Mansa News : ਨੇਤਰਹੀਣ ਖਿਡਾਰਨ ਨੇ ਲਖਨਊ 'ਚ ਹੋਈ ਜੂਡੋ ਕਰਾਟੇ ਖੇਡ ਦੀ ਕੌਮੀ ਚੈਂਪੀਅਨਸ਼ਿਪ 'ਚ ਜਿੱਤਿਆ ਸੋਨੇ ਦਾ ਤਮਗ਼ਾ
Mansa News : ਨੇਤਰਹੀਣ ਹੋਣ ਕਾਰਨ ਪੰਜਵੀਂ ਜਮਾਤ ਤੱਕ ਦੀ ਪੜਾਈ ਪਿੰਡ ਦੇ ਸਕੂਲ ਵਿੱਚ ਕਰਕੇ ਪਟਿਆਲਾ ਦੇ Deaf & Dumb ਸਕੂਲ ਵਿੱਚ ਸਿੱਖਿਆ ਹਾਸਲ ਕਰ ਰਹੀ ਮਾਨਸਾ ਦੇ ਪਿੰਡ ਜਟਾਣਾ ਕਲਾਂ ਦੀ
Mansa News : ਨੇਤਰਹੀਣ ਹੋਣ ਕਾਰਨ ਪੰਜਵੀਂ ਜਮਾਤ ਤੱਕ ਦੀ ਪੜਾਈ ਪਿੰਡ ਦੇ ਸਕੂਲ ਵਿੱਚ ਕਰਕੇ ਪਟਿਆਲਾ ਦੇ Deaf & Dumb ਸਕੂਲ ਵਿੱਚ ਸਿੱਖਿਆ ਹਾਸਲ ਕਰ ਰਹੀ ਮਾਨਸਾ ਦੇ ਪਿੰਡ ਜਟਾਣਾ ਕਲਾਂ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਲਖਨਊ ਵਿਖੇ ਹੋਈ ਜੂਡੋ ਕਰਾਟੇ ਖੇਡ ਦੀ ਕੌਮੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਹਾਸਲ ਕੀਤਾ ਹੈ। ਖਿਡਾਰਨ ਵੀਰਪਾਲ ਕੌਰ ਦਾ ਪਿੰਡ ਪਰਤਣ 'ਤੇ ਪਿੰਡ ਵਾਸੀਆਂ ਅਤੇ ਸਕੂਲ ਸਟਾਫ ਨੇ ਨਿੱਘਾ ਸਵਾਗਤ ਕੀਤਾ। ਵੀਰਪਾਲ ਕੌਰ ਨੇ ਕਿਹਾ ਕਿ ਜੇ ਅਸੀਂ ਕਿਸੇ ਅੰਗ ਤੋਂ ਹੀਣ ਹਾਂ ਤਾਂ ਸਾਨੂੰ ਖੁਦ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਅਸੀਂ ਕੁਝ ਵੀ ਕਰ ਸਕਦੇ ਹਾਂ। ਦੱਸ ਦੇਈਏ ਕਿ ਵੀਰਪਾਲ ਕੌਰ ਦਾ ਭਰਾ ਵੀ ਨੇਤਰਹੀਣ ਹੈ।
ਨੇਤਰਹੀਣ ਹੋਣ ਦੇ ਬਾਵਜੂਦ ਜੂਡੋ ਖੇਡ ਵਿੱਚ ਸੋਨ ਤਮਗਾ ਜਿੱਤਣ ਵਾਲੀ ਖਿਡਾਰਨ ਵੀਰਪਾਲ ਕੌਰ ਨੇ ਕਿਹਾ ਕਿ ਮੈਂ ਲਖਨਊ ਵਿੱਚ ਹੋਈਆਂ ਖੇਡਾਂ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਹੈ ਅਤੇ ਮੈਡਲ ਜਿੱਤਣ ਤੋਂ ਬਾਅਦ ਪਿੰਡ ਦੇ ਪੁਰਾਣੇ ਸਕੂਲ ਵਿੱਚ ਆ ਕੇ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਹਿਲਾਂ ਲੱਗਦਾ ਸੀ ਕਿ ਮੈਂ ਨਹੀਂ ਕਰ ਪਾਵਾਂਗੀ ਪਰ ਬਾਅਦ ਵਿੱਚ ਲੱਗਿਆ ਕਿ ਮੈਂ ਇਹ ਕਰਨਾ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਚ ਅਤੇ ਅਧਿਆਪਕਾਂ ਨੇ ਵੀ ਬਹੁਤ ਸਹਿਯੋਗ ਕੀਤਾ ਹੈ।
ਖਿਡਾਰਨ ਵੀਰਪਾਲ ਕੌਰ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਦੋ ਬੱਚੇ ਹਨ ਅਤੇ ਦੋਵੇਂ ਹੀ ਨੇਤਰਹੀਣ ਹਨ। ਉਹਨਾਂ ਦੱਸਿਆ ਕਿ ਪੰਜਵੀਂ ਜਮਾਤ ਤੱਕ ਦੋਵੇਂ ਬੱਚੇ ਪਿੰਡ ਦੇ ਸਕੂਲ ਵਿੱਚ ਹੀ ਪੜੇ ਅਤੇ ਉਸ ਤੋਂ ਬਾਦ ਪੜਾਈ ਲਈ ਪਟਿਆਲਾ ਚਲੇ ਗਏ, ਜਿਥੇ ਅਧਿਆਪਕਾਂ ਨੇ ਇਹਨਾਂ ਨੂੰ ਖੇਡਾਂ ਨਾਲ ਜੋੜ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਵੀਰਪਾਲ ਕੌਰ ਜੂਡੋ ਕਰਾਟੇ ਖੇਡ ਦੀ ਕੌਮੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਜਿੱਤਕੇ ਆਈ ਹੈ।
ਵੀਰਪਾਲ ਕੌਰ ਦੇ ਪੁਰਾਣੇ ਸਕੂਲ ਦੀ ਅਧਿਆਪਿਕਾ ਜਗਪ੍ਰੀਤ ਕੌਰ ਨੇ ਕਿਹਾ ਕਿ ਅੱਜ ਬੜੇ ਭਾਗਾਂ ਵਾਲਾ ਦਿਨ ਹੈ ਕਿ ਪਿੰਡ ਦੀ ਧੀ ਵੀਰਪਾਲ ਕੌਰ ਨੇ ਜੂਡੋ ਕਰਾਟੇ ਵਿੱਚ ਨੈਸ਼ਨਲ ਪੱਧਰ 'ਤੇ ਸੋਨ ਤਮਗਾ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਦੋਵੇਂ ਭੈਣ ਭਰਾ ਨੇਤਰਹੀਣ ਹਨ ਪਰ ਅੱਜ ਵੀਰਪਾਲ ਕੌਰ ਨੇ ਇੱਕ ਅਜਿਹੀ ਪ੍ਰਾਪਤੀ ਕੀਤੀ ਹੈ ਜੋ ਕਿ ਇੱਕ ਸੁਜਾਖਾ ਵੀ ਨਹੀਂ ਕਰ ਸਕਦਾ ਅਤੇ ਉਸਨੇ ਆਪਣੀ ਇਸ ਪ੍ਰਾਪਤੀ ਨਾਲ ਪੂਰੇ ਪਿੰਡ, ਜਿਲੇ ਤੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵੀਰਪਾਲ ਕੌਰ ਦੀ ਇਸ ਪ੍ਰਾਪਤੀ ਤੇ ਸਾਨੂੰ ਅੱਜ ਮਾਣ ਮਹਿਸੂਸ ਹੋ ਰਿਹਾ ਹੈ।