ਸ਼ਲਾਘਾਯੋਗ ਉਪਰਾਲਾ: ਲੋਕਾਂ ਨੂੰ ਮੁਫ਼ਤ ਵਿੱਚ ਕੱਪੜੇ ਦੇ ਥੈਲੇ ਦੇ ਰਿਹਾ ਗਾਂਧੀ ਆਰੀਆ ਸਕੂਲ ਬਰਨਾਲਾ
ਬਰਨਾਲਾ: ਬਰਨਾਲਾ ਦੇ ਗਾਂਧੀ ਆਰੀਆ ਹਾਈ ਸਕੂਲ ਵਿਖੇ ਲੋਕਾਂ ਨੂੰ ਜਾਗਰੂਕ ਕਰਨ ਲਈ ਬੱਚਿਆਂ ਵੱਲੋਂ ਕੱਪੜੇ ਦੇ ਥੈਲੇ ਬਣਾਏ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨਾ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਸਕੇ।
ਬਰਨਾਲਾ: ਬਰਨਾਲਾ ਦੇ ਗਾਂਧੀ ਆਰੀਆ ਹਾਈ ਸਕੂਲ ਵਿਖੇ ਲੋਕਾਂ ਨੂੰ ਜਾਗਰੂਕ ਕਰਨ ਲਈ ਬੱਚਿਆਂ ਵੱਲੋਂ ਕੱਪੜੇ ਦੇ ਥੈਲੇ ਬਣਾਏ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨਾ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਸਕੇ। ਬੱਚਿਆਂ ਵੱਲੋਂ ਲੋਕਾਂ ਨੂੰ ਕੱਪੜੇ ਦੇ ਥੈਲੇ ਮੁਫ਼ਤ ਵੰਡੇ ਜਾ ਰਹੇ ਹਨ। ਕੋਰੋਨਾ ਦੇ ਦੌਰ ਦੌਰਾਨ ਵੀ ਗਾਂਧੀ ਆਰੀਆ ਹਾਈ ਸਕੂਲ ਦੇ ਬੱਚਿਆਂ ਵੱਲੋਂ ਲੱਖਾਂ ਮਾਸਕ ਬਣਾਏ ਗਏ ਅਤੇ ਲੋਕਾਂ ਨੂੰ ਮੁਫਤ ਵੰਡੇ ਗਏ ਸੀ। ਬੱਚਿਆਂ ਵੱਲੋਂ ਕੱਪੜੇ ਦੇ ਬੈਗ ਦੇ ਕੇ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਕਾਸ ਅਤੇ ਉੱਦਮਤਾ ਮੰਤਰਾਲਾ ਦੇ ਹੁਨਰ ਮੰਤਰਾਲਾ ਦੀ ਮੈਡਮ ਨੇਹਾ ਨੇ ਗਾਂਧੀ ਆਰੀਆ ਹਾਈ ਸਕੂਲ ਦੇ ਸਿਲਾਈ ਸੈਂਟਰ ਦਾ ਦੌਰਾ ਕੀਤਾ ਅਤੇ ਬੱਚਿਆਂ ਦੇ ਕੰਮ ਦੀ ਸ਼ਲਾਘਾ ਕੀਤੀ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ ਦੀ ਮੈਡਮ ਨੇਹਾ ਅਤੇ ਸਿੱਖਿਆ ਵਿਭਾਗ ਬਰਨਾਲਾ ਦੀ ਡਿਪਟੀ ਡੀ.ਈ.ਓ ਹਰਕਮਲ ਕੌਰ ਨੇ ਦੱਸਿਆ ਕਿ ਗਾਂਧੀ ਆਰੀਆ ਹਾਈ ਸਕੂਲ ਦੇ ਬੱਚਿਆਂ ਵੱਲੋਂ ਸਕੂਲ ਦੇ ਸਿਲਾਈ ਸੈਂਟਰ ਵਿਖੇ ਲੋਕਾਂ ਨੂੰ ਮੁਫ਼ਤ ਵੰਡਣ ਲਈ ਕੱਪੜੇ ਦੇ ਥੈਲੇ ਤਿਆਰ ਕੀਤੇ ਜਾ ਰਹੇ ਹਨ, ਜੋ ਕਿ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ਅਤੇ ਡਿਸਪੋਜ਼ੇਬਲ ਪਲਾਸਟਿਕ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ। ਬੱਚਿਆਂ ਵੱਲੋਂ ਲੋਕਾਂ ਨੂੰ ਪਲਾਸਟਿਕ ਦੇ ਥੈਲਿਆਂ ਦੀ ਥਾਂ 'ਤੇ ਕੱਪੜੇ ਦੇ ਥੈਲੇ ਮੁਫ਼ਤ ਵੰਡੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਅਤੇ ਡਿਸਪੋਜ਼ੇਬਲ ਪਲਾਸਟਿਕ ਦੀ ਵਰਤੋਂ ਨਾਲ ਜਿੱਥੇ ਵਾਤਾਵਰਨ 'ਤੇ ਗੰਭੀਰ ਪ੍ਰਭਾਵ ਪੈ ਰਿਹਾ ਹੈ, ਉੱਥੇ ਹੀ ਇਹ ਮਨੁੱਖੀ ਜੀਵਨ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਭ ਤੋਂ ਪਹਿਲਾਂ ਲੋੜ ਹੈ ਕਿ ਲੋਕ ਪਲਾਸਟਿਕ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਸ਼ੁਰੂ ਕਰਨ ਤਾਂ ਜੋ ਅਸੀਂ ਵਾਤਾਵਰਨ ਨੂੰ ਬਚਾ ਸਕੀਏ।
ਪ੍ਰਿੰਸੀਪਲ ਰਾਜ ਮਹਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਬੈਗ ਸਕੂਲ ਵਿੱਚ ਚੱਲ ਰਹੇ ਸ਼ੀਲਾ ਦੇਵੀ ਸਿਲਾਈ ਸੈਂਟਰ ਵਿੱਚ ਵਿਦਿਆਰਥੀਆਂ ਦੀ ਤਰਫੋਂ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੈਗਾਂ ਨੂੰ ਤਿਆਰ ਕਰਨ ਦਾ ਮੁੱਖ ਮਕਸਦ ਇਸ ਨੂੰ ਬਾਜ਼ਾਰ ਵਿੱਚ ਵੰਡਣਾ ਹੈ। ਤਾਂ ਜੋ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜਦੋਂ ਲੋਕ ਸਬਜ਼ੀ ਜਾਂ ਹੋਰ ਸਮਾਨ ਲੈਣ ਲਈ ਮੰਡੀ ਜਾਂਦੇ ਹਨ ਤਾਂ ਉਹ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਲਿਆਉਂਦੇ ਹਨ। ਇਕੱਲੇ ਬਰਨਾਲਾ ਸ਼ਹਿਰ ਵਿੱਚ ਹੀ ਰੋਜ਼ਾਨਾ 10 ਟਨ ਪਲਾਸਟਿਕ ਇਕੱਠਾ ਹੋ ਜਾਂਦਾ ਹੈ। ਜੋ ਕੂੜੇ ਵਿੱਚ ਰਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਥੈਲੇ ਸਾਰਿਆਂ ਨੂੰ ਵੰਡੇ ਜਾਣਗੇ ਅਤੇ ਅਪੀਲ ਕੀਤੀ ਜਾਵੇਗੀ ਕਿ ਕੋਈ ਵੀ ਵਿਅਕਤੀ ਪਲਾਸਟਿਕ ਦੀ ਵਰਤੋਂ ਨਾ ਕਰੇ।