ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ 'ਤੇ ਬਾਦਲ ਦਾ ਵੱਡਾ ਸਵਾਲ, ਸਰਕਾਰਾਂ ਦਾਅਵੇ ਕਰਦੀਆਂ ਰਹਿੰਦੀਆਂ, ਇੰਝ ਨਹੀਂ ਖਤਮ ਹੋਣਾ ਭ੍ਰਿਸ਼ਟਾਚਾਰ...
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਛੇੜੀ ਮੁਹਿੰਮ ਉੱਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਵਾਲ ਉਠਾਏ ਹਨ। ਬਾਦਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਸਿਰਫ਼ ਕਹਿਣ ਨਾਲ ਖ਼ਤਮ ਨਹੀਂ ਹੁੰਦਾ।
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਛੇੜੀ ਮੁਹਿੰਮ ਉੱਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਵਾਲ ਉਠਾਏ ਹਨ। ਬਾਦਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਸਿਰਫ਼ ਕਹਿਣ ਨਾਲ ਖ਼ਤਮ ਨਹੀਂ ਹੁੰਦਾ। ਸਿਆਸੀ ਪਾਰਟੀਆਂ ਨਵੀਂ ਸਰਕਾਰ ਬਣਨ ਸਮੇਂ ਅਜਿਹੇ ਦਾਅਵੇ ਤੇ ਐਲਾਨ ਕਰਿਆ ਹੀ ਕਰਦੀਆਂ ਹਨ।
ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਰੋਕਣ ਸਬੰਧੀ ਐਕਸ਼ਨ ਲਾਈਨ ਨੰਬਰ ਜਾਰੀ ਕੀਤਾ ਹੈ। ਮਾਨ ਨੇ ਹੁਸੈਨੀਵਾਲਾ ਤੋਂ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਹੈਲਪਲਾਈਨ ਦਾ ‘ਵਟਸਐਪ ਨੰਬਰ 9501-200-200’ ਜਾਰੀ ਕਰਦਿਆਂ ਇੱਕ ਮਹੀਨੇ ਵਿੱਚ ਰਿਸ਼ਵਤਖੋਰੀ ਨੂੰ ਮੁਕੰਮਲ ਨੱਥ ਪਾਉਣ ਦਾ ਅਹਿਦ ਲਿਆ ਹੈ। ਇਸ ’ਤੇ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਸਿਰਫ਼ ਕਹਿਣ ਨਾਲ ਖ਼ਤਮ ਨਹੀਂ ਹੁੰਦਾ।
ਬਾਦਲ ਨੇ ਕਿਹਾ ਕਿ ਸਿਆਸੀ ਪਾਰਟੀਆਂ ਨਵੀਂ ਸਰਕਾਰ ਬਣਨ ਸਮੇਂ ਅਜਿਹੇ ਦਾਅਵੇ ਤੇ ਐਲਾਨ ਕਰਿਆ ਕਰਦੀਆਂ ਹਨ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਖਿਆ ਸੀ ਕਿ ਚਾਰ ਹਫ਼ਤਿਆਂ ’ਚ ਭ੍ਰਿਸ਼ਟਾਚਾਰ ਤੇ ਨਸ਼ਾ ਬੰਦ ਕਰ ਦਿਆਂਗੇ, ਪਰ ਕੁਝ ਨਹੀਂ ਹੋਇਆ। ‘ਆਪ’ ਦਾ ਸੱਚ ਵੀ ਸਮੇਂ ਨਾਲ ਸਾਹਮਣੇ ਆ ਜਾਣਾ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਸਮਾਜ ਦੀਆਂ ਜੜ੍ਹਾਂ ’ਚ ਬੈਠਿਆ ਹੋਇਆ ਹੈ।
ਰਿਸ਼ਵਤ ਦੇਣ ਤੋਂ ਨਾਂਹ ਨਾ ਕਰੋ, ਵੀਡੀਓ ਜਾਂ ਆਡੀਓ ਬਣਾ ਕੇ ਭੇਜੋ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘‘ਕੋਈ ਵੀ ਮੰਤਰੀ, ਵਿਧਾਇਕ, ਅਧਿਕਾਰੀ ਜਾਂ ਕਰਮਚਾਰੀ ਕਿਸੇ ਕੰਮ ਬਦਲੇ ਰਿਸ਼ਵਤ ਜਾਂ ਕਮਿਸ਼ਨ ਮੰਗਦਾ ਹੈ ਤਾਂ ਉਸ ਨੂੰ ਨਾਂਹ ਨਾ ਕਰੋ, ਸਗੋਂ ਇਸ ਦੀ ਵੀਡੀਓ ਜਾਂ ਆਡੀਓ ਬਣਾ ਕੇ ਇਸ ਵਟਸਐਪ ਨੰਬਰ ਉਤੇ ਭੇਜੀ ਜਾਵੇ। ਪੰਜਾਬ ਸਰਕਾਰ ਇਸ ਦੀ ਮੁਕੰਮਲ ਜਾਂਚ ਕਰਵਾਏਗੀ ਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਸੂਰਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ।’’
ਇਹ ਨੰਬਰ ਭਗਵੰਤ ਮਾਨ ਦਾ ਵਟਸਐਪ ਨੰਬਰ ਹੈ। ਭਗਵੰਤ ਮਾਨ ਨੇ ਕਿਹਾ ਕਿ "ਜੇਕਰ ਕੋਈ ਰਿਸ਼ਵਤ ਮੰਗੇ ਤਾਂ ਨਾਂਹ ਨਾ ਕਰੋ, ਆਡੀਓ ਜਾਂ ਵੀਡੀਓ ਰਿਕਾਰਡ ਕਰਕੇ ਮੈਨੂੰ ਭੇਜ ਦਿਓ। ਮੇਰਾ ਦਫਤਰ ਇਸ ਦੀ ਡੂੰਘਾਈ ਨਾਲ ਜਾਂਚ ਕਰੇਗਾ ਤੇ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।"
ਦਿੱਲੀ ਦੀ ਉਦਾਹਰਨ ਦਿੰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ 49 ਦਿਨਾਂ ਦੀ ਸਰਕਾਰ ਵਿੱਚ ਵੀ ਅਜਿਹਾ ਹੀ ਨੰਬਰ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਭ੍ਰਿਸ਼ਟਾਚਾਰ ਇਸ ਤਰ੍ਹਾਂ ਖਤਮ ਹੋਇਆ ਕਿ ਉਦੋਂ ਤੋਂ ਸਿਰਫ ਕੇਜਰੀਵਾਲ ਹੀ ਸੱਤਾ 'ਚ ਆ ਰਹੇ ਹਨ। ਪੰਜਾਬ ਵਿੱਚ ਵੀ ਭ੍ਰਿਸ਼ਟਾਚਾਰ ਨੂੰ ਇਸੇ ਤਰ੍ਹਾਂ ਨੱਥ ਪਾਈ ਜਾਵੇਗੀ।