ਮਹਾਰਾਜਾ ਦਲੀਪ ਸਿੰਘ ਬਾਰੇ ਬਾਜਵਾ ਨੇ ਸੰਸਦ ‘ਚ ਚੁੱਕੀ ਵੱਡੀ ਮੰਗ
ਬਾਜਵਾ ਨੇ ਮੰਗ ਕੀਤੀ ਕਿ ਮਹਾਰਾਜੇ ਦੇ ਮ੍ਰਿਤਕ ਸਰੀਰ ਨੂੰ ਕਬਰ ਵਿੱਚੋਂ ਬਾਹਰ ਕੱਢਿਆ ਜਾਵੇ ਤੇ ਅੰਮ੍ਰਿਤਸਰ ਲਿਆਂਦਾ ਜਾਵੇ ਜਿਥੇ ਉਸ ਦਾ ਸਿੱਖ ਪਰੰਪਰਾਵਾਂ ਅਨੁਸਾਰ ਅੰਤਮ ਸੰਸਕਾਰ ਕੀਤਾ ਜਾਣਾ ਚਾਹੀਦੀਾ ਹੈ।
ਚੰਡੀਗੜ੍ਹ: ਕਾਂਗਰਸ ਲੀਡਰ ਪਰਤਾਪ ਸਿੰਘ ਬਾਜਵਾ ਨੇ ਸਿੱਖ ਰਾਜ ਦੇ ਅਖੀਰਲੇ ਸ਼ਾਸਕ ਮਹਾਰਾਜਾ ਦਲੀਪ ਸਿੰਘ ਬਾਰੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਵੱਡੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਨੂੰ ਉਨ੍ਹਾਂ ਦੀ ਕਬਰ ਵਿੱਚੋਂ ਕੱਢ ਕੇ ਭਾਰਤ ਲਿਆਉਣਾ ਚਾਹੀਦਾ ਹੈ। ਰਾਜ ਸਭਾ ਵਿੱਚ ਉਨ੍ਹਾਂ ਜ਼ੀਰੋ ਟਾਈਮ ਵੇਲੇ ਇਹ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇਹ ਮਸਲਾ ਸਾਰੇ ਪੰਜਾਬ ਨਾਲ ਜੁੜਿਆ ਹੋਇਆ ਹੈ ਤੇ “ਇਤਿਹਾਸ ਨੂੰ ਦਰੁਸਤ ਕੀਤਾ ਜਾਣਾ ਚਾਹੀਦਾ ਹੈ।”
ਦਲੀਪ ਸਿੰਘ ਦਾ ਜਨਮ ਸ਼ਕਤੀਸ਼ਾਲੀ ਸ਼ਾਸਕ ਰਣਜੀਤ ਸਿੰਘ ਦੇ ਘਰ 1838 ਵਿੱਚ ਲਾਹੌਰ ਵਿੱਚ ਹੋਇਆ ਸੀ। ਪੰਜ ਸਾਲ ਦੀ ਉਮਰ ਵਿੱਚ ਰਾਜਕੁਮਾਰ ਸਿੱਖ ਰਾਜ ਦੀ ਗੱਦੀ ‘ਤੇ ਬੈਠ ਗਿਆ। ਬਾਜਵਾ ਨੇ ਦੱਸਿਆ ਕਿ 1849 ਵਿਚ ਦੂਸਰੀ ਐਂਗਲੋ-ਸਿੱਖ ਜੰਗ ਤੋਂ ਬਾਅਦ ਪੰਜਾਬ ਬ੍ਰਿਟਿਸ਼ ਭਾਰਤ ਨਾਲ ਜੁੜ ਗਿਆ ਸੀ। ਦਲੀਪ ਸਿੰਘ ਨੂੰ ਗੱਦੀ ਤੋਂ ਹਟਾ ਦਿੱਤਾ ਗਿਆ ਤੇ ਉਸ ਦੀ ਮਾਂ ਮਹਾਰਾਣੀ ਜਿੰਦ ਕੌਰ ਤੋਂ ਵੀ ਵੱਖ ਕਰ ਦਿੱਤਾ ਗਿਆ, ਜਿਸ ਨੂੰ ਕੈਦ ਕਰ ਲਿਆ ਗਿਆ ਸੀ।
ਬਾਜਵਾ ਨੇ ਕਿਹਾ ਕਿ ਦਲੀਪ ਸਿੰਘ ਨੂੰ ਇੰਗਲੈਂਡ ਲਿਜਾਇਆ ਗਿਆ। 16 ਸਾਲ ਦੀ ਉਮਰ ਵਿੱਚ ਉਸ ਦਾ ਧਰਮ ਬਦਲਮ ਕੇ ਉਸ ਨੂੰ ਇਸਾਈ ਧਰਮ ਵਿੱਚ ਬਦਲਿਆ ਗਿਆ ਤੇ ਰਾਣੀ ਵਿਕਟੋਰੀਆ ਦੀ ਸਰਪ੍ਰਸਤੀ ਅਧੀਨ ਇੰਗਲੈਂਡ ਵਿਚ ਹੀ ਰੱਖਿਆ ਗਿਆ। ਆਪਣੀ ਮਾਂ ਤੋਂ 13 ਸਾਲਾਂ ਦੇ ਵਿਛੋੜੇ ਤੋਂ ਬਾਅਦ, ਉਹ ਉਸ ਨਾਲ ਦੁਬਾਰਾ ਮਿਲਿਆ। ਹੁਣ ਇਤਿਹਾਸ ਤੇ ਸਿੱਖ ਪਛਾਣ ਬਾਰੇ ਜਾਣਨ ‘ਤੇ, ਉਸ ਨੇ ਬ੍ਰਿਟਿਸ਼ ਛੱਡ ਕੇ ਮੁੜ ਧਰਮ ਬਦਲਣ ਦਾ ਫ਼ੈਸਲਾ ਕਰ ਲਿਆ।
1886 ਵਿਚ ਦਲੀਪ ਸਿੰਘ ਆਪਣੇ ਪਰਿਵਾਰ ਸਮੇਤ ਭਾਰਤ ਲਈ ਰਵਾਨਾ ਹੋਇਆ, ਪਰ ਵਿਦਰੋਹ ਦੇ ਡਰੋਂ, ਬ੍ਰਿਟਿਸ਼ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਉਸ ਨੂੰ ਨਜ਼ਰਬੰਦ ਕਰ ਦਿੱਤਾ। ਬਾਜਵਾ ਨੇ ਮੰਗ ਕੀਤੀ ਕਿ ਮਹਾਰਾਜੇ ਦੇ ਮ੍ਰਿਤਕ ਸਰੀਰ ਨੂੰ ਕਬਰ ਵਿੱਚੋਂ ਬਾਹਰ ਕੱਢਿਆ ਜਾਵੇ ਤੇ ਅੰਮ੍ਰਿਤਸਰ ਲਿਆਂਦਾ ਜਾਵੇ ਜਿਥੇ ਉਸ ਦਾ ਸਿੱਖ ਪਰੰਪਰਾਵਾਂ ਅਨੁਸਾਰ ਅੰਤਮ ਸੰਸਕਾਰ ਕੀਤਾ ਜਾਣਾ ਚਾਹੀਦੀਾ ਹੈ।