ਮੁੜ ਲੱਗੇਗਾ ਬਰਗਾੜੀ ਮੋਰਚਾ! ਸਿੱਖ ਜਥੇਬੰਦੀਆਂ ਦੇ ਐਲਾਨ ਮਗਰੋਂ ਪੂਰਾ ਇਲਾਕਾ ਸੀਲ
ਸਿੱਖ ਜਥੇਬੰਦੀਆਂ ਦੀ ਇਹੋ ਮੰਗ ਹੈ ਕਿ ਸਾਲ 2015 ਦੇ ਬੇਅਦਬੀ ਕਾਂਡ ਤੇ ਉਸ ਤੋਂ ਬਾਅਦ ਵਾਪਰੇ ਬਰਗਾੜੀ ਗੋਲੀਕਾਂਡ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਸਜ਼ਾਵਾਂ ਦਿਵਾਈਆਂ ਜਾਣ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਅੱਜ ਤੋਂ ਬਰਗਾੜੀ ਵਿਖੇ ਸਿੱਖ ਜਥੇਬੰਦੀਆਂ ਦੇ ਸੱਦੇ ’ਤੇ ‘ਮੋਰਚਾ’ ਸ਼ੁਰੂ ਹੋਣ ਦੇ ਆਸਾਰ ਹਨ। ਇਸ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਦੱਸ ਦੇਈਏ ਕਿ ਬੀਤੀ 1 ਜੂਨ ਨੂੰ ਜਦੋਂ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਵਿੱਚ ਛੇ ਸਾਲ ਪਹਿਲਾਂ ਬੇਅਦਬੀ ਕਾਂਡ ਵਾਪਰਨ ਦੇ ਦੁੱਖ ਵਿੱਚ ‘ਸੋਗ ਦਿਵਸ’ ਮਨਾਇਆ ਗਿਆ ਸੀ, ਤਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ 1 ਜੁਲਾਈ, 2021 ਤੋਂ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।
ਸਿੱਖ ਜਥੇਬੰਦੀਆਂ ਦੀ ਇਹੋ ਮੰਗ ਹੈ ਕਿ ਸਾਲ 2015 ਦੇ ਬੇਅਦਬੀ ਕਾਂਡ ਤੇ ਉਸ ਤੋਂ ਬਾਅਦ ਵਾਪਰੇ ਬਰਗਾੜੀ ਗੋਲੀਕਾਂਡ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਸਜ਼ਾਵਾਂ ਦਿਵਾਈਆਂ ਜਾਣ। ਹਾਸਲ ਰਿਪੋਰਟ ਅਨੁਸਾਰ ਸਿਮਰਨਜੀਤ ਸਿੰਘ ਮਾਨ ਫ਼ਰੀਦਕੋਟ ਪੁੱਜ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਬਠਿੰਡਾ ’ਚ ਇਸੇ ਮੁੱਦੇ ’ਤੇ ਮੀਟਿੰਗ ਵੀ ਕੀਤੀ ਸੀ। ਉੱਥੇ ਹੀ ਮੋਰਚੇ ਦੀ ਅਗਲੇਰੀ ਕਾਰਵਾਈ ਦੀ ਸਾਰੀ ਰੂਪ-ਰੇਖਾ ਉਲੀਕੀ ਗਈ ਦੱਸੀ ਜਾਂਦੀ ਹੈ।
ਫ਼ਰੀਦਕੋਟ ਜ਼ਿਲ੍ਹੇ ਦੇ ਐੱਸਐੱਸਪੀ ਨੇ ਏਡੀਜੀਪੀ (ਕਾਨੂੰਨ ਤੇ ਵਿਵਸਥਾ) ਨੂੰ ਭੇਜੀ ਚਿੱਠੀ ਵਿੱਚ ਲਿਖਿਆ ਹੈ ਕਿ 30 ਜੂਨ ਅਤੇ ਪਹਿਲੀ ਜੁਲਾਈ ਦੀ ਰਾਤ ਨੂੰ ਪੰਥਕ ਮੋਰਚਾ ਆਪਣਾ ਅਣਮਿੱਥੇ ਸਮੇਂ ਦਾ ਧਰਨਾ ਤੇ ਰੋਸ ਮੁਜ਼ਾਹਰਾ ਦੁਬਾਰਾ ਸ਼ੁਰੂ ਕਰ ਸਕਦਾ ਹੈ। ‘ਸਿੱਖ ਆਗੂਆਂ ਨੇ ਆਮ ਸੰਗਤ ਤੇ ਹੋਰ ਸਿੱਖ ਸ਼ਰਧਾਲੂਆਂ ਨੂੰ ਅਪੀਲਾਂ ਕੀਤੀਆਂ ਹਨ ਕਿ ਉਹ ਬਰਗਾੜੀ ਮੋਰਚੇ ਵਿੱਚ ਆ ਕੇ ਸ਼ਾਮਲ ਹੋਣ।’
ਐੱਸਐੱਸਪੀ ਨੇ ਲਿਖਿਆ ਹੈ ਕਿ ਅਜਿਹੇ ਹਾਲਾਤ ਨਾਲ ਸਿੱਝਣ ਲਈ ਉਨ੍ਹਾਂ ਨੂੰ ਵਧੇਰੇ ਪੁਲਿਸ ਬਲਾਂ ਦੀ ਜ਼ਰੂਰਤ ਪਵੇਗੀ ਤੇ ਕਾਨੂੰਨ ਤੇ ਵਿਵਸਥਾ ਕਾਇਮ ਰੱਖਣ ਲਈ ਅਜਿਹਾ ਬਹੁਤ ਜ਼ਰੂਰੀ ਹੈ। ਐਸਐਸ ਪੀ ਨੇ ਇਸ ਹਾਲਾਤ ’ਚ 25 ਏਆਰਪੀ ਟੀਮਾਂ ਤੇ 5 ਕਮਾਂਡੋ ਕੰਪਨੀਆਂ ਮੰਗੀਆਂ ਹਨ।
ਪੁਲਿਸ ਨੇ ਬਰਗਾੜੀ ਵਿਖੇ ਪੰਜ ਅਜਿਹੇ ਸਥਾਨਾਂ ਦੀ ਵੀ ਸ਼ਨਾਖ਼ਤ ਕੀਤੀ ਹੈ, ਜਿੱਥੇ ਸਿੱਖ ਜੱਥੇਬੰਦੀਆਂ ਆਪਣਾ ‘ਮੋਰਚਾ’ ਅਰੰਭ ਕਰ ਸਕਦੀਆਂ ਹਨ। ਉਹ ਹਨ, ਬਹਿਬਲ ਕਲਾਂ ਪਿੰਡ ਲਾਗਿਓਂ ਲੰਘਦਾ ਨੈਸ਼ਨਲ ਹਾਈਵੇਅ, ਬਹਿਬਲ ਕਲਾਂ ਦੀ ਦਾਣਾ ਮੰਡੀ, ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਕੋਟਕਪੂਰਾ ਦਾ ਪ੍ਰਸਿੱਧ ਲਾਈਟਾਂ ਵਾਲਾ ਚੌਕ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਉਨ੍ਹਾਂ ਦਾ ਮੋਰਚਾ ਸ਼ੁਰੂ ਹੋਣ ਜਾ ਰਿਹਾ ਹੈ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਹ ਮੋਰਚਾ ਕਿੱਥੇ ਲਾਇਆ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਪੁਲਿਸ ਉਨ੍ਹਾਂ ਨੂੰ ਇੰਝ ਕਰਨ ਤੋਂ ਵਰਜ ਸਕਦੀ ਹੈ।
ਸਾਲ 2018 ’ਚ ਸਿੱਖ ਜਥੇਬੰਦੀਆਂ ਨੇ ‘ਬਰਗਾੜੀ ਇਨਸਾਫ਼ ਮੋਰਚਾ’ ਲਾਇਆ ਸੀ, ਜੋ 193 ਦਿਨਾਂ ਤੱਕ ਚੱਲਦਾ ਰਿਹਾ ਸੀ ਤੇ ਦਸੰਬਰ 2018 ’ਚ ਜਾ ਕੇ ਖ਼ਤਮ ਹੋਇਆ ਸੀ। ਤਦ ਕਾਂਗਰਸ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੋਰਚੇ ਦੇ ਆਗੂਆਂ ਤੱਕ ਪਹੁੰਚ ਕਰ ਕੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਤਦ ਪੰਥਕ ਹਲਕਿਆਂ ਵਿੱਚ ਉਹ ਮੋਰਚਾ ਖ਼ਤਮ ਕੀਤੇ ਜਾਣ ਦੀ ਸਖ਼ਤ ਆਲੋਚਨਾ ਵੀ ਹੋਈ ਸੀ।
ਇਹ ਵੀ ਪੜ੍ਹੋ: Canada Day 2021: ਆਖ਼ਰ ਬਹੁਤ ਸਾਰੇ ਲੋਕ ਇਸ ਵਾਰ ਕਿਉਂ ਨਹੀਂ ਮਨਾ ਰਹੇ ‘ਕੈਨੇਡਾ ਡੇਅ’
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin