ਮੁੜ ਭਖਿਆ ਬਹਿਬਲ ਕਲਾਂ ਗੋਲੀਕਾਂਡ ਦਾ ਮਸਲਾ: ਪੀੜਤਾਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ, ਨਵਜੋਤ ਸਿੱਧੂ ਵੀ ਪਹੁੰਚੇ
ਬਹਿਬਲ ਕਲਾਂ ਗੋਲੀਕਾਂਡ ਨੇ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'AAP' ਸਰਕਾਰ ਲਈ ਮੁਸੀਬਤ ਵਧਾ ਦਿੱਤੀ ਹੈ। ਇਨਸਾਫ਼ ਦੀ ਮੰਗ ਨੂੰ ਲੈ ਕੇ ਪੀੜਤਾਂ ਨੇ ਅੱਜ ਬਠਿੰਡਾ-ਕੋਟਕਪੂਰਾ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਹੈ।
Behbal Kalan firing case : ਬਹਿਬਲ ਕਲਾਂ ਗੋਲੀਕਾਂਡ ਨੇ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'AAP' ਸਰਕਾਰ ਲਈ ਮੁਸੀਬਤ ਵਧਾ ਦਿੱਤੀ ਹੈ। ਇਨਸਾਫ਼ ਦੀ ਮੰਗ ਨੂੰ ਲੈ ਕੇ ਪੀੜਤਾਂ ਨੇ ਅੱਜ ਬਠਿੰਡਾ-ਕੋਟਕਪੂਰਾ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਹੈ। ਪੀੜਤਾਂ ਨੇ ਅਣਮਿੱਥੇ ਸਮੇਂ ਲਈ ਜਾਮ ਦਾ ਐਲਾਨ ਕੀਤਾ ਹੈ।
ਪੀੜਤਾਂ ਦਾ ਇਲਜ਼ਾਮ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਗੋਲੀ ਕਾਂਡ ਦੇ ਸਾਜ਼ਿਸ਼ਕਰਤਾ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਮੰਗ ਹੈ ਕਿ ਬੇਅਦਬੀ ਦੇ ਦੋਸ਼ੀਆਂ ਦੀ ਸੁਰੱਖਿਆ ਵੀ ਵਾਪਸ ਲਈ ਜਾਵੇ। ਇਸ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੀ ਧਰਨੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਗਏ। ਨਵਜੋਤ ਸਿੱਧੂ ਇਸ ਮਾਮਲੇ ਉੱਪਰ ਪੰਜਾਬ ਸਰਕਾਰ ਨੂੰ ਲਗਾਤਾਰ ਘੇਰ ਰਹੇ ਹਨ।
ਦੱਸ ਦਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਖਿਲਾਫ ਫਰੀਦਕੋਟ ਇਲਾਕੇ 'ਚ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਪੀੜਤਾਂ ਦਾ ਇਲਜ਼ਾਮ ਹੈ ਕਿ ਉੱਥੇ ਸਿੱਖ ਸੰਗਤ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੀ ਸੀ, ਜਿਸ ’ਤੇ ਪੁਲਿਸ ਨੇ ਸਰਕਾਰ ਦੇ ਇਸ਼ਾਰੇ ’ਤੇ ਗੋਲੀਆਂ ਚਲਾ ਦਿੱਤੀਆਂ। ਰੋਸ ਪ੍ਰਦਰਸ਼ਨ ਕਰ ਰਹੇ ਸੁਖਰਾਜ ਸਿੰਘ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਵਾਲਿਆਂ ’ਤੇ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇੱਕ ਗੋਲੀ ਮੇਰੇ ਪਿਤਾ ਨੂੰ ਲੱਗੀ ਸੀ, ਜਿਨ੍ਹਾਂ ਦੀ ਮੌਤ ਹੋ ਗਈ ਸੀ। ਇਸ ਦੇ ਬਾਵਜੂਦ ਅੱਜ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆ।
ਉਧਰ, ਨਵਜੋਤ ਸਿੱਧੂ ਆਪਣੀ ਹੀ ਕਾਂਗਰਸ ਸਰਕਾਰ ਵੇਲੇ ਇਹ ਮੁੱਦਾ ਉਠਾਉਂਦੇ ਰਹੇ। ਉਨ੍ਹਾਂ ਨੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਨਿਯੁਕਤ ਕੀਤੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੂੰ ਵੀ ਹਟਾ ਦਿੱਤਾ ਸੀ। ਸਿੱਧੂ ਨੇ ਕਿਹਾ ਕਿ ਐਡਵੋਕੇਟ ਦਿਓਲ ਨੇ ਹੀ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਗੋਲੀ ਕਾਂਡ ਦੇ ਹੋਰ ਮੁਲਜ਼ਮਾਂ ਨੂੰ ਜ਼ਮਾਨਤ ਦਿਵਾਈ ਸੀ। ਸਿੱਧੂ ਕਈ ਵਾਰ ਇੱਥੇ ਆ ਕੇ ਇਨਸਾਫ਼ ਦਾ ਭਰੋਸਾ ਦੇ ਚੁੱਕੇ ਹਨ ਪਰ ਅੱਜ ਤੱਕ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਸਜ਼ਾ ਨਹੀਂ ਮਿਲੀ।