ਬਿਕਰਮ ਮਜੀਠੀਆ ਦਾ ਦੋ ਭਰਾਵਾਂ ਨਾਲ ਟਾਕਰਾ, ਲਾਲੀ ਮਜੀਠੀਆ ਤੇ ਜੱਗਾ ਮਜੀਠੀਆ ਮੈਦਾਨ 'ਚ ਨਿੱਤਰੇ
ਵਿਧਾਨ ਸਭਾ ਹਲਕਾ ਮਜੀਠਾ ਦੀ ਚੋਣ ਇਸ ਵਾਰ ਕਾਫੀ ਦਿਲਚਸਪ ਰਹੇਗੀ। ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਮਜੀਠੀਆ ਦਾ ਟਾਕਰਾ ਦੋ ਭਰਾਵਾਂ ਨਾਲ ਹੋਏਗਾ।
ਚੰਡੀਗੜ੍ਹ: ਵਿਧਾਨ ਸਭਾ ਹਲਕਾ ਮਜੀਠਾ ਦੀ ਚੋਣ ਇਸ ਵਾਰ ਕਾਫੀ ਦਿਲਚਸਪ ਰਹੇਗੀ। ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਮਜੀਠੀਆ ਦਾ ਟਾਕਰਾ ਦੋ ਭਰਾਵਾਂ ਨਾਲ ਹੋਏਗਾ। ਇਹ ਦੋ ਭਰਾ ਹਨ ਲਾਲੀ ਮਜੀਠੀਆ ਤੇ ਜੱਗਾ ਮਜੀਠੀਆ। ਇੱਕ ਭਰਾ ਆਮ ਆਦਮੀ ਪਾਰਟੀ ਦੀ ਟਿਕਟ ਉੱਪਰ ਚੋਣ ਲੜ ਰਿਹਾ ਹੈ ਤੇ ਦੂਜਾ ਕਾਂਗਰਸ ਦੀ ਟਿਕਟ ਉੱਪਰ ਕਿਸਮਤ ਅਜਮਾ ਰਿਹਾ ਹੈ।
ਦੱਸ ਦਈਏ ਕਿ ਮਜੀਠਾ ਹਲਕੇ ਤੋਂ ਕਾਂਗਰਸ ਪਾਰਟੀ ਨੇ ਜਗਮਿੰਦਰਪਾਲ ਸਿੰਘ ਜੱਗਾ ਮਜੀਠੀਆ ਨੂੰ ਇਸ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ‘ਆਪ’ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਝਾੜੂ ਫੜਨ ਵਾਲੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਲਈ ਇਹ ਚੋਣ ਕਾਫੀ ਚਿਲਚਸਪ ਰਹਿਣ ਵਾਲੀ ਹੈ।
ਯਾਦ ਰਹੇ ਲਾਲੀ ਮਜੀਠੀਆ ਇਸ ਹਲਕੇ ਤੋਂ ਇੱਕ ਵਾਰ ਆਜ਼ਾਦ ਚੋਣ ਲੜੇ, ਜਦ ਕਿ ਦੋ ਵਾਰ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜੇ ਸਨ। ਲਾਲੀ ਮਜੀਠੀਆ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਮਜੀਠੀਆ ਖ਼ਿਲਾਫ਼ ਚੋਣ ਲੜਦੇ ਰਹੇ। ਹੁਣ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ’ਤੇ ਵੀ ਸੁਣਵਾਈ ਨਾ ਹੋਣ ਕਾਰਨ ਕੁਝ ਸਮਾਂ ਪਹਿਲਾਂ ਪਾਰਟੀ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਸਨ।
ਦੂਜੇ ਪਾਸੇ ਕਾਂਗਰਸ ਦੀ ਟਿਕਟ ਲਈ ਉਨ੍ਹਾਂ ਦੇ ਭਰਾ ਜੱਗਾ ਮਜੀਠੀਆ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਵੱਲੋਂ ਜ਼ੋਰ ਲਾਇਆ ਜਾ ਰਿਹਾ ਸੀ ਤੇ ਜੱਗਾ ਮਜੀਠੀਆ ਟਿਕਟ ਲੈਣ ਵਿੱਚ ਕਾਮਯਾਬ ਹੋ ਗਏ। ਹੁਣ ਦੋਵਾਂ ਭਰਾਵਾਂ ਤੇ ਤੀਸਰਾ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਬਿਕਰਮ ਮਜੀਠੀਆ ਵਿਚਕਾਰ ਮੁਕਾਬਲਾ ਹੋਵੇਗਾ।
ਇਸ ਹਲਕੇ ਤੋਂ ਸੰਯੁਕਤ ਸਮਾਜ ਮੋਰਚਾ ਤੇ ਭਾਜਪਾ ਦੇ ਉਮੀਦਵਾਰਾਂ ਦਾ ਐਲਾਨ ਅਜੇ ਬਾਕੀ ਹਨ। ਦੇਖਣ ਵਾਲੀ ਗੱਲ ਇਹ ਹੈ ਕਿ ਕਦੇ ਇਕ-ਦੂਜੇ ਲਈ ਲੋਕਾਂ ਦੀਆਂ ਬਰੂਹਾਂ ’ਤੇ ਜਾ ਕੇ ਵੋਟਾਂ ਮੰਗਣ ਵਾਲੇ ਭਰਾ ਹੁਣ ਕਿਵੇਂ ਇੱਕ-ਦੂਜੇ ਖ਼ਿਲਾਫ਼ ਪ੍ਰਚਾਰ ਕਰਨਗੇ।