ਭਾਰਤੀ ਜਨਤਾ ਪਾਰਟੀ ਤੋਂ ਰੁੱਸ ਗਏ ਕੈਪਟਨ ਅਮਰਿੰਦਰ ਸਿੰਘ ? ਕਿਹਾ- ਹੁਣ ਬਿਨਾਂ ਪੁੱਛੇ ਭਾਜਪਾ ਨੂੰ ਨਹੀਂ ਦਿਆਂਗਾ ਸਲਾਹ
Captain Amarinder Singh: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ, "ਮੈਂ ਮਜ਼ਾਕ ਲਈ ਭਾਜਪਾ ਵਿੱਚ ਸ਼ਾਮਲ ਨਹੀਂ ਹੋਇਆ, ਮੈਂ ਇੱਕ ਗੰਭੀਰ ਸਿਆਸਤਦਾਨ ਹਾਂ।"
Punjab News: ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਟ ਨੇ ਇੱਕ ਵੀਡੀਓ ਸ਼ੇਅਰ ਕਰਕੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ 'ਤੇ ਚੁਟਕੀ ਲਈ ਹੈ, ਜਿਸ ਵਿੱਚ ਲਿਖਿਆ ਹੈ-'ਅਮਰਿੰਦਰ ਸਿੰਘ ਦੇ ਦਿਲ ਦੀ ਹਾਲਤ ਉਨ੍ਹਾਂ ਦੀ ਜੁਬਾਨੀ'। ਦਰਅਸਲ, ਇੱਕ ਇੰਟਰਵਿਊ ਦੌਰਾਨ ਕੈਪਟਨ ਕਹਿ ਰਹੇ ਹਨ ਕਿ ਉਹ ਬਿਨਾਂ ਪੁੱਛੇ ਪੰਜਾਬ ਵਿੱਚ ਭਾਜਪਾ ਨੂੰ ਕੋਈ ਰਾਏ ਨਹੀਂ ਦੇਣਗੇ।
ਇੰਟਰਵਿਊ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਮੈਂ 1967 ਤੋਂ ਪੰਜਾਬ ਦੀ ਰਾਜਨੀਤੀ ਵਿੱਚ ਹਾਂ। ਮੈਂ 2 ਵਾਰ ਮੁੱਖ ਮੰਤਰੀ, ਇੱਕ ਵਾਰ ਮੰਤਰੀ, 7 ਵਾਰ ਵਿਧਾਇਕ ਅਤੇ 2 ਵਾਰ ਐਮ.ਪੀ. ਰਿਹਾ ਹਾਂ। ਮੇਰੇ ਨਾਲ ਭਾਜਪਾ ਦੀਆਂ ਵਿਧਾਨ ਸਭਾ ਸੀਟਾਂ ਜਾਂ ਚੋਣ ਰਣਨੀਤੀ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਕੈਪਟਨ ਨੇ ਅੱਗੇ ਕਿਹਾ, "ਮੈਂ ਇੱਕ ਗੰਭੀਰ ਸਿਆਸਤਦਾਨ ਹਾਂ, ਮੈਂ ਮਜ਼ੇ ਲਈ ਭਾਜਪਾ ਵਿੱਚ ਸ਼ਾਮਲ ਨਹੀਂ ਹੋਇਆ ਹਾਂ।"
ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਖਰੀਦ ਨਾ ਕਰਨ 'ਤੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ। ਦਰਅਸਲ ਪੰਜਾਬ ਦੇ ਕਿਸਾਨ ਝੋਨੇ ਦੀ ਖਰੀਦ ਤੇ ਲਿਫਟਿੰਗ ਨੂੰ ਲੈ ਕੇ ਸੜਕਾਂ 'ਤੇ ਉਤਰ ਆਏ ਹਨ। ਉਹ ਸੂਬਾ ਤੇ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ। ਬੀਤੇ ਸ਼ੁੱਕਰਵਾਰ ਨੂੰ ਕੈਪਟਨ ਖੰਨਾ ਦੀ ਅਨਾਜ ਮੰਡੀ ਪੁੱਜੇ ਸਨ। ਉਥੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਕੈਪਟਨ ਨੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਰਕਾਰ ਝੋਨਾ ਨਹੀਂ ਖਰੀਦ ਰਹੀ। ਕੇਂਦਰ ਸਰਕਾਰ ਵੱਲੋਂ 44 ਹਜ਼ਾਰ ਕਰੋੜ ਰੁਪਏ ਜਾਰੀ ਕੀਤੇ ਜਾਣ ਦੇ ਬਾਵਜੂਦ ਕਿਸੇ ਨੂੰ ਪੈਸਾ ਨਹੀਂ ਮਿਲ ਰਿਹਾ। ਕਿਸਾਨਾਂ ਨੂੰ ਪੈਸੇ ਦਿੱਤੇ ਜਾਣ ਅਤੇ ਝੋਨਾ ਖਰੀਦਿਆ ਜਾਵੇ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਝੋਨਾ ਖਰੀਦਣ ਦੀ ਕੋਈ ਯੋਜਨਾ ਨਹੀਂ ਹੈ। ਮੰਡੀਆਂ ਵਿੱਚ ਸਟੋਰੇਜ ਸਪੇਸ ਵੀ ਨਹੀਂ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸਾਨ, ਮਜ਼ਦੂਰ ਅਤੇ ਕਮਿਸ਼ਨ ਏਜੰਟ ਸਾਰੇ ਹੀ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਆਮ ਆਦਮੀ ਪਾਰਟੀ ਹਰ ਫਰੰਟ 'ਤੇ ਫੇਲ ਸਾਬਤ ਹੋ ਰਹੀ ਹੈ।