ਮਾਲੇਰਕੋਟਲਾ ਬਣਿਆ ਪੰਜਾਬ ਦਾ 23ਵਾਂ ਜ਼ਿਲ੍ਹਾ, ਕੈਪਟਨ ਅਮਰਿੰਦਰ ਕੀਤੇ ਵੱਡੇ ਐਲਾਨ
ਮਾਲੇਰਕੋਟਲਾ ਪੰਜਾਬ ਦਾ ਇਕਲੌਤਾ ਅਜਿਹਾ ਸ਼ਹਿਰ ਹੈ, ਜਿੱਥੇ ਬਹੁ–ਗਿਣਤੀ ਮੁਸਲਿਮ ਰਹਿੰਦੇ ਹਨ। ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਸਰਹਿੰਦ ਦੇ ਸੂਬੇਦਾਰ ਦਾ ਵਿਰੋਧ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਆਪਣੀ ਆਵਾਜ਼ ਉਠਾਈ ਸੀ।
ਚੰਡੀਗੜ੍ਹ: ਈਦ ਮੌਕੇ ਪੰਜਾਬ ਨੂੰ ਇੱਕ ਵੱਡਾ ਤੋਹਫ਼ਾ ਮਿਲਿਆ ਹੈ। ਮਾਲੇਰਕੋਟਲਾ ਨੂੰ ਇਸ ਮੌਕੇ ਸੂਬੇਦਾ 23ਵਾਂ ਜ਼ਿਲ੍ਹਾ ਬਣਾ ਦਿੱਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਈਦ-ਉਲ-ਫ਼ਿਤਰ ਮੌਕੇ ਮਾਲੇਰਕੋਟਲਾ ਨੂੰ ਜ਼ਿਲ੍ਹਾ ਐਲਾਨਿਆ। ਮਾਲੇਰਕੋਟਲਾ ਵਾਸੀਆਂ ਲਈ ਤੋਹਫ਼ਿਆਂ ਦਾ ਐਲਾਨ ਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ੇਰ ਮੁਹੰਮਦ ਖ਼ਾਨ ਦੇ ਨਾਂ ’ਤੇ 500 ਕਰੋੜ ਰੁਪਏ ਦੀ ਲਾਗਤ ਨਾਲ ਮਾਲੇਰਕੋਟਲਾ ’ਚ ਇੱਕ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਜਾਵੇਗੀ।
ਇਸ ਦੇ ਨਾਲ ਹੀ 12 ਕਰੋੜ ਰੁਪਏ ਦੀ ਲਾਗਤ ਨਾਲ ਕੁੜੀਆਂ ਦਾ ਇੱਕ ਹੋਰ ਕਾਲਜ ਸਥਾਪਤ ਕੀਤਾ ਜਾਵੇਗਾ। ਇੱਕ ਬੱਸ ਅੱਡਾ, ਇੱਕ ਮਹਿਲਾ ਥਾਣਾ ਵੀ ਬਣੇਗਾ, ਜਿਸ ਨੂੰ ਸਿਰਫ਼ ਮਹਿਲਾ ਮੁਲਾਜ਼ਮ ਹੀ ਚਲਾਉਣਗੀਆਂ।
ਮਾਲੇਰਕੋਟਲਾ ਪੰਜਾਬ ਦਾ ਇਕਲੌਤਾ ਅਜਿਹਾ ਸ਼ਹਿਰ ਹੈ, ਜਿੱਥੇ ਬਹੁ–ਗਿਣਤੀ ਮੁਸਲਿਮ ਰਹਿੰਦੇ ਹਨ। ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਸਰਹਿੰਦ ਦੇ ਸੂਬੇਦਾਰ ਦਾ ਵਿਰੋਧ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਆਪਣੀ ਆਵਾਜ਼ ਉਠਾਈ ਸੀ। ਇਸ ਦੇ ਚੱਲਦਿਆਂ ਪੰਜਾਬ ਦੇ ਇਤਿਹਾਸ ਵਿੱਚ ਉਨ੍ਹਾਂ ਦਾ ਇੱਕ ਸਨਮਾਨਿਤ ਸਥਾਨ ਹੈ।
ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਸ੍ਰੀ ਗੁਰੂ ਗੋਬਿੰਦ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਨੂੰ ਕੰਧ ’ਚ ਜਿਊਂਦੇ-ਜੀਅ ਚਿਣਵਾਉਣ ਦੇ ਹੁਕਮ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਇਸ ਬਹਾਦਰੀ ਭਰੇ ਕਦਮ ਦਾ ਪਤਾ ਲੱਗਣ ’ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਜੀ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਤੇ ਮਾਲੇਰਕੋਟਲਾ ਦੀ ਸੁਰੱਖਿਆ ਦਾ ਵਚਨ ਦਿੱਤਾ ਸੀ। ਗੁਰੂ ਸਾਹਿਬ ਜੀ ਨੇ ਨਵਾਸ ਸ਼ੇਰ ਮੁਹੰਮਦ ਖ਼ਾਨ ਨੂੰ ਸ੍ਰੀ ਸਾਹਿਬ ਵੀ ਭੇਜਿਆ ਸੀ।
ਇਸ ਤੋਂ ਪਹਿਲਾਂ ਜਨਵਰੀ ਮਹੀਨੇ ਸਰਕਾਰ ਨੇ ਮਾਲੇਰਕੋਟਲਾ ’ਚ ਮੁਬਾਰਕ ਮੰਜ਼ਿਲ ਪੈਲੇਸ ਨੂੰ ਅਕਵਾਇਰ ਕਰਨ, ਉਸ ਦੀ ਦੇਖਭਾਲ ਤੇ ਉਪਯੋਗ ਦੀ ਪ੍ਰਵਾਨਗੀ ਦਿੱਤੀ ਸੀ। ਬੇਗਮ ਮੁਨੱਵਰ ਉਲ ਨਿਸਾਂ ਨੇ ਸੂਬਾ ਸਰਕਾਰ ਨੂੰ ਚਿੱਠੀ ਲਿਖੀ ਸੀ ਕਿ ਮੁਬਾਰਕ ਮੰਜ਼ਿਲ ਮਹੱਲ ਮਾਲੇਰਕੋਟਲਾ ਦੀ ਉਹ ਇਕਲੌਤੀ ਮਾਲਕ ਹਨ ਤੇ ਉਹ ਇਸ ਜਾਇਦਾਦ ਨੂੰ ਸੂਬੇ ਜਾਂ ਸੈਰ-ਸਪਾਟੇ ਤੇ ਸਭਿਆਚਾਰਕ ਮਾਮਲੇ ਵਿਭਾਗ ਸਮੇਤ ਕਿਸੇ ਵੀ ਵਿਅਕਤੀ ਨੂੰ ਦੇਣ ਦੇ ਪੂਰੇ ਅਧਿਕਾਰ ਰਖਦੇ ਹਨ।
ਲੁਧਿਆਣਾ-ਸੰਗਰੂਰ ਰੋਡ ਉੱਤੇ ਸਥਿਤ ਮਾਲੇਰਕੋਟਲਾ ਦੀ ਸਥਾਪਨਾ 1657 ਈ. ’ਚ ਹੋਈ ਸੀ। ਸੰਨ 1947 ’ਚ ਇਸ ਨੂੰ ਪੰਜਾਬ ਵਿੱਚ ਮਿਲਾ ਲਿਆ ਗਿਆ ਸੀ। ਮਾਲੇਰਕੋਟਲਾ ਉਹ ਸ਼ਹਿਰ ਹੈ, ਜਿੱਥੇ 60 ਸਾਲ ਪੁਰਾਣੀ ਮਸਜਿਦ ਤੇ ਤਿੰਨ ਸਾਲ ਪੁਰਾਣੇ ਮੰਦਰ ਦੀ ਕੰਧ ਸਾਂਝੀ ਹੈ। ਇੱਥੇ ਮੁਸਲਮਾਨ ਹਨੂਮਾਨ ਮੰਦਰ ਦੇ ਬਾਹਰ ਪ੍ਰਸਾਦ ਵੇਚਦਾ ਹੈ ਤੇ ਇੱਕ ਬ੍ਰਾਹਮਣ ਆਪਣੀ ਪ੍ਰੈੱਸ ਵਿੱਚ ਰਮਜ਼ਾਨ ਦੇ ਗ੍ਰੀਟਿੰਗ ਕਾਰਡ ਛਾਪਦਾ ਹੈ।
ਮਾਲੇਰਕੋਟਲਾ ਮੁਸਲਿਮ ਬਹੁ-ਸੰਖਿਆ ਵਾਲਾ ਸ਼ਹਿਰ ਹੈ ਪਰ ਇੱਥੇ ਅੱਜ ਤੱਕ ਫਿਰਕੂ ਦੰਗੇ ਨਹੀਂ ਹੋਏ। ਦੇਸ਼ ਦੀ ਵੰਡ ਵੇਲੇ ਵੀ ਅਜਿਹਾ ਕੁਝ ਨਹੀਂ ਹੋਇਆ। ਇੱਥੇ ਮੁਸਲਮਾਨ ਮਾਤਾ ਦੀ ਚੌਕੀ ਉੱਤੇ ਆਉਂਦੇ ਹਨ ਤੇ ਹਿੰਦੂ ਇਫ਼ਤਾਰ ਲਈ ਸ਼ਰਬਤ ਤਿਆਰ ਕਰਦੇ ਹਨ।