(Source: ECI/ABP News)
ਕੈਨੇਡਾ-ਅੰਮ੍ਰਿਤਸਰ ਵਿਚਾਲੇ ਸਿੱਧੀਆਂ ਉਡਾਣਾਂ ਦੀ ਮੁਹਿੰਮ ਨੂੰ ਵੱਡਾ ਹੁਲਾਰਾ, ਕੈਨੇਡਾ ਦੀ ਸੰਸਦ 'ਚ ਗੂੰਜਿਆ ਮੁੱਦਾ
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਦੀ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨਾਲ ਦੋਵਾਂ ਦੇਸ਼ਾਂ ਵਿਚਾਲੇ ਹਾਲ ਹੀ ਵਿੱਚ ਹੋਈ ਦੁਵੱਲੀ ਮੰਤਰੀ ਪੱਧਰੀ ਗੱਲਬਾਤ ਦੌਰਾਨ...

ਚੰਡੀਗੜ੍ਹ: ਕੈਨੇਡਾ-ਅੰਮ੍ਰਿਤਸਰ ਵਿਚਾਲੇ ਸਿੱਧੀਆਂ ਉਡਾਣਾਂ ਦੀ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ ਹੈ। ਇਹ ਮੁੱਦਾ ਕੈਨੇਡਾ ਦੀ ਸੰਸਦ 'ਚ ਵੀ ਗੂੰਜਿਆ ਹੈ। ਬਰੈਂਪਟਨ ਉੱਤਰੀ ਦੀ ਨੁਮਾਇੰਦਗੀ ਕਰਦੇ ਸੰਸਦ ਮੈਂਬਰ ਰੂਬੀ ਸਹੋਤਾ ਵੱਲੋਂ ਕੈਨੇਡਾ ਦੀ ਸੰਸਦ ਵਿੱਚ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਸੰਸਦ ਵਿੱਚ ਆਪਣੀ ਪਾਰਟੀ ਦੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਓਮਾਰ ਅਲਘਬਰਾ ਨੂੰ ਉਡਾਣਾਂ ਦੇ ਮੁੱਦੇ ਸਬੰਧੀ ਸਰਕਾਰ ਦੀ ਸਥਿਤੀ ਸਪੱਸ਼ਟ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਮੰਤਰੀ ਅਲਘਬਰਾ ਨੇ ਇਸ ਸਬੰਧੀ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਵੀ ਇਸ ਬਾਬਤ ਚਰਚਾ ਕੀਤੀ ਗਈ ਹੈ।
ਵੈਨਕੁਵਰ-ਕੈਨੇਡਾ ਤੋਂ ਜਾਰੀ ਸਾਂਝੇ ਬਿਆਨ ਵਿੱਚ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਵਾਲੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ (ਕੈਨੇਡਾ), ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ (ਅਮਰੀਕਾ) ਤੇ ਬੁਲਾਰੇ ਮੋਹਿਤ ਧੰਜੂ (ਕੈਨੇਡਾ) ਨੇ ਸੰਸਦ ਮੈਂਬਰ ਰੂਬੀ ਸਹੋਤਾ ਵਲੋਂ ਕੈਨੇਡਾ ਦੀ ਸੰਸਦ ਵਿੱਚ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦਾ ਮੁੱਦਾ ਉਠਾਉਣ ਦਾ ਵੀ ਸਵਾਗਤ ਕੀਤਾ ਹੈ।
ਇਸ ਦੇ ਨਾਲ ਹੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਦੀ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨਾਲ ਦੋਵਾਂ ਦੇਸ਼ਾਂ ਵਿਚਾਲੇ ਹਾਲ ਹੀ ਵਿੱਚ ਹੋਈ ਦੁਵੱਲੀ ਮੰਤਰੀ ਪੱਧਰੀ ਗੱਲਬਾਤ ਦੌਰਾਨ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦਾ ਮੁੱਦਾ ਉਠਾਉਣ ਲਈ ਧੰਨਵਾਦ ਪ੍ਰਗਟਾਇਆ ਹੈ।
ਕੈਨੇਡਾ ਦੀ ਸੰਸਦ ਤੇ ਦੁਵੱਲੀ ਭਾਰਤ-ਕੈਨੇਡਾ ਦੇ ਮੰਤਰੀਆਂ ਦੀ ਉੱਚ-ਪੱਧਰੀ ਗੱਲਬਾਤ ਵਿੱਚ ਵੀ ਇਸ ਮੁੱਦੇ ਦਾ ਉੱਠਾਇਆ ਜਾਣਾ, ਟੋਰਾਂਟੋ/ਵੈਨਕੂਵਰ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਬਾਬਤ ਕੀਤੇ ਜਾ ਰਹੇ ਯਤਨਾਂ ਨੂੰ ਇੱਕ ਵੱਡਾ ਹੁਲਾਰਾ ਹੈ। ਪਹਿਲੀ ਵਾਰ ਭਾਈਚਾਰੇ ਦੀ ਇਸ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਕੌਮੀ ਪੱਧਰ 'ਤੇ ਕੈਨੇਡਾ ਦੀਆਂ ਦੋਵੇਂ ਵੱਡੀਆਂ ਲਿਬਰਲ ਤੇ ਕੰਜ਼ਰਵੇਟਿਵ ਪਾਰਟੀਆਂ ਦੇ ਨੁਮਾਇੰਦਿਆਂ ਦੁਆਰਾ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਯਾਚਿਕਾ ਨਾਲ ਸਮਰਥਨ ਦੀ ਇੱਕ ਭਰਵੀਂ ਲਹਿਰ ਪੈਦਾ ਹੋਈ ਤੇ ਕੈਨੇਡਾ ਭਰ ਵਿੱਚ ਵਸਦੇ 10 ਲੱਖ ਤੋਂ ਵੱਧ ਪੰਜਾਬੀ ਭਾਈਚਾਰੇ ਨੇ ਅੰਮ੍ਰਿਤਸਰ ਨਾਲ ਸਿੱਧੇ ਹਵਾਈ ਸੰਪਰਕ ਵਿੱਚ ਸਹਾਇਤਾ ਲਈ ਕੈਨੇਡੀਅਨ ਸਰਕਾਰ ਕੋਲ ਆਪਣੀ ਆਵਾਜ਼ ਉਠਾਉਣ ਲਈ ਇੱਕਜੁੱਟਤਾ ਦਿਖਾਈ। ਇਸ ਪਟੀਸ਼ਨ ‘ਤੇ 30 ਦਿਨਾਂ ਦੇ ਥੋੜ੍ਹੇ ਸਮੇਂ ਵਿੱਚ ਤਕਰੀਬਨ 19000 ਤੋਂ ਵੱਧ ਦਸਤਖਤ ਹੋਏ ਸਨ ਤੇ ਕੈਨੇਡਾ ਵਿੱਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਉਪਰੰਤ ਸਾਂਸਦ ਵਿਸ ਵਲੋਂ ਸਿੱਧੀ ਉਡਾਣ ਦੀ ਮੰਗ ਨੂੰ ਮਾਰਚ ਦੇ ਮਹੀਨੇ ਸੰਸਦ ਵਿੱਚ ਵੀ ਉਠਾਇਆ ਗਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
