ਬਠਿੰਡਾ ਦੇ ਸਰਕਾਰੀ ਸਕੂਲ ਤੋਂ ਲਾਪਤਾ 3 ਕੁੜੀਆਂ ਦਾ ਹਾਲੇ ਤਕ ਨਹੀਂ ਕੁਝ ਪਤਾ, ਪੁਲਿਸ 'ਤੇ ਇਲਜ਼ਾਮ
ਮਾਮਲਾ 15 ਨਵੰਬਰ ਦਾ ਹੈ। ਕੁੜੀਆਂ ਦੇ ਮਾਪਿਆਂ ਵੱਲੋਂ ਥਾਣੇ ਵਿੱਚ ਇਸ ਦੀ ਰਿਪੋਰਟ ਵੀ ਲਿਖਵਾਈ ਗਈ ਹੈ ਪਰ ਇਸ ਮਾਮਲੇ ਵਿੱਚ 4 ਦਿਨ ਬੀਤ ਜਾਣ ਬਾਅਦ ਵੀ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ।
ਬਠਿੰਡਾ: ਸਥਾਨਕ ਸਰਕਾਰੀ ਸਕੂਲ ਤੋਂ ਰਹੱਸਮਈ ਢੰਗ ਨਾਲ ਲਾਪਤਾ 3 ਵਿਦਿਆਰਥਣਾਂ ਦਾ ਹਾਲੇ ਤਕ ਕੁਝ ਪਤਾ ਨਹੀਂ ਲੱਗਾ। ਜਾਣਕਾਰੀ ਮੁਤਾਬਕ ਮਾਮਲਾ 15 ਨਵੰਬਰ ਦਾ ਹੈ। ਕੁੜੀਆਂ ਦੇ ਮਾਪਿਆਂ ਵੱਲੋਂ ਥਾਣੇ ਵਿੱਚ ਇਸ ਦੀ ਰਿਪੋਰਟ ਵੀ ਲਿਖਵਾਈ ਗਈ ਹੈ ਪਰ ਇਸ ਮਾਮਲੇ ਵਿੱਚ 4 ਦਿਨ ਬੀਤ ਜਾਣ ਬਾਅਦ ਵੀ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ। ਪੁਲਿਸ ਜਾਂਚ ਵਿੱਚ ਜੁਟੀ ਹੈ। ਅੱਜ ਲਾਪਤਾ ਬੱਚੀਆਂ ਦੇ ਮਾਪਿਆਂ ਨੇ ਐਸਐਸਪੀ ਬਠਿੰਡਾ ਡਾ. ਨਾਨਕ ਸਿੰਘ ਨਾਲ ਮੁਲਾਕਾਤ ਵੀ ਕੀਤੀ।
ਇੱਕ ਲਾਪਤਾ ਬੱਚੀ ਦੀ ਮਾਂ ਨੇ ਦੱਸਿਆ ਕਿ 14 ਨਵੰਬਰ ਨੂੰ ਸਕੂਲ ਦੀ ਇੱਕ ਲੜਕੀ ਦਾ ਫੋਨ ਆਇਆ ਸੀ ਜਿਸ ਨੇ ਸਕੂਲ ਜਾਣ ਦੀ ਗੱਲ ਕਹੀ ਸੀ। ਉਸ ਦੇ ਫੋਨ ਬਾਅਦ ਉਨ੍ਹਾਂ ਦੀ ਲੜਕੀ ਸਕੂਲ ਚਲੀ ਗਈ ਤੇ ਅੱਜ 4 ਦਿਨ ਬੀਤ ਜਾਣ ਬਾਅਦ ਵੀ ਉਨ੍ਹਾਂ ਦਾ ਕੁਝ ਪਤਾ ਨਹੀਂ। ਉਨ੍ਹਾਂ ਇਲਜ਼ਾਮ ਲਾਇਆ ਕਿ ਪੁਲਿਸ ਸਵੇਰੇ ਹੀ ਉਨ੍ਹਾਂ ਨੂੰ ਬੁਲਾ ਲੈਂਦੀ ਹੈ ਤੇ ਸ਼ਾਮ ਨੂੰ ਘਰ ਵਾਪਿਸ ਭੇਜ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
ਇੱਕ ਹੋਰ ਲਾਪਤਾ ਲੜਕੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਸਵੇਰੇ ਸਰਕਾਰੀ ਕੰਨਿਆ ਸਕੂਲ ਮਾਲ ਰੋਡ ਗਈ ਪਰ ਸਕੂਲ ਤੋਂ ਵਾਪਿਸ ਨਹੀਂ ਆਈ। ਉਨ੍ਹਾਂ ਥਾਣੇ ਇਸ ਦੀ ਰਿਪੋਰਟ ਦਰਜ ਕਰਵਾਈ ਪਰ ਪੁਲਿਸ ਉਨ੍ਹਾਂ ਦੀ ਧੀ ਨੂੰ ਲੱਭਣ ਵਿੱਚ ਸਮਰਥ ਨਹੀਂ। ਉਨ੍ਹਾਂ ਜਲਦ ਤੋਂ ਜਲਦ ਕੁੜੀਆਂ ਨੂੰ ਵਾਪਸ ਲਿਆਉਣ ਤੇ ਇਨਸਾਫ ਦੀ ਮੰਗ ਕੀਤੀ ਹੈ।
ਇਸ ਸਬੰਧੀ ਐਸਐਸਪੀ ਬਠਿੰਡਾ ਡਾਕਟਰ ਨਾਨਕ ਸਿੰਘ ਨੇ ਕਿਹਾ ਕਿ ਲਾਪਤਾ ਲੜਕੀਆਂ ਦੇ ਮਾਮਲੇ ਵਿੱਚ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਟੀਮਾਂ ਵਿੱਚ ਐਸਪੀ ਸਿਟੀ ਡੀਐਸਪੀ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਦੇ ਹੱਥ ਕਾਫੀ ਸਬੂਤ ਲੱਗੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਜਲਦ ਇਸ ਮਾਮਲੇ ਨੂੰ ਸੁਲਝਾ ਲਏਗੀ।