Barnala news: ਬਰਨਾਲਾ 'ਚ ਜੈਜ਼ੀ ਬੀ ਵਿਰੁੱਧ ਕਿਸਾਨ ਯੂਨੀਅਨ ਦਾ ਪ੍ਰਦਰਸ਼ਨ, ਗਾਇਕ ਦੇ ਨਵੇਂ ਗੀਤ 'ਤੇ ਜਤਾਇਆ ਇਤਰਾਜ਼
Barnala news: ਕਿਸਾਨ ਯੂਨੀਅਨ ਨੇ ਦੱਸਿਆ ਕਿ ਗਾਇਕ ਜੈਜ਼ੀ ਬੀ ਦਾ ਗੀਤ 'ਮੜਕ ਸ਼ੌਕੀਨਾਂ ਦੀ ਤੂੰ ਕੀ ਜਾਣਦੀ ਭੇਡ' ਰਿਲੀਜ਼ ਹੋ ਗਿਆ ਹੈ। ਜਿਸ ਵਿੱਚ ਔਰਤਾਂ ਲਈ ਭੇਡ ਸ਼ਬਦ ਵਰਤਿਆ ਗਿਆ ਹੈ, ਜੋ ਕਿ ਬੇਹੱਦ ਮੰਦਭਾਗਾ ਹੈ।
Barnala news: ਬਰਨਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਪੰਜਾਬੀ ਗਾਇਕ ਜੈਜ਼ੀ ਬੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਵਿਸ਼ਵ ਭਰ ਵਿੱਚ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਸੀ।
ਉੱਥੇ ਹੀ 10 ਮਾਰਚ ਨੂੰ ਪੰਜਾਬੀ ਗਾਇਕ ਜੈਜ਼ੀ ਬੀ ਨੇ ਇੱਕ ਗੀਤ ਰਿਲੀਜ਼ ਕੀਤਾ ਸੀ, ਜਿਸ ਵਿੱਚ ਉਸ ਨੇ ਔਰਤਾਂ ਪ੍ਰਤੀ ਬਹੁਤ ਹੀ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਗਾਇਕ ਜੈਜ਼ੀ ਬੀ ਦਾ ਗੀਤ 'ਮੜਕ ਸ਼ੌਕੀਨਾਂ ਦੀ ਤੂੰ ਕੀ ਜਾਣਦੀ ਭੇਡ' ਰਿਲੀਜ਼ ਹੋ ਗਿਆ ਹੈ। ਜਿਸ ਵਿੱਚ ਔਰਤਾਂ ਲਈ ਭੇਡ ਸ਼ਬਦ ਵਰਤਿਆ ਗਿਆ ਹੈ, ਜੋ ਕਿ ਬੇਹੱਦ ਮੰਦਭਾਗਾ ਹੈ।
ਇਹ ਵੀ ਪੜ੍ਹੋ: Sidhu Moosewala Murder Case: ਸਿੱਧੂ ਮੂਸੇਵਾਲਾ ਦੇ ਕਤਲ ਦਾ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ: ਬਲਕੌਰ ਸਿੰਘ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਅਜਿਹੇ 'ਚ ਔਰਤਾਂ ਦਾ ਜਨਤਕ ਤੌਰ 'ਤੇ ਇਸ ਸ਼ਬਦ ਦੀ ਵਰਤੋਂ ਕਰਨਾ ਬੇਹੱਦ ਇਤਰਾਜ਼ਯੋਗ ਹੈ। ਇਸ ਕਾਰਨ ਅੱਜ ਉਨ੍ਹਾਂ ਦੀ ਜਥੇਬੰਦੀ ਵੱਲੋਂ ਗਾਇਕ ਜੈਜ਼ੀ ਬੀ ਦਾ ਪੁਤਲਾ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। ਉਨ੍ਹਾਂ ਪੰਜਾਬੀ ਬੁੱਧੀਜੀਵੀਆਂ ਅਤੇ ਸੱਭਿਆਚਾਰ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਸਬੰਧੀ ਅੱਗੇ ਆਉਣ ਅਤੇ ਇਸ ਗੀਤ ਪ੍ਰਤੀ ਆਪਣਾ ਇਤਰਾਜ਼ ਉਠਾਉਣ।
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਗਾਇਕ ਜੈਜ਼ੀ ਬੀ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜੈਜ਼ੀ ਬੀ ਦੇ ਇਸ ਗੀਤ ਨੂੰ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ। ਇਸ ਸਬੰਧੀ ਰਾਸ਼ਟਰੀ ਅਤੇ ਰਾਜ ਮਹਿਲਾ ਕਮਿਸ਼ਨ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਗੀਤ 'ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਵੀ ਕੀਤੀ।