ਨਵੇਂ ਵਜ਼ੀਰਾਂ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਕਾਂਗਰਸ 'ਚ ਨਵਾਂ ਕਲੇਸ਼, 7 ਲੀਡਰਾਂ ਨੇ ਰੱਖੀ ਵੱਡੀ ਮੰਗ
ਲੀਡਰਾਂ ਨੇ ਰਾਣਾ ਗੁਰਜੀਤ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਹ ਚਿੱਠੀ 7 ਵਿਧਾਇਕਾਂ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਕੇਪੀ ਨੇ ਲਿਖੀ ਹੈ
ਚੰਡੀਗੜ੍ਹ: ਪੰਜਾਬ ਕੈਬਨਿਟ ਦੇ ਵਜ਼ੀਰਾਂ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਕਾਂਗਰਸ ਵਿੱਚ ਨਵਾਂ ਕਲੇਸ਼ ਪੈ ਗਿਆ ਹੈ। ਕਾਂਗਰਸ ਵਿੱਚ ਹੁਣ ਘਮਸਾਨ ਰਾਣਾ ਗੁਰਜੀਤ ਸਿੰਘ ਕਰਕੇ ਹੋਇਆ ਹੈ। ਕਾਂਗਰਸ ਦੇ ਸੱਚ ਲੀਡਰਾਂ ਨੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੂੰ ਚਿੱਠੀ ਲਿਖ ਕੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਦਾ ਵਿਰੋਧ ਕੀਤਾ ਹੈ।
ਇਨ੍ਹਾਂ ਲੀਡਰਾਂ ਨੇ ਰਾਣਾ ਗੁਰਜੀਤ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਹ ਚਿੱਠੀ 7 ਵਿਧਾਇਕਾਂ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਕੇਪੀ ਨੇ ਲਿਖੀ ਹੈ। ਚਿੱਠੀ ਲਿਖਣ ਵਾਲਿਆਂ ਵਿੱਚ ਵਿਧਾਇਕ ਨਵਤੇਜ ਚੀਮਾ, ਬਲਵਿੰਦਰ ਸਿੰਘ ਧਾਲੀਵਾਲ, ਬਾਵਾ ਹੈਨਰੀ, ਡਾ. ਰਾਜ ਕੁਮਾਰ, ਪਵਨ ਆਦੀਆ ਤੇ ਸੁਖਪਾਲ ਖਹਿਰਾ ਸ਼ਾਮਲ ਹਨ। ਦੁਆਬੇ ਦੇ ਸੱਤ ਵਿਧਾਇਕ ਰਾਣਾ ਗੁਰਜੀਤ ਨੂੰ ਮੰਤਰੀ ਬਣਾਉਣ ਦੇ ਖਿਲਾਫ ਨਿੱਤਰੇ ਹਨ।
ਦੱਸ ਦਈਏ ਕਿ ਪੰਜਾਬ ਦੇ ਨਵੇਂ ਮੰਤਰੀ ਅੱਜ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਅੱਜ ਐਤਵਾਰ ਸ਼ਾਮ 4.30 ਵਜੇ ਚੰਡੀਗੜ੍ਹ ਵਿੱਚ ਰੱਖਿਆ ਗਿਆ ਹੈ। ਭਾਵੇਂ, ਇਸ ਤੋਂ ਪਹਿਲਾਂ ਵੀ ਇੱਕ ਨਵਾਂ ਪੇਚ ਫਸਿਆ ਹੋਇਆ ਹੈ। ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ ਰਾਣਾ ਗੁਰਜੀਤ ਸਿੰਘ ਦੇ ਨਾਂ ਦਾ ਵਿਰੋਧ ਹੋਇਆ ਹੈ।
ਪੰਜਾਬ ਦੇ ਦੁਆਬਾ ਖੇਤਰ ਦੇ ਵਿਧਾਇਕਾਂ ਨੇ ਇਸ ਦਾ ਵਿਰੋਧ ਕੀਤਾ ਹੈ। ਰਾਣਾ ਗੁਰਜੀਤ ਕੈਪਟਨ ਸਰਕਾਰ ਦੇ ਮੰਤਰੀ ਮੰਡਲ ਵਿੱਚ ਸਨ। ਫਿਰ ਰੇਤ ਦੀ ਪੁਟਾਈ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਬਾਰੇ ਸੁਆਲ ਖੜ੍ਹੇ ਹੋ ਗਏ ਸਨ। ਫਿਰ ਰਾਹੁਲ ਗਾਂਧੀ ਦੀ ਮਨਜ਼ੂਰੀ ਤੋਂ ਬਾਅਦ ਕੈਪਟਨ ਨੇ ਰਾਣਾ ਦਾ ਅਸਤੀਫਾ ਲੈ ਲਿਆ।
ਮੁੱਖ ਮੰਤਰੀ ਚਰਨਜੀਤ ਚੰਨੀ ਨਵੀਂ ਸਥਿਤੀ ਬਾਰੇ ਸ਼ਨੀਵਾਰ ਦੇਰ ਰਾਤ ਤੱਕ ਕਾਂਗਰਸ ਹਾਈ ਕਮਾਂਡ ਨਾਲ ਗੱਲ ਕਰਦੇ ਰਹੇ। ਚੰਨੀ ਮੰਤਰੀ ਮੰਡਲ ਦੇ ਨਵੇਂ ਚਿਹਰਿਆਂ ਦਾ ਹਾਲੇ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਫਿਰ ਵੀ, ਜਿਹੜੀ ਸੂਚੀ ਸਾਹਮਣੇ ਆਈ ਹੈ, ਉਸ ਤੋਂ ਬਾਅਦ ਕਾਂਗਰਸ ਦੇ ਅੰਦਰ ਹੀ ਹਲਚਲ ਸ਼ੁਰੂ ਹੋ ਗਈ ਹੈ। ਰਾਣਾ ਦੀ ਥਾਂ 'ਤੇ ਹੁਣ ਕਾਕਾ ਰਣਦੀਪ ਸਿੰਘ ਨਾਭਾ ਦਾ ਨਾਂ ਆ ਰਿਹਾ ਹੈ।