Punjab News: 40 ਕਰੋੜ ਦਾ ਕੀ ਹੈ ਕੇਸ ਜਿਸ 'ਚ ਈਡੀ ਨੇ ਚੱਕਿਆ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ?
ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਈਡੀ ਨੇ ਹਿਰਾਸਤ ਵਿੱਚ ਲਿਆ ਹੈ। ਜਸਵੰਤ ਸਿੰਘ ਅਮਰਗੜ੍ਹ ਤੋਂ ਵਿਧਾਇਕ ਹਨ।
Punjab News: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਈਡੀ ਨੇ 'ਆਪ' ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਹਿਰਾਸਤ 'ਚ ਲੈ ਲਿਆ ਹੈ। ਜਸਵੰਤ ਸਿੰਘ ਗੱਜਣ ਮਾਜਰਾ ਅਮਰਗੜ੍ਹ ਤੋਂ ਵਿਧਾਇਕ ਹਨ। ਗੱਜਣ ਮਾਜਰਾ ਨੂੰ ਈਡੀ ਨੇ ਉਸ ਸਮੇਂ ਹਿਰਾਸਤ ਵਿੱਚ ਲਿਆ ਜਦੋਂ ਉਹ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ। ਹੁਣ ਈਡੀ ਦੀ ਟੀਮ ਉਸ ਨੂੰ ਜਲੰਧਰ ਲੈ ਕੇ ਜਾ ਰਹੀ ਹੈ। ਵਿਧਾਇਕ 'ਤੇ 40 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਦੋਸ਼ ਹੈ। ਏਜੰਸੀ ਪਹਿਲਾਂ ਵੀ ਕਈ ਵਾਰ ਜਾਂਚ ਕਰ ਚੁੱਕੀ ਹੈ।
ਇਸ ਤੋਂ ਪਹਿਲਾਂ ਈਡੀ ਨੇ ਸਤੰਬਰ ਮਹੀਨੇ ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰ ਛਾਪਾ ਮਾਰਿਆ ਸੀ। ਈਡੀ ਦੇ ਅਧਿਕਾਰੀਆਂ ਨੇ ਕਰੀਬ 14 ਘੰਟੇ ਤੱਕ ਘਰ ਵਿੱਚ ਛਾਣਬੀਣ ਕੀਤੀ। ਮਾਜਰਾ ਨੇ ਦੱਸਿਆ ਸੀ ਕਿ ਈਡੀ ਦੀ ਟੀਮ ਨੇ ਉਸ ਦੇ ਘਰੋਂ 32 ਲੱਖ ਰੁਪਏ ਦੀ ਨਕਦੀ ਅਤੇ ਤਿੰਨ ਮੋਬਾਈਲ ਫੋਨ ਲੈ ਲਏ ਸਨ।
ਸੀਬੀਆਈ ਨੇ ਵੀ ਮਾਰਿਆ ਸੀ ਛਾਪਾ
ਇਸ ਤੋਂ ਪਹਿਲਾਂ ਵੀ ਮਈ 2022 ਵਿੱਚ ਸੀਬੀਆਈ ਨੇ 40 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਫਰਾਡ ਮਾਮਲੇ ਵਿੱਚ ਮਲੇਰਕੋਟਲਾ ਵਿੱਚ ਜਸਵੰਤ ਸਿੰਘ ਗੱਜਣ ਮਾਜਰਾ ਦੇ ਜੱਦੀ ਘਰ ਸਮੇਤ ਤਿੰਨ ਥਾਵਾਂ ’ਤੇ ਛਾਪੇ ਮਾਰੇ ਸਨ। ਇਹ ਕਾਰਵਾਈ ਬੈਂਕ ਆਫ ਬੜੌਦਾ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ।
ਗੱਜਣ ਮਾਜਰਾ 'ਤੇ ਕੀ ਹੈ ਇਲਜ਼ਾਮ?
ਸੀਬੀਆਈ ਮੁਤਾਬਕ ਅਮਰਗੜ੍ਹ ਤੋਂ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਇਸ ਕੰਪਨੀ ਦੇ ਡਾਇਰੈਕਟਰ ਅਤੇ ਗਾਰੰਟਰ ਸਨ। ਉਸਦੇ ਭਰਾ ਬਲਵੰਤ ਸਿੰਘ ਅਤੇ ਕੁਲਵੰਤ ਅਤੇ ਭਤੀਜਾ ਤੇਜਿੰਦਰ ਸਾਰੇ ਕੰਪਨੀ ਦੇ ਡਾਇਰੈਕਟਰ ਅਤੇ ਗਾਰੰਟਰ ਹਨ। ਸਾਰਿਆਂ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਤਾਰਾ ਹੈਲਥ ਫੂਡਜ਼ ਲਿਮਟਿਡ ਨਾਂ ਦੀ ਇੱਕ ਹੋਰ ਕੰਪਨੀ ਦਾ ਨਾਂ ਵੀ ਸ਼ਾਮਲ ਹੈ। ਦੋਸ਼ ਹੈ ਕਿ ਕੰਪਨੀ ਦੇ ਡਾਇਰੈਕਟਰਾਂ ਨੇ ਜਾਅਲੀ ਸਟਾਕ ਬਣਾ ਕੇ ਅਤੇ ਖਾਤਿਆਂ ਵਿੱਚ ਹੇਰਾਫੇਰੀ ਕਰਕੇ ਬੈਂਕ ਨਾਲ 40.92 ਕਰੋੜ ਰੁਪਏ ਦੀ ਧੋਖਾਧੜੀ ਕੀਤੀ।
ਦੱਸ ਦੇਈਏ ਕਿ 'ਆਪ' ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਉਸ ਸਮੇਂ ਸੁਰਖੀਆਂ 'ਚ ਆ ਗਏ ਸਨ, ਜਦੋਂ ਉਨ੍ਹਾਂ ਕਿਹਾ ਸੀ ਕਿ ਉਹ ਵਿਧਾਇਕ ਦੇ ਤੌਰ 'ਤੇ ਮਿਲਣ ਵਾਲੀ ਤਨਖ਼ਾਹ ਦਾ ਸਿਰਫ਼ ਇੱਕ ਰੁਪਿਆ ਲੈਣਗੇ। ਉਨ੍ਹਾਂ ਇਸ ਸਬੰਧੀ ਹਲਫ਼ਨਾਮਾ ਵੀ ਦਿੱਤਾ ਸੀ। ਇਸ ਨੂੰ ਲੈ ਕੇ ਕਾਫੀ ਚਰਚਾ ਹੋਈ।