ਅਸ਼ਲੀਲ ਵੀਡੀਓ ਕਾਂਡ 'ਚ ਫਸੇ ਚੱਢਾ ਪਰਿਵਾਰ ਦੀ ਅਕਾਲ ਤਖ਼ਤ ਨੂੰ ਫਰਿਆਦ
ਅੰਮ੍ਰਿਤਸਰ: ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦਾ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਚੱਢਾ ਪਰਿਵਾਰ ਨੇ ਅਕਾਲ ਤਖ਼ਤ ਤੋਂ ਰਹਿਮ ਦੀ ਅਪੀਲ ਕੀਤੀ ਹੈ। ਚੱਢਾ ਦੀ ਵੀਡੀਓ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਨੇ ਚੱਢਾ ਪਰਿਵਾਰ ਨੂੰ 2 ਸਾਲ ਲਈ ਪੰਥ ਵਿੱਚੋਂ ਛੇਕ ਦਿੱਤਾ ਸੀ। ਇਸ 'ਤੇ ਚਰਨਜੀਤ ਸਿੰਘ ਚੱਢਾ ਦੀ ਪਤਨੀ ਹਰਬੰਸ ਕੌਰ ਚੱਢਾ ਨੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੀਆਂ ਧਾਰਮਿਕ ਤੇ ਪੰਥਕ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਤਖ਼ਤ ਉਨ੍ਹਾਂ ਉੱਪਰ ਲਗਾਈ ਪਾਬੰਦੀ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ ਤਾਂ ਜੋ ਉਹ ਮੁੜ ਧਾਰਮਿਕ ਸਿਆਸੀ ਤੇ ਜਨਤਕ ਥਾਵਾਂ 'ਤੇ ਵਿਚਰ ਸਕਣ।
ਇਸ ਸਬੰਧੀ ਹਰਬੰਸ ਕੌਰ ਚੱਢਾ ਨੇ ਅੱਜ ਆਪਣੀ ਇਹ ਚਿੱਠੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਖ਼ੁਦ ਸੌਂਪ ਕੇ ਆਏ ਹਨ। 'ਏਬੀਪੀ ਸਾਂਝਾ' ਨਾਲ ਖਾਸ ਗੱਲਬਾਤ ਦੌਰਾਨ ਹਰਬੰਸ ਕੌਰ ਚੱਢਾ ਨੇ ਕਿਹਾ ਕਿ ਉਨ੍ਹਾਂ ਦਾ ਪਤੀ ਨਿਰਦੋਸ਼ ਹੈ। ਉਨ੍ਹਾਂ ਕਿਹਾ ਕਿ ਇਹ ਜੋ ਕੁਝ ਵੀ ਹੋਇਆ ਇਹ ਸਿਰਫ ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਧਾਨਗੀ ਹਥਿਆਉਣ ਲਈ ਕੀਤਾ ਗਿਆ।
ਕਿਸੇ ਦਾ ਨਾਂਅ ਲਏ ਬਗ਼ੈਰ ਹਰਬੰਸ ਕੌਰ ਚੱਢਾ ਨੇ ਕਿਹਾ ਕਿ ਇਹ ਇਕ ਡੂੰਘੀ ਸਿਆਸੀ ਚਾਲ ਸੀ ਜਿਸ ਵਿੱਚ ਅਕਾਲੀ-ਕਾਂਗਰਸੀ ਤੇ ਹੋਰ ਪਾਰਟੀਆਂ ਦੇ ਲੋਕ ਰਲੇ ਹੋਏ ਸਨ। ਹਰਬੰਸ ਕੌਰ ਚੱਢਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦਾ ਜਵਾਨ ਪੁੱਤ ਵੀ ਚਲਾ ਗਿਆ।
ਇਸ ਮੌਕੇ ਚਰਨਜੀਤ ਚੱਢਾ ਵੀ ਮੌਜੂਦ ਸਨ ਪਰ ਉਹ ਕੈਮਰੇ ਦੇ ਸਾਹਮਣੇ ਨਹੀਂ ਆਏ ਤੇ ਉਨ੍ਹਾਂ ਨੇ ਏਬੀਪੀ ਸਾਂਝਾ ਨੂੰ ਸਿਰਫ ਇੰਨਾ ਹੀ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਫ਼ੈਸਲੇ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਆਏ ਹਨ ਤੇ ਭਵਿੱਖ ਵਿਚ ਵੀ ਕਰਦੇ ਰਹਿਣਗੇ।