ਬਰਨਾਲਾ ਦੇ ਧੌਲਾ 'ਚ ਨਹੀਂ ਗਰਮੀ ਦਾ ਅਸਰ, ਜਾਣ ਕੇ ਹੋ ਜਾਓਗੇ ਹੈਰਾਨ!
ਪਿੰਡ ਧੌਲਾ ਦੇ ਵਾਤਾਵਰਨ ਪ੍ਰੇਮੀ ਸੰਦੀਪ ਧੌਲਾ ਨੇ ਇਕੱਲਿਆਂ ਹੀ ਆਲਮੀ ਤਪਸ਼ ਖ਼ਿਲਾਫ਼ ਜੰਗ ਛੇੜ ਦਿੱਤੀ ਹੈ। ਪਿਛਲੇ 10 ਸਾਲਾਂ ਤੋਂ ਉਹ ਗਲੋਬਲ ਵਾਰਮਿੰਗ ਖ਼ਿਲਾਫ਼ ਮਿਸ਼ਨ ਗ੍ਰੀਨ ਚਲਾ ਰਹੇ ਹਨ ਜਿਸ ਤਹਿਤ ਉਨ੍ਹਾਂ 10 ਸਾਲਾਂ ਵਿੱਚ ਕਰੀਬ 20 ਹਜ਼ਾਰ ਰੁੱਖ ਲਾ ਕੇ ਆਪਣੇ ਪਿੰਡ ਵਿੱਚ 15 ਜੰਗਲ ਤਿਆਰ ਕਰ ਦਿੱਤੇ ਹਨ। ਇਨ੍ਹਾਂ ਜੰਗਲਾਂ ਵਿੱਚ ਸੈਂਕੜੇ ਕਿਸਮਾਂ ਦੇ ਰੁੱਖ ਮਿਲਣਗੇ।

ਬਰਨਾਲਾ: ਪਿੰਡ ਧੌਲਾ ਦੇ ਵਾਤਾਵਰਨ ਪ੍ਰੇਮੀ ਸੰਦੀਪ ਧੌਲਾ ਨੇ ਇਕੱਲਿਆਂ ਹੀ ਆਲਮੀ ਤਪਸ਼ ਖ਼ਿਲਾਫ਼ ਜੰਗ ਛੇੜ ਦਿੱਤੀ ਹੈ। ਪਿਛਲੇ 10 ਸਾਲਾਂ ਤੋਂ ਉਹ ਗਲੋਬਲ ਵਾਰਮਿੰਗ ਖ਼ਿਲਾਫ਼ ਮਿਸ਼ਨ ਗ੍ਰੀਨ ਚਲਾ ਰਹੇ ਹਨ ਜਿਸ ਤਹਿਤ ਉਨ੍ਹਾਂ 10 ਸਾਲਾਂ ਵਿੱਚ ਕਰੀਬ 20 ਹਜ਼ਾਰ ਰੁੱਖ ਲਾ ਕੇ ਆਪਣੇ ਪਿੰਡ ਵਿੱਚ 15 ਜੰਗਲ ਤਿਆਰ ਕਰ ਦਿੱਤੇ ਹਨ। ਇਨ੍ਹਾਂ ਜੰਗਲਾਂ ਵਿੱਚ ਸੈਂਕੜੇ ਕਿਸਮਾਂ ਦੇ ਰੁੱਖ ਮਿਲਣਗੇ। ਇਸੇ ਕਰਕੇ ਇਸ ਪਿੰਡ ਵਿੱਚ ਆਮ ਨਾਲੋਂ ਕਾਫੀ ਘੱਟ ਤਾਪਮਾਨ ਪਾਇਆ ਜਾਂਦਾ ਹੈ। ਲੋਕ ਤਾਜ਼ੀ ਤੇ ਸ਼ੁੱਧ ਹਵਾ ਲਈ ਜੰਗਲਾਂ ਵਿੱਚ ਸੈਰ ਕਰਨ ਜਾਂਦੇ ਹਨ।
ਇਸ ਪਿੰਡ ਦੇ ਲੋਕ ਖੁੱਲ੍ਹੀ ਤੇ ਤਾਜ਼ੀ ਆਕਸੀਜਨ ਵਿੱਚ ਸਾਹ ਲੈਂਦੇ ਹਨ। ਇਸ ਕੰਮ ਲਈ ਉਨ੍ਹਾਂ ਨੂੰ ਇੱਕ ਸੰਸਥਾ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। 31 ਸਾਲਾਂ ਦਾ ਪੜ੍ਹਿਆ-ਲਿਖਿਆ ਨੌਜਵਾਨ ਸੰਦੀਪ ਸਿੰਘ ਵਾਤਾਵਰਨ ਦੀ ਸੰਭਾਲ ਲਈ ਪਿਛਲੇ 10 ਸਾਲਾਂ ਤੋਂ ਲਗਾਤਾਰ ਮਿਹਨਤ ਕਰ ਰਿਹਾ ਹੈ। ਉਸ ਨੇ MCA ਤੇ MBA ਦੀ ਡਿਗਰੀ ਕੀਤੀ ਹੈ।
ਪਹਿਲਾਂ ਸੰਦੀਪ ਇਕੱਲਾ ਸੀ ਤੇ ਜੇਬ੍ਹ ਖ਼ਰਚ ਵਿੱਚੋਂ ਹੀ 2008 ਵਿੱਚ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਸੀ। ਹੌਲ਼ੀ-ਹੌਲ਼ੀ ਉਸ ਦੇ ਸਾਥੀ ਮਿੱਤਰ ਵੀ ਇਸ ਕੰਮ ਵਿੱਚ ਉਸ ਦਾ ਸਾਥ ਦੇਣ ਲੱਗੇ। ਫਿਰ ਉਨ੍ਹਾਂ ਪਿੰਡ ਦੇ ਨੌਜਵਾਨਾਂ ਦੀ ਕਲੱਬ ਬਣਾਇਆ ਤੇ ਆਲਮੀ ਤਪਸ਼ ਖ਼ਿਲਾਫ਼ 'ਮਿਸ਼ਨ ਗ੍ਰੀਨ' ਦੀ ਸ਼ੁਰੂਆਤ ਕੀਤੀ। ਅੱਜ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਤੇ ਪਿੰਡ ਵਿੱਚ 15 ਜੰਗਲ ਤਿਆਰ ਹੋ ਚੁੱਕੇ ਹਨ। ਇਹ ਮਿਸ਼ਨ ਹਾਲੇ ਵੀ ਜਾਰੀ ਹੈ।






















