ਪੰਜਾਬ 'ਚ ਮਰੇ ਪਸ਼ੂਆਂ ਦੇ ਨਿਪਟਾਰੇ ਲਈ ਹੱਡਾਰੋੜੀਆਂ 'ਚ ਲੱਗਣਗੀਆਂ ਬਿਜਲਈ ਭੱਠੀਆਂ !
ਸਾਬਕਾ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮਰੇ ਹੋਏ ਪਸ਼ੂਆਂ ਦੇ ਨਿਪਟਾਰੇ ਲਈ ਹੱਡਾਰੋੜੀਆਂ 'ਚ ਬਿਜਲਈ ਭੱਠੀਆਂ ਲਗਾਉਣ ਦੀ ਸਲਾਹ ਦਿੱਤੀ, ਕਿਉਂਕਿ ਹੱਡਾਰੋੜੀ ਦੇ ਕੁੱਤਿਆਂ ਦੇ ਝੁੰਡ 'ਆਦਮਖ਼ੋਰ' ਬਣ ਰਹੇ ਹਨ।
ਚੰਡੀਗੜ੍ਹ: ਪੰਜਾਬ 'ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਨਾਲ ਨਿਪਟਣ ਲਈ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ 'ਚ ਲਗਪਗ ਡੇਢ-ਦਹਾਕੇ ਬਾਅਦ ਸਦਨ 'ਚ ਸੱਤਾਧਾਰੀ ਬੈਂਚਾਂ ਨੇ ਗੰਭੀਰਤਾ ਦਿਖਾਈ। ਸਿਫ਼ਰ ਕਾਲ ਉਪਰੰਤ 'ਆਪ' ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵੱਲੋਂ ਆਵਾਰਾ ਕੁੱਤਿਆਂ ਦੀ ਬੇਹੱਦ ਵਧੀ ਸਮੱਸਿਆ ਬਾਰੇ ਲਿਆਂਦੇ ਧਿਆਨ ਦਿਵਾਊ ਮਤੇ 'ਤੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੀ ਨਹੀਂ ਸਗੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਦੇ ਹੱਲ ਲਈ ਉਚੇਚੇ ਕਦਮ ਚੁੱਕਣ ਦਾ ਭਰੋਸਾ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਨੇ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਗੰਭੀਰ ਸਮੱਸਿਆ ਮੰਨਿਆ ਜਦਕਿ ਮੰਤਰੀ ਬਾਜਵਾ ਨੇ ਇਸ ਲਈ ਕੇਂਦਰ ਸਰਕਾਰ ਨੂੰ ਵੀ ਜ਼ਿੰਮੇਵਾਰ ਦੱਸਿਆ। ਸਾਬਕਾ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮਰੇ ਹੋਏ ਪਸ਼ੂਆਂ ਦੇ ਨਿਪਟਾਰੇ ਲਈ ਹੱਡਾਰੋੜੀਆਂ 'ਚ ਬਿਜਲਈ ਭੱਠੀਆਂ ਲਗਾਉਣ ਦੀ ਸਲਾਹ ਦਿੱਤੀ, ਕਿਉਂਕਿ ਹੱਡਾਰੋੜੀ ਦੇ ਕੁੱਤਿਆਂ ਦੇ ਝੁੰਡ 'ਆਦਮਖ਼ੋਰ' ਬਣ ਰਹੇ ਹਨ।
ਸਰਬਜੀਤ ਕੌਰ ਮਾਣੂੰਕੇ ਨੇ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 2018 'ਚ 1.13 ਲੱਖ ਲੋਕਾਂ ਨੂੰ ਆਵਾਰਾ ਕੁੱਤਿਆਂ ਨੇ ਵੱਢਿਆ ਹੈ, ਜਦਕਿ 2017 'ਚ ਇਹ ਅੰਕੜਾ 1.12 ਲੱਖ ਸੀ, ਇਨ੍ਹਾਂ 'ਚ 50 ਫ਼ੀਸਦੀ ਬੱਚੇ ਸਨ। ਇਹ ਸਿਰਫ਼ ਉਹ ਮਾਮਲੇ ਹਨ, ਜਿਨ੍ਹਾਂ ਬਾਰੇ ਹਸਪਤਾਲਾਂ ਤੋਂ ਜਾਣਕਾਰੀ ਮਿਲੀ ਹੈ। ਮਾਹਿਰਾਂ ਅਨੁਸਾਰ ਅਸਲ ਅੰਕੜਾ ਇਸ ਤੋਂ ਵੀ ਵੱਡਾ ਹੋ ਸਕਦਾ ਹੈ। ਪੰਜਾਬ ਵਿਚ ਹਰ ਰੋਜ਼ ਆਵਾਰਾ ਕੁੱਤਿਆਂ ਵੱਲੋਂ ਕੱਟਣ ਦੇ 300 ਮਾਮਲੇ ਸਾਹਮਣੇ ਆਉਂਦੇ ਹਨ।
ਬੀਤੇ ਦੋ ਸਾਲਾਂ ਦੌਰਾਨ ਪੰਜਾਬ ਵਿਚ 2 ਲੱਖ ਤੋਂ ਵੱਧ ਵਿਅਕਤੀਆਂ ਨੂੰ ਕੁੱਤਿਆਂ ਨੇ ਕੱਟਿਆ ਹੈ। ਪੰਜਾਬ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ 5 ਲੱਖ ਤੋਂ ਉੱਪਰ ਦੱਸੀ ਜਾ ਰਹੀ ਹੈ ਸਾਲ 2012 ਵਿੱਚ ਇਹ ਗਿਣਤੀ 4 ਲੱਖ 77 ਹਜ਼ਾਰ ਸੀ। ਆਰਟੀਆਈ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ 2017 'ਚ ਆਵਾਰਾ ਕੁੱਤਿਆਂ ਦੀ ਪੰਜ ਜ਼ਿਲਿਆਂ 'ਚ ਸਭ ਤੋਂ ਵੱਧ ਦਹਿਸ਼ਤ ਰਹੀ ਹੈ। ਲੁਧਿਆਣਾ 'ਚ 13000, ਪਟਿਆਲਾ 'ਚ 97000, ਜਲੰਧਰ 'ਚ 8100, ਹੁਸ਼ਿਆਰਪੁਰ 'ਚ 9700 ਤੇ ਕਪੂਰਥਲਾ 'ਚ 6700 ਵਿਅਕਤੀ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋਏ।
ਉਨ੍ਹਾਂ ਕਿਹਾ ਕਿ ਰਿਹਾਇਸ਼ੀ ਖੇਤਰਾਂ 'ਚ ਘਰਾਂ ਨੂੰ ਚੈੱਕ ਕਰਨ ਲਈ ਸਰਕਾਰੀ ਛਾਪੇ ਮਾਰਨ ਦੀ ਜ਼ਰੂਰਤ ਹੈ ਕਿਉਂਕਿ ਕੁਝ ਲੋਕ ਸ਼ਿਕਾਰੀ ਕੁੱਤੇ ਜਿਵੇਂ ਪਿਟਬੁੱਲ ਆਦਿ ਨੂੰ ਪਾਲਤੂ ਜਾਨਵਰ ਰੱਖ ਲੈਂਦੇ ਹਨ। ਇਹ ਆਂਢ-ਗੁਆਂਢ ਦੇ ਬੱਚਿਆਂ ਤੇ ਬਜ਼ੁਰਗਾਂ ਲਈ ਖ਼ਤਰਾ ਹਨ। ਅਜਿਹਿਆਂ ਘਰਾਂ ਨੂੰ ਰਿਪੋਰਟ ਕਰਨ ਲਈ ਇੱਕ ਰਾਜ ਵਿਆਪੀ ਹੈਲਪ ਲਾਈਨ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਤੇ ਡਿਫਾਲਟਰਾਂ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋਂ ਬਿਨਾਂ ਕੁੱਤਿਆਂ ਬਾਰੇ ਭੜਕਾਊ ਤੇ ਅਸ਼ਲੀਲ ਗੀਤ ਗਾਉਣ ਵਾਲੇ ਗਾਇਕਾਂ ਤੇ ਕੁੱਤਿਆਂ ਦੀਆਂ ਹਿੰਸਕ ਖੇਡਾਂ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ।