Punjab Politics: ਕਾਂਗਰਸ 7 ਆਪ 4 ਤੇ ਭਾਜਪਾ ਨੂੰ ਮਿਲਣਗੀਆਂ 2 ਸੀਟਾਂ, ਅਕਾਲੀ ਦਲ ਦੀ ਹੋਵੇਗੀ ਸ਼ਰਮਨਾਕ ਹਾਰ ? ਸਰਵੇ 'ਚ ਦਾਅਵਾ
ABP Cvoter Punjab Survey: ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਚਲ ਵਧਦੀ ਜਾ ਰਹੀ ਹੈ। ਇਸ ਦੌਰਾਨ ਸੀ ਵੋਟਰ ਦੇ ਫਾਈਨਲ ਓਪੀਨੀਅਨ ਪੋਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
Lok Sabha Election: ਪੰਜਾਬ ਦੀ ਚੋਣਾਂ ਦੇ ਨਤੀਜੇ ਦੇਸ਼ ਦੇ ਬਾਕੀ ਹਿੱਸਿਆਂ ਨਾਲ ਕੁਝ ਵੱਖਰੇ ਹੀ ਹੁੰਦੇ ਹਨ। ਜੇ ਹੋਣ ਵਾਲੀਆਂ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਭਾਜਪਾ ਦੇ ਹੱਥ ਨਿਰਾਸ਼ਾ ਹੀ ਜਾਪਦੀ ਹੈ ਪਰ ਆਮ ਆਦਮੀ ਪਾਰਟੀ ਦੀ ਸਥਿਤੀ ਵੀ ਕੋਈ ਖ਼ਾਸ ਨਹੀਂ ਹੈ। ਇਸ ਵਿੱਚ ਕਾਂਗਰਸ ਬਾਜ਼ੀ ਮਾਰਦੀ ਦਿਖਾਈ ਦੇ ਰਹੀ ਹੈ ਪਰ ਅਕਾਲੀ ਦਲ ਦੀ ਸਥਿਤੀ ਪਹਿਲਾਂ ਨਾਲੋਂ ਵੀ ਮਾੜੀ ਹੋ ਸਕਦੀ ਹੈ।
ਸਰਵੇ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ 'ਚ ਜ਼ਿਆਦਾਤਰ ਸੀਟਾਂ 'ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਜ਼ਬੂਤ ਹਨ। ਏਬੀਪੀ ਨਿਊਜ਼ ਨੇ ਸੀਵੋਟਰ ਦੇ ਸਹਿਯੋਗ ਨਾਲ ਪੰਜਾਬ ਦੀਆਂ ਸੀਟਾਂ 'ਤੇ ਸਰਵੇਖਣ ਕੀਤਾ ਹੈ। ਇਸ ਸਰਵੇਖਣ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਕੇਂਦਰ ਸਰਕਾਰ ਦੇ ਕੰਮਕਾਜ ਤੋਂ ਖੁਸ਼ ਹਨ। ਇਸ ਤੋਂ ਇਲਾਵਾ ਲੋਕ ਕਿਸ ਨੂੰ ਵੋਟ ਪਾਉਣ ਜਾ ਰਹੇ ਹਨ? ਸਰਵੇ ਮੁਤਾਬਕ ਪੰਜਾਬ ਵਿੱਚ ਕਾਂਗਰਸ 13 ਵਿੱਚੋਂ 7 ਸੀਟਾਂ ਜਿੱਤ ਸਕਦੀ ਹੈ। ਜਦੋਂਕਿ ਆਮ ਆਦਮੀ ਪਾਰਟੀ 4 ਸੀਟਾਂ ਜਿੱਤ ਸਕਦੀ ਹੈ। ਇਸ ਦੇ ਨਾਲ ਹੀ ਭਾਜਪਾ ਦੇ ਹੱਥ 2 ਸੀਟਾਂ ਜਾਂਦੀਆ ਦਿਖਾਈ ਦਿੰਦੀਆਂ ਹਨ।
ਇਸ ਸਰਵੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੀ ਸੀਟ ਮਿਲਣ ਦੀ ਉਮੀਦ ਨਹੀਂ ਹੈ। ਵੋਟ ਸ਼ੇਅਰ ਦੀ ਗੱਲ ਕਰੀਏ ਤਾਂ ਇੰਡੀਆ ਗਠਜੋੜ ਨੂੰ 30.4 ਫੀਸਦੀ ਅਤੇ ਐਨਡੀਏ ਨੂੰ 20.6 ਫੀਸਦੀ ਵੋਟਾਂ ਮਿਲ ਸਕਦੀਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ 1 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਅੱਠ ਸੀਟਾਂ ਜਿੱਤੀਆਂ ਸਨ। ਜਦਕਿ ਭਾਜਪਾ ਨੂੰ ਸਿਰਫ਼ ਦੋ ਸੀਟਾਂ ਮਿਲੀਆਂ ਸਨ। ਆਮ ਆਦਮੀ ਪਾਰਟੀ ਨੂੰ ਇੱਕ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਸੀਟਾਂ ਮਿਲੀਆਂ ਹਨ।
ਕਾਂਗਰਸ ਨੇ ਉਮੀਦਵਾਰਾਂ ਦਾ ਕੀਤਾ ਐਲਾਨ
ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂ ਦਾ ਵੀ ਐਲਾਨ ਕੀਤਾ ਗਿਆ ਹੈ। ਚੰਨੀ ਨੂੰ ਜਲੰਧਰ ਸੀਟ ਤੋਂ ਟਿਕਟ ਦਿੱਤੀ ਗਈ ਹੈ। ਚੰਡੀਗੜ੍ਹ ਸੀਟ 'ਤੇ ਇਸ ਵਾਰ ਕਾਂਗਰਸ ਨੇ ਪਵਨ ਬਾਂਸਲ ਦੀ ਬਜਾਏ ਮਨੀਸ਼ ਤਿਵਾੜੀ 'ਤੇ ਭਰੋਸਾ ਜਤਾਇਆ ਹੈ। ਕਾਂਗਰਸ ਨੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਦਿੱਤੀ ਹੈ ਜਦਕਿ ਅਮਰ ਸਿੰਘ ਨੂੰ ਫਤਿਹਗੜ੍ਹ ਸਾਹਿਬ ਰਾਖਵੀਂ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਕਾਂਗਰਸ ਨੇ ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਹੈ। ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ ਜਦੋਂਕਿ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਬਠਿੰਡਾ ਤੋਂ ਉਮੀਦਵਾਰ ਬਣਾਇਆ ਗਿਆ ਹੈ।