬਾਰਡਰ ਅਤੇ ਫਾਜ਼ਿਲਕਾ ਦੀ ਸਦੀਕੀ ਚੌਕੀ ਵਿਖੇ ਹੋਣ ਵਾਲੇ ਰਿਟਰੀਟ ਸੈਰੇਮਨੀ ਨੂੰ ਰੋਕ ਦਿੱਤਾ ਗਿਆ। ਪਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੀ ਖ਼ਬਰ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਹੌਲੀ-ਹੌਲੀ ਘਟਦੇ ਤਣਾਅ ਨੂੰ ਦੇਖਦਿਆਂ ਹੋਇਆਂ ਅੰਤਰਰਾਸ਼ਟਰੀ ਸਰਹੱਦ ਦੇ ਭਾਰਤ-ਪਾਕਿਸਤਾਨ ਸਰਹੱਦ 'ਤੇ ਆਯੋਜਿਤ ਰੀਟ੍ਰੀਟ ਸੈਰੇਮਨੀ ਨੂੰ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਕਿਹਾ ਕਿ ਕੱਲ੍ਹ, ਮੰਗਲਵਾਰ ਤੋਂ, ਰੀਟ੍ਰੀਟ ਸੈਰੇਮਨੀ ਹਰ ਰੋਜ਼ ਸ਼ਾਮ 6:00 ਵਜੇ ਆਯੋਜਿਤ ਕੀਤੀ ਜਾਵੇਗੀ।
ਉੱਥੇ ਹੀ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਹੋਇਆਂ ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਮੰਗਲਵਾਰ ਤੋਂ ਸ਼ਾਮ 7 ਵਜੇ ਮੁੜ ਰੋਜ਼ ਰੀਟ੍ਰੀਟ ਸੈਰੇਮਨੀ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕ ਵੱਧ ਤੋਂ ਵੱਧ ਰੀਟ੍ਰੀਟ ਸੈਰੇਮਨੀ ਦੇਖਣ ਪਹੁੰਚਣ ਅਤੇ ਦੇਸ਼ ਭਗਤੀ ਦਾ ਜਜ਼ਬਾ ਦਿਖਾ ਕੇ ਬੀਐਸਐਫ ਦੇ ਜਵਾਨਾਂ ਨੂੰ ਵਧਾਈ ਦਿੰਦਿਆਂ ਹੋਇਆਂ ਉਨ੍ਹਾਂ ਦੀ ਹੌਂਸਲਾ ਅਫਜਾਈ ਕਰਨ।
ਜ਼ਿਕਰ ਕਰ ਦਈਏ ਕਿ ਹਾਲੇ ਸਿਰਫ ਫਾਜ਼ਿਲਕਾ ਵਾਲੀ ਸਾਦਕੀ ਚੌਂਕੀ 'ਤੇ ਰੀਟ੍ਰੀਟ ਸੈਰੇਮਨੀ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ, ਪਰ ਅਟਾਰੀ ਸਰਹੱਦ ਬਾਰੇ ਹਾਲੇ ਕੁਝ ਨਹੀਂ ਕਿਹਾ ਗਿਆ ਹੈ ਕਿ ਉੱਥੇ ਕਦੋਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਰੀਟ੍ਰੀਟ ਸੈਰੇਮਨੀ ਸ਼ੁਰੂ ਕੀਤੀ ਜਾਵੇਗੀ। ਉਮੀਦ ਹੈ ਕਿ ਛੇਤੀ ਹੀ ਇਸ ਬਾਰੇ ਵੀ ਫੈਸਲਾ ਲਿਆ ਜਾ ਸਕਦਾ ਹੈ।




















