ਐਕਸੀਡੈਂਟ 'ਚ ਬਚੇਗੀ ਲੋਕਾਂ ਦੀ ਜਾਨ, ਫ਼ਸਟ ਏਡ ਤੇ ਔਨ-ਦ-ਸਪੌਟ ਇਲਾਜ ਦੇ ਪ੍ਰਬੰਧ ਲਈ ਪੁਲਿਸ ਖੁਦ ਸੰਭਾਲੇਗੀ ਕਮਾਨ
ਸਨਿੱਚਰਵਾਰ ਨੂੰ ਚਿਲਡਰਨ ਟ੍ਰੈਫਿਕ ਪਾਰਕ, ਸੈਕਟਰ-23 ਵਿਖੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੀ ਸਿਖਲਾਈ ਲਈ ਪ੍ਰੋਗਰਾਮ ਕਰਵਾਇਆ ਗਿਆ ਸੀ।
ਚੰਡੀਗੜ੍ਹ: ਸੜਕ ਹਾਦਸਿਆਂ ਵਿੱਚ ਵੇਲੇ ਸਿਰ ਇਲਾਜ ਮਿਲ ਜਾਵੇ ਤਾਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਅਕਸਰ ਪੁਲਿਸ ਕਾਰਵਾਈ ਕਰਕੇ ਇਲਾਜ ਵਿੱਚ ਦੇਰੀ ਹੋ ਜਾਂਦੀ ਹੈ ਤੇ ਲੋਕ ਮੌਤ ਦੇ ਮੂੰਹ ਵਿੱਚ ਜਾਂ ਪੈਂਦੇ ਹਨ। ਹੁਣ ਚੰਡੀਗੜ੍ਹ ਪੁਲਿਸ ਇਸ ਬਾਰੇ ਵੱਡੀ ਪਹਿਲ ਕਰਨ ਜਾ ਰਹੀ ਹੈ। ਚੰਡੀਗੜ੍ਹ ਵਿੱਚ ਹੁਣ ਟ੍ਰੈਫਿਕ ਪੁਲਿਸ ਸੜਕ ਹਾਦਸਿਆਂ ਵਿੱਚ ਜ਼ਖਮੀਆਂ ਦੇ ਮੌਕੇ 'ਤੇ ਇਲਾਜ ਦੇ ਪ੍ਰਬੰਧ ਕਰਨ ਜਾ ਰਹੀ ਹੈ।
ਹਾਲਾਂਕਿ, ਚੰਡੀਗੜ੍ਹ ਪੁਲਿਸ ਹਮੇਸ਼ਾਂ ਹਾਦਸਿਆਂ ਵਿੱਚ ਮੌਕੇ 'ਤੇ ਸਹਾਇਤਾ ਲਈ ਸਰਗਰਮ ਰਹੀ ਹੈ ਪਰ ਹੁਣ ਇਸ ਸਹੂਲਤ ਅਨੁਸਾਰ ਜੇਕਰ ਕੋਈ ਵੀ ਵਿਅਕਤੀ ਸੜਕ ਹਾਦਸਿਆਂ ਵਿੱਚ ਜ਼ਖਮੀ ਹੁੰਦਾ ਹੈ ਤਾਂ ਉਸ ਨੂੰ ਮੁਢਲੀ ਸਹਾਇਤਾ (ਫ਼ਸਟ ਏਡ) ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਜੇ ਕਿਸੇ ਦੀ ਹਾਲਤ ਹੋਰ ਵੀ ਨਾਜ਼ੁਕ ਹੈ, ਤਾਂ ਉਸ ਨੂੰ ਤੁਰੰਤ ਹਸਪਤਾਲ ਭੇਜਿਆ ਜਾਵੇਗਾ।
ਸਨਿੱਚਰਵਾਰ ਨੂੰ ਚਿਲਡਰਨ ਟ੍ਰੈਫਿਕ ਪਾਰਕ, ਸੈਕਟਰ-23 ਵਿਖੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੀ ਸਿਖਲਾਈ ਲਈ ਪ੍ਰੋਗਰਾਮ ਕਰਵਾਇਆ ਗਿਆ ਸੀ। ਐਸਐਸਪੀ ਟ੍ਰੈਫਿਕ ਮਨੀਸ਼ਾ ਚੌਧਰੀ ਦੀ ਅਗਵਾਈ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਜ਼ਖ਼ਮੀਆਂ ਦੀ ਮਦਦ ਲਈ ਪੁਲਿਸ ਕਰਮਚਾਰੀਆਂ ਨੂੰ ਮੁੱਢਲੀ ਸਹਾਇਤਾ ਦੀ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਪੁਲਿਸ ਨੂੰ ਇੱਕ ਡੈਮੋ ਟ੍ਰੇਨਿੰਗ ਵੀ ਦਿੱਤੀ ਗਈ, ਜਿਸ ਰਾਹੀਂ ਦੱਸਿਆ ਗਿਆ ਕਿ ਲੋਕਾਂ ਦੀ ਜਾਨ ਕਿਵੇਂ ਬਚਾਈ ਜਾਵੇ।
ਦੂਜੇ ਪਾਸੇ ਇੰਸਪੈਕਟਰ ਜਸਵਿੰਦਰ ਕੌਰ ਦਾ ਇਸ ਪ੍ਰਬੰਧ ਬਾਰੇ ਕਹਿਣਾ ਹੈ ਕਿ ਮੁੱਢਲੀ ਸਹਾਇਤਾ ਲਈ ਇਸ ਸਿਖਲਾਈ ਸੈਸ਼ਨ ਵਿੱਚ 35 ਸਿਪਾਹੀਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਟ੍ਰੈਫਿਕ ਕਰਮਚਾਰੀ ਹਮੇਸ਼ਾ ਸੜਕ 'ਤੇ ਤਾਇਨਾਤ ਰਹਿੰਦੇ ਹਨ। ਕਿਸੇ ਵੀ ਕਿਸਮ ਦੇ ਹਾਦਸੇ ਦੀ ਸਥਿਤੀ ਵਿੱਚ, ਟ੍ਰੈਫਿਕ ਪੁਲਿਸ ਕਰਮਚਾਰੀ ਮੁੱਢਲੀ ਸਹਾਇਤਾ ਦੇ ਕੇ ਜ਼ਖਮੀਆਂ ਦੀ ਜਾਨ ਬਚਾ ਸਕਦੇ ਹਨ। ਇਸ ਸਮੁੱਚੇ ਡੈਮੋ ਪ੍ਰੋਗਰਾਮ ਦੌਰਾਨ ਪੁਲਿਸ ਲਾਈਨ ਹਸਪਤਾਲ ਦੇ ਸੀਐਮਐਸ ਡਾਕਟਰ ਅਰਵਿੰਦ ਪਾਲ ਸਿੰਘ, ਇੰਸਪੈਕਟਰ ਜਸਵਿੰਦਰ ਕੌਰ ਤੇ ਐਸਆਈ ਅਜੇ ਕੁਮਾਰ ਸਮੇਤ ਟੀਮ ਵੀ ਮੌਜੂਦ ਸੀ।
ਡਾਕਟਰਾਂ ਨੇ ਸਿਖਲਾਈ ਨੂੰ ਸਹੀ ਦੱਸਿਆ
ਇਸ ਡੈਮੋਟ੍ਰਾਇਲ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਜ਼ਖਮੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਮੌਜੂਦ ਡਾਕਟਰਾਂ ਨੇ ਵੀ ਇਸ ਕਦਮ ਨੂੰ ਸਹੀ ਅਤੇ ਦਰੁਸਤ ਦੱਸਿਆ। ਇਸ ਤੋਂ ਪਹਿਲਾਂ ਰੇਲਵੇ ਲਾਈਟ ਪੁਆਇੰਟ 'ਤੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੇ ਮਿੱਟੀ ਵਿੱਚ ਦੱਬੇ ਦੋ ਮਜ਼ਦੂਰਾਂ ਦੀ ਜਾਨ ਬਚਾਈ ਸੀ, ਜਿਸ ਲਈ ਉਨ੍ਹਾਂ ਨੂੰ ਪੁਲਿਸ ਵਿਭਾਗ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ।