ਭਗਵੰਤ ਮਾਨ ਦਾ ਮੁੱਲ ਲਾਉਣ ਦੇ ਦਾਅਵਿਆਂ 'ਤੇ ਬੀਜੇਪੀ ਦਾ ਪਲਟਵਾਰ, ਕੇਜਰੀਵਾਲ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼?
ਭਗਵੰਤ ਮਾਨ ਵੱਲੋਂ ਬੀਜੇਪੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਮਿਲਣ ਦੇ ਦਾਅਵੇ ਮਗਰੋਂ ਬੀਜੇਪੀ ਨੇ ਪਲਟਵਾਰ ਕੀਤਾ ਹੈ। ਪੰਜਾਬ ਬੀਜੇਪੀ ਦੇ ਲੀਡਰ ਅਨਿਲ ਸਰੀਨ ਨੇ ਕਿਹਾ ਹੈ ਕਿ ਭਗਵੰਤ ਮਾਨ ਦਾ ਦਾਅਵਾ ਮਨਘੜਤ ਹੈ।
ਚੰਡੀਗੜ੍ਹ: ਭਗਵੰਤ ਮਾਨ ਵੱਲੋਂ ਬੀਜੇਪੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਮਿਲਣ ਦੇ ਦਾਅਵੇ ਮਗਰੋਂ ਬੀਜੇਪੀ ਨੇ ਪਲਟਵਾਰ ਕੀਤਾ ਹੈ। ਪੰਜਾਬ ਬੀਜੇਪੀ ਦੇ ਲੀਡਰ ਅਨਿਲ ਸਰੀਨ ਨੇ ਕਿਹਾ ਹੈ ਕਿ ਭਗਵੰਤ ਮਾਨ ਦਾ ਦਾਅਵਾ ਮਨਘੜਤ ਹੈ। ਆਮ ਆਦਮੀ ਪਾਰਟੀ ਵਿੱਚ ਭਗਵੰਤ ਮਾਨ ਦਾ ਕੋਈ ਮੁੱਲ ਨਹੀਂ। ਇਸ ਲਈ ਭਗਵੰਤ ਮਾਨ ਅਜਿਹੇ ਬਿਆਨ ਦੇ ਕੇ ਕੇਜਰੀਵਾਲ 'ਤੇ ਦਬਾਅ ਬਣਾ ਰਹੇ ਹਨ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਚਾਹੁੰਦੇ ਹਨ ਕਿ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ। ਇਸ ਲਈ ਦਬਾਅ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਅਜਿਹਾ ਕਦੇ ਨਹੀਂ ਕਰਦੀ। ਅਨਿਲ ਸਰੀਨ ਨੇ ਸਵਾਲ ਕੀਤਾ ਕਿ ਤੁਹਾਡੇ 10 ਵਿਧਾਇਕ ਦੂਜੀਆਂ ਪਾਰਟੀਆਂ ਵਿੱਚ ਚਲੇ ਗਏ, ਤੁਸੀਂ ਉਨ੍ਹਾਂ ਨੂੰ ਸੰਭਾਲ ਕਿਉਂ ਨਹੀਂ ਸਕੇ?
ਦੱਸ ਦਈਏ ਕਿ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਭਗਵੰਤ ਮਾਨ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਬੀਜੇਪੀ 'ਤੇ ਇਲਜ਼ਾਮ ਲਾਏ ਹਨ ਕਿ ਪਾਰਟੀ ਦੇ ਸੀਨੀਅਰ ਲੀਡਰ ਨੇ ਉਨ੍ਹਾਂ ਨੂੰ ਬੀਜੇਪੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਹੈ। ਭਗਵੰਤ ਮਾਨ ਨੇ ਕਿਹਾ," ਮੈਨੂੰ ਚਾਰ ਦਿਨ ਪਹਿਲਾਂ ਫੋਨ ਆਇਆ ਸੀ ਕਿ ਮਾਨ ਸਾਬ ਬੀਜੇਪੀ ਵਿੱਚ ਆਉਣ ਦਾ ਕੀ ਲਾਉਂਗੇ। ਕੋਈ ਰਕਮ ਲਵੋਗੇ? ਜਾਂ ਤੁਹਾਨੂੰ ਕੋਈ ਕੈਬਨਿਟ ਰੈਂਕ ਦੇ ਦਈਏ। ਮੈਂ ਕਿਹਾ ਕਿ ਮੈਂ ਮਿਸ਼ਨ 'ਤੇ ਹਾਂ ਕਮਿਸ਼ਨ 'ਤੇ ਨਹੀਂ। ਮੈਂ ਪੈਸੇ ਕਮਾਉਣ ਵਾਲਾ ਪੇਸ਼ਾ ਛੱਡ ਆਪ ਵਿੱਚ ਆਇਆ ਹਾਂ।"
ਮਾਨ ਨੇ ਕਿਹਾ ਜੋ ਵਿਸ਼ਵਾਸ ਮੈਂ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਬਣਾਇਆ ਹੈ ਬੀਜੇਪੀ ਉਹ ਵਿਸ਼ਵਾਸ ਖਰੀਦਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਇਹ ਗਲ਼ਤਫਹਿਮੀ ਛੱਡ ਦੇਣੀ ਚਾਹੀਦੀ ਹੈ। ਅਸੀਂ ਪੰਜਾਬ ਦਾ ਸਿਰ ਨਹੀਂ ਝੁੱਕਣ ਦੇਵਾਂਗੇ। ਮੈਨੂੰ ਖਰੀਦਣ ਵਾਲੇ ਨੋਟ ਨਹੀਂ ਬਣੇ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਹੋਰਸ ਟ੍ਰੇਡਿੰਗ ਦੀ ਰਾਜਨੀਤੀ ਆਉਂਦੀ ਹੈ। ਆਪ ਦੇ ਬਹੁਤ ਸਾਰੇ ਲੀਡਰਾਂ ਨੂੰ ਫੋਨ ਆ ਰਹੇ ਹਨ ਪਰ ਮੈਨੂੰ ਪੈਸਾ ਜਾਂ ਲਾਲਚ ਦੇ ਕੇ ਖਰੀਦ ਨਹੀਂ ਸਕਦੇ। ਸਹੀ ਸਮੇਂ 'ਤੇ ਉਸ ਲੀਡਰ ਦਾ ਨਾਮ ਵੀ ਦੱਸਾਂਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :