ਬਾਦਲ ਮਗਰੋਂ ਪੰਜਾਬ ਦੇ ਦੂਜੇ ਸਭ ਤੋਂ ਨੌਜਵਾਨ CM ਬਣੇ ਭਗਵੰਤ ਮਾਨ, ਅਕਾਲੀ-ਕਾਂਗਰਸ ਮਗਰੋਂ ਪਹਿਲੀ ਵਾਰ 'AAP' ਸਰਕਾਰ
ਪੰਜਾਬ 'ਚ 92 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਸਰਕਾਰ ਬਣਾ ਲਈ ਹੈ। ਭਗਵੰਤ ਮਾਨ ਨੇ ਅੱਜ ਮੁੱਖ ਮੰਤਰੀ ਅਹੁਦੇ ਲਈ ਸਹੁੰ ਵੀ ਚੁੱਕ ਲਈ ਹੈ। ਭਗਵੰਤ ਮਾਨ ਪੰਜਾਬ ਦੇ ਦੂਜੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਹੋਣਗੇ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ 92 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਸਰਕਾਰ ਬਣਾ ਲਈ ਹੈ। ਭਗਵੰਤ ਮਾਨ ਨੇ ਅੱਜ ਮੁੱਖ ਮੰਤਰੀ ਅਹੁਦੇ ਲਈ ਸਹੁੰ ਵੀ ਚੁੱਕ ਲਈ ਹੈ। ਭਗਵੰਤ ਮਾਨ ਪੰਜਾਬ ਦੇ ਦੂਜੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਹੋਣਗੇ। ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣਨ ਦਾ ਮਾਣ ਪ੍ਰਕਾਸ਼ ਸਿੰਘ ਬਾਦਲ ਹਨ ਕੋਲ ਹੈ ਜੋ 1970 ਵਿੱਚ 43 ਸਾਲ ਦੀ ਉਮਰ ਵਿੱਚ ਮੁੱਖ ਮੰਤਰੀ ਬਣੇ ਸਨ।
ਇਸ ਤੋਂ ਬਾਅਦ ਖਟਕੜ ਕਲਾਂ 'ਚ ਸਹੁੰ ਚੁੱਕਦੇ ਹੀ ਭਗਵੰਤ ਮਾਨ 49 ਸਾਲ ਦੀ ਉਮਰ 'ਚ ਸੀਐਮ ਬਣੇ ਹਨ। ਹਾਲ ਹੀ ਵਿੱਚ ਮੁੱਖ ਮੰਤਰੀ ਵਜੋਂ ਦੋ ਸੀਟਾਂ ਤੋਂ ਚੋਣ ਹਾਰਨ ਵਾਲੇ ਚਰਨਜੀਤ ਚੰਨੀ 58 ਸਾਲ ਦੀ ਉਮਰ ਵਿੱਚ ਮੁੱਖ ਮੰਤਰੀ ਬਣੇ ਸੀ। ਇਸ ਦੇ ਨਾਲ ਹੀ 2002 'ਚ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਦੀ ਉਮਰ 60 ਸਾਲ ਸੀ।
ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਲੰਬਾ ਸਮਾਂ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਬਾਦਲ 18 ਸਾਲ ਮੁੱਖ ਮੰਤਰੀ ਰਹੇ। ਬਾਦਲ 5 ਵਾਰ ਮੁੱਖ ਮੰਤਰੀ ਬਣੇ। ਕੈਪਟਨ ਅਮਰਿੰਦਰ ਸਿੰਘ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਵਾਲੇ ਦੂਜੇ ਨੰਬਰ 'ਤੇ ਹਨ। ਉਹ ਕੁੱਲ 9 ਸਾਲ 200 ਦਿਨ ਮੁੱਖ ਮੰਤਰੀ ਦੇ ਅਹੁਦੇ 'ਤੇ ਰਹੇ। 2002 ਤੋਂ 2005 ਤੱਕ ਉਹ 5 ਸਾਲ 14 ਦਿਨ ਤੇ ਦੂਜੀ ਵਾਰ 2017 ਵਿੱਚ 4 ਸਾਲ 186 ਮੁੱਖ ਮੰਤਰੀ ਦੀ ਕੁਰਸੀ 'ਤੇ ਰਹੇ।
ਕਾਂਗਰਸ ਦੀ ਰਜਿੰਦਰ ਕੌਰ ਭੱਠਲ ਸਭ ਤੋਂ ਘੱਟ ਸਮੇਂ ਲਈ ਮੁੱਖ ਮੰਤਰੀ ਬਣਨ ਵਿੱਚ ਸਭ ਤੋਂ ਪਹਿਲਾ ਨਾਮ ਹੈ। ਉਹ ਪੰਜਾਬ ਦੀ ਇਕਲੌਤੀ ਮਹਿਲਾ ਮੁੱਖ ਮੰਤਰੀ ਰਹੇ ਤੇ 21 ਨਵੰਬਰ 1996 ਤੋਂ 11 ਫਰਵਰੀ 1997 ਤੱਕ ਸਿਰਫ਼ 82 ਦਿਨ ਮੁੱਖ ਮੰਤਰੀ ਰਹੇ। ਦੂਜੇ ਨੰਬਰ 'ਤੇ ਕਾਂਗਰਸ ਦੇ ਚਰਨਜੀਤ ਚੰਨੀ ਹਨ। ਜੋ ਚੋਣਾਂ ਦੇ ਐਲਾਨ ਤੱਕ ਸਿਰਫ਼ 111 ਦਿਨ ਮੁੱਖ ਮੰਤਰੀ ਰਹੇ। ਉਨ੍ਹਾਂ ਨੇ 20 ਸਤੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਹਾਲਾਂਕਿ, ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਕਾਰਜਕਾਲ 177 ਦਿਨ ਚੱਲਿਆ।
ਪੰਜਾਬ ਵਿੱਚ ਸਭ ਤੋਂ ਵੱਧ ਸਮਾਂ ਕਾਂਗਰਸ ਤੇ ਅਕਾਲੀ ਦਲ ਦਾ ਹੀ ਰਿਹਾ ਹੈ। ਕਾਂਗਰਸ ਨੇ 15,278 ਦਿਨ ਰਾਜ ਕੀਤਾ। ਇਸ ਦੇ ਨਾਲ ਹੀ ਅਕਾਲੀ ਦਲ ਨੇ 7977 ਦਿਨ ਰਾਜ ਕੀਤਾ। ਪੰਜਾਬ ਵਿੱਚ ਜਨਤਾ ਪਾਰਟੀ ਨੇ 272 ਦਿਨ ਅਤੇ ਅਕਾਲੀ ਦਲ ਸੰਤ ਨੇ 262 ਦਿਨ ਰਾਜ ਕੀਤਾ। ਆਮ ਆਦਮੀ ਪਾਰਟੀ ਪੰਜਾਬ ਵਿੱਚ ਪਹਿਲੀ ਵਾਰ ਸੱਤਾ ਵਿੱਚ ਪਹੁੰਚੀ ਹੈ।
ਕਾਂਗਰਸ ਨੇ ਪੰਜਾਬ ਨੂੰ ਸਭ ਤੋਂ ਵੱਧ ਮੁੱਖ ਮੰਤਰੀ ਦਿੱਤੇ ਹਨ। ਪੰਜਾਬ ਵਿੱਚ ਕਾਂਗਰਸ ਦੇ 12 ਮੁੱਖ ਮੰਤਰੀ ਹਨ। ਦੂਜੇ ਨੰਬਰ 'ਤੇ ਅਕਾਲੀ ਦਲ ਹੈ, ਜਿਸ ਦੇ 3 ਚਿਹਰੇ ਮੁੱਖ ਮੰਤਰੀ ਬਣੇ ਹਨ। ਦੂਜੇ ਪਾਸੇ ਪੰਜਾਬ ਜਨਤਾ ਪਾਰਟੀ ਤੇ ਅਕਾਲੀ ਦਲ ਸੰਤ ਨੇ ਇੱਕ-ਇੱਕ CM ਦਿੱਤਾ। ਹੁਣ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਬਣੇ ਹਨ।