ਪੁਲਿਸ ਨੇ ਅਸਲੇ ਤੇ ਲੱਖਾਂ ਦੀ ਨਕਦੀ ਸਮੇਤ ਦੋ ਗਿਰੋਹਾਂ ਦੇ 8 ਜਣੇ ਕੀਤੇ ਕਾਬੂ
ਬਠਿੰਡਾ: ਇੱਥੋਂ ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ 'ਤੇ ਲੁੱਟ-ਖੋਹ, ਅਗ਼ਵਾ ਕਰ ਫਿਰੌਤੀ ਮੰਗਣ ਤੋਂ ਲੈ ਕੇ ਬੈਂਕ ਡਕੈਤੀ ਦੇ ਇਲਜ਼ਾਮ ਹਨ। ਪੁਲਿਸ ਨੇ ਇਨ੍ਹਾਂ ਬਦਮਾਸ਼ਾਂ ਤੋਂ ਅਸਲਾ ਤੇ ਨਕਦੀ ਵੀ ਬਰਾਮਦ ਕੀਤੀ ਹੈ।
ਜਾਣਕਾਰੀ ਦਿੰਦਿਆਂ ਬਠਿੰਡਾ ਪੁਲਿਸ ਦੇ ਕਪਤਾਨ ਸਵਰਨ ਖੰਨਾ ਨੇ ਦੱਸਿਆ ਕਿ ਪਹਿਲੇ ਮਾਮਲੇ 'ਚ ਬਠਿੰਡਾ ਦੇ ਸੀਆਈਏ ਦੋ ਪੁਲਿਸ ਨੇ ਲੁੱਟ-ਖੋਹ ਤੇ ਬੈਂਕ ਡਕੈਤੀ ਕਰਨ ਵਾਲੇ ਗਰੁੱਪ ਦੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਤੋਂ 2,75,000 ਰੁਪਏ ਦੀ ਨਕਦੀ ਤੇ ਤਿੰਨ 12 ਬੋਰ ਬੰਦੂਕਾਂ ਬਰਾਮਦ ਕੀਤੀਆਂ ਹਨ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਲੋਕਾਂ 'ਤੇ 21 ਮਾਮਲੇ ਦਰਜ ਹਨ ਜਿੰਨਾਂ 'ਚੋਂ ਜ਼ਿਆਦਾਤਰ ਡਕੈਤੀ ਦੇ ਮਾਮਲੇ ਹਨ।
ਦੂਜੇ ਮਾਮਲੇ 'ਚ ਬਠਿੰਡਾ ਦੀ ਸੀਆਈਏ ਵਨ ਪੁਲਿਸ ਨੇ 13 ਅਗਸਤ ਨੂੰ ਅਨੀਤਾ ਨਾਂਅ ਦੀ ਮਹਿਲਾ ਨੂੰ ਇਕ ਵਿਅਕਤੀ ਵੱਲੋਂ ਬੱਡੇ 'ਚ ਬੰਦ ਨਕਲੀ ਬੰਬ ਭੇਜਿਆ ਗਿਆ ਤੇ ਫਿਰ ਮਹਿਲਾ ਦੇ ਪਤੀ ਤੋਂ ਦਸ ਲੱਖ ਰੁਪਏ ਫਿਰੌਤੀ ਮੰਗੀ। ਇਸ ਮਾਮਲੇ 'ਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਲੋਕਾਂ 'ਚੋਂ ਮੁੱਖ ਮੁਲਜ਼ਮ ਪਹਿਲਾ ਦੇ ਪਤੀ ਦਾ ਜਾਣਕਾਰ ਹੈ ਤੇ ਉਸ ਦੇ ਨਾਲ ਹੀ ਠੇਕੇਦਾਰੀ ਦਾ ਕੰਮ ਕਰਦਾ ਸੀ।