ਚਰਚ ਭੰਨ ਤੋੜ ਮਾਮਲੇ ਨੂੰ ਲੈ ਕੇ ਰੋਸ ਵਜੋਂ ਮਜੀਠਾ 'ਚ ਕੈਂਡਲ ਮਾਰਚ, ਜਲਦ ਇਨਸਾਫ ਦੀ ਮੰਗ
ਪੱਟੀ ਚਰਚ 'ਚ ਹੋਈ ਭੰਨ ਤੋੜ ਦੇ ਰੋਸ ਵਜੋਂ ਅੰਮ੍ਰਿਤਸਰ ਦੇ ਮਜੀਠਾ 'ਚ ਈਸਾਈ ਭਾਈਚਾਰੇ ਵੱਲੋਂ ਰੋਸ ਮਾਰਚ ਕੱਢਿਆ ਗਿਆ।ਪੱਟੀ ਦੇ ਪਿੰਡ ਠੱਕਰਪੁਰ ਵਿਖੇ ਕੈਥੋਲਿਕ ਚਰਚ 'ਚ ਭੰਨਤੋੜ ਅਤੇ ਅੱਗਜ਼ਨੀ ਦੀ ਘਟਨਾ ਨੂੰ ਅਨਜਾਮ ਦਿੱਤਾ ਗਿਆ ਸੀ
ਅੰਮ੍ਰਿਤਸਰ: ਪੱਟੀ ਚਰਚ 'ਚ ਹੋਈ ਭੰਨ ਤੋੜ ਦੇ ਰੋਸ ਵਜੋਂ ਅੰਮ੍ਰਿਤਸਰ ਦੇ ਮਜੀਠਾ 'ਚ ਈਸਾਈ ਭਾਈਚਾਰੇ ਵੱਲੋਂ ਰੋਸ ਮਾਰਚ ਕੱਢਿਆ ਗਿਆ।ਪੱਟੀ ਦੇ ਪਿੰਡ ਠੱਕਰਪੁਰ ਵਿਖੇ ਕੈਥੋਲਿਕ ਚਰਚ 'ਚ ਭੰਨਤੋੜ ਅਤੇ ਅੱਗਜ਼ਨੀ ਦੀ ਘਟਨਾ ਨੂੰ ਅਨਜਾਮ ਦਿੱਤਾ ਗਿਆ ਸੀ।ਇਸ ਦੇ ਰੋਸ ਵਜੋਂ ਮਜੀਠਾ ਬੱਸ ਸਟੈਂਡ ਤੋਂ ਬਾਜਵਾ ਹਸਪਤਾਲ ਰੋਸ ਮਾਰਚ ਕੱਢਿਆ ਗਿਆ।
ਮਜੀਠਾ 'ਚ ਅਵਰ ਲੇਡੀ ਆਫ਼ ਗ੍ਰੇਸ ਚਰਚ ਤੋਂ ਕੈਂਡਲ ਮਾਰਚ ਕੱਢਿਆ ਗਿਆ।ਇਸ ਦੌਰਾਨ ਵੱਡੀ ਗਿਣਤੀ 'ਚ ਈਸਾਈ ਭਾਈਚਾਰੇ ਦੇ ਲੋਕਾਂ ਨੇ ਰੋਸ ਪ੍ਰਗਟ ਕੀਤਾ।ਇਸ ਦੌਰਾਨ ਉਨ੍ਹਾਂ ਦੋਸ਼ੀਆਂ ਨੂੰ ਜਲਦ ਕਾਬੂ ਕਰ ਸਖ਼ਤ ਸਜ਼ਾ ਦੇਣ ਦੀ ਮੰਗ ਵੀ ਕੀਤੀ।
ਚਰਚ ਦੇ ਇੰਚਾਰਜ ਫਾਦਰ ਫੈਲਿਕਸ ਸ਼ੇਰਗਿੱਲ ਨੇ ਕਿਹਾ ਕਿ, "ਪੱਟੀ ਚਰਚ 'ਚ ਹੋਈ ਘਟਨਾ ਦੇ ਰੋਸ ਵਜੋਂ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬ 'ਚ ਆਪਸੀ ਭਾਈਚਾਰਾ ਕਾਇਮ ਰਹੇ। ਇਸ ਦੇ ਨਾਲ ਹੀ ਅਸੀਂ ਮੰਗ ਕਰਦੇ ਹਾਂ ਕਿ ਚਰਚ 'ਚ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲਿਆ ਖਿਲਾਫ ਬਣਦੀ ਕਾਰਵਾਈ ਕੀਤੀ ਜਾਏ।"
ਹਲਕਾ ਮਜੀਠਾ ਦੇ ਸੁਪਾਰੀ ਵਿੰਡ ਤੋਂ ਸਾਬਕਾ ਚੇਅਰਮੈਨ ਕ੍ਰਿਸਚਨ ਵੈਲਫੇਅਰ ਬੋਰਡ ਅਮਨ ਗਿੱਲ ਨੇ ਕਿਹਾ, "ਮਜੀਠਾ ਹਲਕੇ ਦੇ ਸਾਰੇ ਚਰਚ ਅਤੇ ਪਾਸਟਰ ਇਸ ਕੈਂਡਲ ਮਾਰਚ 'ਚ ਹਿੱਸਾ ਲੈ ਰਹੇ ਹਨ।ਅਸੀਂ ਇਹੀ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਸਾਡੇ ਪੰਜਾਬ 'ਚ ਭਾਈਚਾਰਕ ਸਾਂਝ ਬਣਾ ਕੇ ਰੱਖੇ।"
ਪੁਲਿਸ ਨੇ ਐਲਾਨਿਆ ਇੱਕ ਲੱਖ ਦਾ ਇਨਾਮ
ਪੁਲਿਸ ਦੀ ਤਰਫੋਂ ਕਿਹਾ ਗਿਆ ਹੈ ਕਿ ਘਟਨਾ ਨਾਲ ਸਬੰਧਤ ਕੋਈ ਵੀ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਪੁਲੀਸ ਅਨੁਸਾਰ ਇਸ ਮਾਮਲੇ ਵਿੱਚ ਕੁਝ ਲੋਕਾਂ ਨਾਲ ਸੰਪਰਕ ਕੀਤਾ ਗਿਆ ਹੈ। ਹਾਲਾਂਕਿ ਉਸ ਦੀ ਪਛਾਣ ਗੁਪਤ ਰੱਖੀ ਗਈ ਹੈ। ਕੋਈ ਵੀ ਵਿਅਕਤੀ ਤਰਨਤਾਰਨ ਦੇ ਐਸਪੀ ਦੇ ਮੋਬਾਈਲ ਨੰਬਰ 9815086860, ਡੀਐਸਪੀ ਦੇ ਮੋਬਾਈਲ ਨੰਬਰ 9915700557 ਅਤੇ 8725021100 'ਤੇ ਜਾਣਕਾਰੀ ਦੇ ਸਕਦਾ ਹੈ।
ਘਟਨਾ ਦੀ ਜਾਂਚ ਲਈ ਐਸਆਈਟੀ ਗਠਿਤ
ਗਿਰਜਾਘਰ (ਚਰਚ) ਵਿੱਚ ਬੇਅਦਬੀ ਅਤੇ ਅੱਗ ਲੱਗਣ ਦੀ ਘਟਨਾ ਦੀ ਪ੍ਰਭਾਵੀ ਅਤੇ ਤੇਜੀ ਨਾਲ ਜਾਂਚ ਨੂੰ ਯਕੀਨੀ ਬਣਾਉਣ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਹੈ।ਇੰਸਪੈਕਟਰ ਜਨਰਲ ਪੁਲਿਸ (ਆਈਜੀਪੀ) ਫਿਰੋਜਪੁਰ ਰੇਂਜ ਦੀ ਅਗਵਾਈ ਵਾਲੀ ਐਸ.ਆਈ.ਟੀ. ਵਿੱਚ ਐਸ.ਐਸ.ਪੀ. ਤਰਨਤਾਰਨ ਅਤੇ ਐਸ.ਪੀ ਇਨਵੈਸਟੀਗੇਸ਼ਨ ਤਰਨਤਾਰਨ ਵੀ ਦੋ ਮੈਂਬਰਾਂ ਵਜੋਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਨੂੰ ਸੂਬੇ ਦੀ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਵਿਰੋਧੀ ਤਾਕਤਾਂ ਵੱਲੋਂ ਅੰਜਾਮ ਦਿੱਤੀ ਇਸ ਘਟਨਾ ਦੀ ਬਾਰੀਕਬੀਨੀ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਹਾਈਕੋਰਟ 'ਚ ਪਟੀਸ਼ਨ ਦਾਇਰ , ਇਸਾਈ ਧਰਮ ਦੇ ਲੋਕਾਂ ਨੂੰ ਸੁਰੱਖਿਆ ਦੇਣ ਦੀ ਮੰਗ
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠੱਕਰਪੁਰਾ ਵਿੱਚ ਇੱਕ ਚਰਚ 'ਚ ਹੋਈ ਭੰਨਤੋੜ ਦੇ ਮਾਮਲੇ ਨੂੰ ਲੈ ਕੇ ਈਸਾਈਆਂ ਨੂੰ ਸੁਰੱਖਿਆ ਦੇਣ ਲਈ ਪੰਜਾਬ-ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ 'ਤੇ ਅਗਲੇ ਹਫ਼ਤੇ ਸੁਣਵਾਈ ਸੰਭਵ ਹੈ। ਚੰਡੀਗੜ੍ਹ ਵਾਸੀ ਸੁਖਜਿੰਦਰ ਗਿੱਲ ਤੇ ਹੋਰਨਾਂ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਪੰਜਾਬ ਸਰਕਾਰ ਨੂੰ ਇਸਾਈ ਧਰਮ ਦੇ ਲੋਕਾਂ ਦੀ ਸੁਰੱਖਿਆ ਸਬੰਧੀ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਹੈ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਈਸਾਈ ਧਰਮ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਈਸਾਈ ਧਰਮ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਚਰਚ 'ਤੇ ਹਮਲੇ ਦੀ ਘਟਨਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਪੁਲਿਸ ਨੇ ਜਲਦੀ ਕਾਰਵਾਈ ਨਾ ਕੀਤੀ ਤਾਂ ਪੰਜਾਬ ਵਿੱਚ ਦੰਗਿਆਂ ਦੀ ਸਥਿਤੀ ਪੈਦਾ ਹੋ ਸਕਦੀ ਹੈ।