ਕੈਪਟਨ ਸਰਕਾਰ 'ਚ ਵੱਡੇ ਘੁਟਾਲੇ ਦਾ ਪਰਦਾਫਾਸ਼, 20 ਕਰੋੜ ਦੇ ਘਪਲੇ ਮਗਰੋਂ ਮੁੜ ਗਰਮਾਈ ਸਿਆਸਤ
ਪੰਜਾਬ ਦੇ ਫੂਡ ਐਂਡ ਸਪਲਾਈ ਵਿਭਾਗ 'ਚ ਹੋਏ ਇੱਕ ਵੱਡੇ ਅਨਾਜ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ।ਇਸ ਘੁਟਾਲੇ ਦਾ ਇਲਜ਼ਾਮ ਕਿਸੇ ਹੋਰ ਤੇ ਨਹੀਂ ਕੈਪਟਨ ਸਰਕਾਰ ਵਿੱਚ ਹਿੱਸੇਦਾਰ ਵਿਧਾਇਕ ਦੇ ਇੰਸਪੈਕਟਰ ਭਾਣਜੇ ਤੇ ਲੱਗੇ ਹਨ।

ਚੰਡੀਗੜ੍ਹ: ਪੰਜਾਬ ਦੇ ਫੂਡ ਐਂਡ ਸਪਲਾਈ ਵਿਭਾਗ 'ਚ ਹੋਏ ਇੱਕ ਵੱਡੇ ਅਨਾਜ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ।ਇਸ ਘੁਟਾਲੇ ਦਾ ਇਲਜ਼ਾਮ ਕਿਸੇ ਹੋਰ ਤੇ ਨਹੀਂ ਕੈਪਟਨ ਸਰਕਾਰ ਵਿੱਚ ਹਿੱਸੇਦਾਰ ਵਿਧਾਇਕ ਦੇ ਇੰਸਪੈਕਟਰ ਭਾਣਜੇ ਤੇ ਲੱਗੇ ਹਨ। 20 ਕਰੋੜ ਦੀ ਕਣਕ ਗਾਇਬ ਕਰਕੇ ਵਿਧਾਇਕ ਦਾ ਭਾਣਜਾ ਫਰਾਰ ਹੋ ਗਿਆ ਅਤੇ ਪੰਜਾਬ ਸਰਕਾਰ ਸੁੱਤੀ ਰਹਿ ਗਈ।ਇੰਨੇ ਵੱਡੇ ਅਨਾਜ ਘੁਟਾਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਕਣਕ ਦੀ ਸਪਲਾਈ ਭੇਜਣ ਦੇ ਲਈ ਟ੍ਰੇਨ ਅਨਾਜ ਦਰਵਾਜੇ ਤੇ ਪਹੁੰਚ ਗਈ।
ਇੰਝ ਹੋਇਆ ਘੁਟਾਲੇ ਦਾ ਪਰਦਾਫਾਸ਼
ਅਨਾਜ ਦੀ ਲੱਦਾਈ ਹੋਣ ਤੋਂ ਦੋ ਦਿਨ ਪਹਿਲਾਂ ਫੂਡ ਐਂਡ ਸਪਲਾਈ ਵਿਭਾਗ ਨੂੰ ਪਤਾ ਲਗਾ ਕਿ ਇੰਸਪੈਕਟਰ ਜਸਦੇਵ ਸਿੰਘ 31 ਜੁਲਾਈ ਤੋਂ ਗਾਇਬ ਹੈ। ਨਾ ਜਸਦੇਵ ਦਾ ਟੈਲੀਫੋਨ ਔਨ ਸੀ ਨਾ ਹੀ ਜਸਦੇਵ ਦਾ ਕੋਈ ਪਰਿਵਾਰਕ ਮੈਂਬਰ ਘਰ ਸੀ। ਵਿਭਾਗ ਨੂੰ ਸ਼ੱਕ ਹੋਇਆ ਕਿ ਕਿਤੇ ਕੋਈ ਗੜਬੜ ਹੈ। ਅੱਠ ਅਨਾਜ ਗੋਦਾਮਾਂ ਦਾ ਇੰਚਾਰਜ ਇੰਸਪੈਕਟਰ ਲਾਪਤਾ ਕਿਉਂ ਹੋ ਗਿਆ। ਫੂਡ ਐਂਡ ਸਪਲਾਈ ਵਿਭਾਗ ਨੇ 8 ਟੀਮਾਂ ਗਠਨ ਕਰਕੇ ਗੋਦਾਮਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਨਾ ਸਟੌਕ ਰਜਿਸਟਰ ਮਿਲੇ ਅਤੇ ਨਹੀਂ ਗੋਦਾਮਾਂ ਦੀਆਂ ਚਾਬੀਆਂ।
5 ਅਗਸਤ 2021 ਨੂੰ ਮੈਜਿਸਟ੍ਰੇਟ ਦੇ ਸਾਹਮਣੇ ਗੋਦਾਮਾਂ ਦੇ ਜਿੰਦੇ ਤੋੜੇ ਗਏ।ਵੀਡੀਓ ਕੈਮਰੇ ਦੀ ਨਿਗਰਾਨੀ ਵਿੱਚ ਜਾਂਚ ਪੜਤਾਲ ਕੀਤੀ ਗਈ।ਜੰਡਿਆਲਾ ਦੇ ਉਹ ਅੱਠ ਗੋਦਾਮ ਜਿੱਥੋਂ ਕਣਕ ਦਾ ਸਟੌਕ ਗਾਇਬ ਮਿਲਿਆ ਸੀ ਇਸ ਪ੍ਰਕਾਰ ਹਨ :-
ਮੈਸਰਜ ਸੰਜੇ ਗੋਦਾਮ
ਰਾਜਪਾਲ ਗੋਦਾਮ
ਜੇ ਐੱਸ ਕੋਚਰ ਗੋਦਾਮ
ਅਜੇ ਪਾਲ ਗੋਦਾਮ
ਕ੍ਰਿਸ਼ਣ ਗੋਦਾਮ
ਇੰਡੋ ਜਰਮਨ ਗੋਦਾਮ
ਧਨੀ ਗੋਦਾਮ
ਪੇਪਰ ਮਿੱਲ ਗੋਦਾਮ
ਪਨਗ੍ਰੇਨ ਦੇ ਅੱਠ ਗੋਦਾਮਾਂ ਤੋਂ ਕਣਕ ਦੀ ਇੱਕ ਲੱਖ 93 ਹਜ਼ਾਰ 343 ਬੈਗ ਘੱਟ ਪਾਏ ਗਏ। ਇਨ੍ਹਾਂ ਦਾ ਵਜ਼ਨ 87 ਹਜ਼ਾਰ 160 ਕੁਇੰਟਲ ਸੀ।ਕਣਕ ਦੀ ਕੀਮਤ ਕਰੀਬ 20 ਕਰੋੜ ਦੱਸੀ ਜਾ ਰਹੀ ਹੈ। ਜਸਦੇਵ ਸਾਰੇ ਅੱਠ ਗੋਦਾਮਾਂ ਦਾ ਇੰਚਾਰਜ ਸੀ।3 ਸਾਲ ਪਹਿਲਾਂ 2018 ਵਿੱਚ ਜਸਦੇਵ ਦੀ ਤੈਨਾਤੀ ਇਥੇ ਹੋਈ ਸੀ। ਪਿਛਲੇ ਸਾਲ ਫਸਲ ਦੀ ਸਾਰੀ ਖਰੀਦ ਅਤੇ ਰੱਖ-ਰਖਾਵ ਜਸਦੇਵ ਦੀ ਨਿਗਰਾਨੀ ਵਿੱਚ ਹੋਇਆ ਸੀ। ਵਿਭਾਗ ਨੂੰ ਹੁਣ ਜਾਂਚ ਵਿੱਚ ਪਤਾ ਲੱਗਾ ਹੈ ਕਿ ਜਸਦੇਵ ਚੋਰੀ-ਚੋਰੀ ਸਰਕਾਰੀ ਕਣਕ ਖੁੱਲ੍ਹੇ ਬਾਜ਼ਾਰ ਵਿੱਚ ਵੇਚਦਾ ਸੀ।ਪਰ ਜਸਦੇਵ ਦੇ ਮਾਮਾ ਦੱਸੇ ਜਾ ਰਹੇ ਵਿਧਾਇਕ ਮਦਨ ਲਾਲ ਜਲਾਲਪੁਰ ਮੁਤਾਬਕ ਉਨ੍ਹਾਂ ਦਾ ਜਸਦੇਵ ਨਾਲ ਕੋਈ ਸਬੰਧ ਹੀ ਨਹੀਂ ਹੈ। ਜਲਾਲਪੁਰ ਦਾ ਕਹਿਣਾ ਹੈ ਕਿ ਮੇਰਾ ਭਾਣਜਾ ਜਸਦੀਪ ਸਿੰਘ ਹੈ ਜੋ ਮਾਰਕਿਟ ਕਮੇਟੀ 'ਚ ਕੰਮ ਕਰਦਾ ਹੈ।ਉਸਦਾ ਜਸਦੇਵ ਨਾਲ ਕੋਈ ਲੈਣ ਦੇਣ ਨਹੀਂ ਅਤੇ ਨਾ ਹੀ ਉਹ ਉਸਨੂੰ ਜਾਣਦਾ ਹੈ।
ਕੋਰੋੜਾਂ ਦੇ ਘਪਲੇ ਵਾਲੇ ਇਲਜ਼ਾਮ ਗੰਭੀਰ ਨੇ, ਸ਼੍ਰੋਮਣੀ ਅਕਾਲੀ ਦਲ ਇਸ ਮਸਲੇ ਦੀ ਨਿਰਪੱਖ ਜਾਂਚ ਚਾਹੁੰਦਾ ਹੈ।ਜਦੋਂ ਹੁਣ ਇਸ ਮਸਲੇ 'ਚ ਵਿਧਾਇਕ ਦੇ ਰਿਸ਼ਤੇਦਾਰ ਦਾ ਨਾਮ ਸਾਹਮਣੇ ਆਇਆ ਤਾਂ ਸਿਆਸਤ ਗਰਮਾ ਗਈ ਹੈ।






















