Punjab Politics: ਲੰਬੀ ਤੋਂ ਬਾਅਦ ਹੁਣ ਬਠਿੰਡਾ 'ਚ ਵੀ ਬਾਦਲ ਪਰਿਵਾਰ ਦੀ ਆਖ਼ਰੀ ਕਿੱਲ ਗੁਰਮੀਤ ਖੁੱਡੀਆਂ ਪੁੱਟਣਗੇ- ਭਗਵੰਤ ਮਾਨ
ਇਸ ਵਾਰ ਬਠਿੰਡਾ ਤੋਂ ਵੀ ਬਾਦਲ ਪਰਿਵਾਰ ਦਾ ਸਫ਼ਾਇਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੰਬੀ ਤੋਂ ਬਾਅਦ ਹੁਣ ਬਠਿੰਡਾ 'ਚ ਵੀ ਬਾਦਲ ਪਰਿਵਾਰ ਦੀ ਆਖ਼ਰੀ ਕਿੱਲ 'ਆਪ' ਉਮੀਦਵਾਰ ਗੁਰਮੀਤ ਖੁੱਡੀਆਂ ਪੁੱਟਣਗੇ।
Punjab Politics: ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਬਠਿੰਡਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਬਠਿੰਡਾ ਵਿਖੇ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੂੰ ਹਰਾ ਕੇ ਗੁਰਮੀਤ ਖੁੱਡੀਆਂ ਨੂੰ ਜਿਤਾਉਣ ਦੀ ਅਪੀਲ ਕੀਤੀ।
ਭਾਸ਼ਣ ਦੌਰਾਨ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਾਦਲ ਪਰਿਵਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਸ ਵਾਰ ਬਠਿੰਡਾ ਤੋਂ ਵੀ ਬਾਦਲ ਪਰਿਵਾਰ ਦਾ ਸਫ਼ਾਇਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੰਬੀ ਤੋਂ ਬਾਅਦ ਹੁਣ ਬਠਿੰਡਾ 'ਚ ਵੀ ਬਾਦਲ ਪਰਿਵਾਰ ਦੀ ਆਖ਼ਰੀ ਕਿੱਲ 'ਆਪ' ਉਮੀਦਵਾਰ ਗੁਰਮੀਤ ਖੁੱਡੀਆਂ ਪੁੱਟਣਗੇ।
ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਅੰਗਰੇਜ਼ਾਂ ਅਤੇ ਮੁਗ਼ਲਾਂ ਵਾਂਗ ਲੁੱਟਿਆ। ਅੰਗਰੇਜ਼ ਅਤੇ ਮੁਗ਼ਲ ਦੇਸ਼ ਨੂੰ ਲੁੱਟਣ ਲਈ ਆਏ ਸਨ, ਅਸੀਂ ਇਸ ਗੱਲ ਤੋਂ ਘੱਟ ਦੁਖੀ ਹਾਂ, ਪਰ ਬਾਦਲ ਪਰਿਵਾਰ ਨੇ ਸੇਵਾ ਅਤੇ ਧਰਮ ਦੇ ਨਾਂ 'ਤੇ ਪੰਜਾਬ ਨੂੰ ਲੁੱਟਿਆ, ਇਸ ਲਈ ਪੰਜਾਬ ਦੇ ਲੋਕ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਮਾਨ ਨੇ ਕਿਹਾ ਕਿ ਇਸ ਚੋਣ ਵਿੱਚ ਬਾਦਲ ਪਰਿਵਾਰ ਦੀ ਸਿਆਸਤ ਖ਼ਤਮ ਹੋਣ ਜਾ ਰਹੀ ਹੈ। ਹੁਣ ਉਹ ਇਤਿਹਾਸ ਦੇ ਪੰਨਿਆਂ ਵਿੱਚ ਮਿਲਣਗੇ।
ਭਗਵੰਤ ਮਾਨ ਨੇ ਸੁਖਪਾਲ ਖਹਿਰਾ ਅਤੇ ਕਾਂਗਰਸ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਖਹਿਰਾ ਪੰਜਾਬੀ ਬਹੁਤ ਬੋਲਦੇ ਹਨ, ਪਰ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਹ ਪੰਜਾਬੀ ਭਾਸ਼ਾ ਦਾ ਇਮਤਿਹਾਨ ਪਾਸ ਨਹੀਂ ਕਰ ਸਕਦੇ। ਉਨ੍ਹਾਂ ਨੂੰ 20 ਫ਼ੀਸਦੀ ਅੰਕ ਵੀ ਨਹੀਂ ਮਿਲਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਵਿੱਚ ਮੌਕਾ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਨੌਜਵਾਨਾਂ ਨੇ ਪੰਜਾਬੀ ਭਾਸ਼ਾ ਦੀ ਪ੍ਰੀਖਿਆ 50 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੈ। ਖਹਿਰਾ ਇਸ ਮੁੱਦੇ ਨੂੰ ਬੇਲੋੜਾ ਉਠਾ ਰਹੇ ਹਾਂ।
ਉਨ੍ਹਾਂ ਕਾਂਗਰਸ ਪਾਰਟੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਦੀ ਆਪਸੀ ਦੋਸਤੀ ਕੱਛੂ ਅਤੇ ਚੂਹੇ ਵਰਗੀ ਹੈ। ਹਰ ਕੋਈ ਇੱਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਦੌਰਾਨ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 1 ਜੂਨ ਨੂੰ ਵੋਟਾਂ ਵਾਲੇ ਦਿਨ ਉਹ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਜ਼ਰੂਰ ਸਬਕ ਸਿਖਾਉਣ। ਉਨ੍ਹਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਤਿੰਨ ਵਾਰ ਸੰਸਦ ਰਹਿ ਚੁੱਕੇ ਹਨ। ਇਸ ਦੇ ਬਾਵਜੂਦ ਉਹ ਕਦੇ ਵੀ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਨਹੀਂ ਹੋਏ। ਬੀਬੀ ਬਾਦਲ ਚੋਣਾਂ ਦੌਰਾਨ ਹੀ ਵੋਟਾਂ ਮੰਗਣ ਆਉਂਦੇ ਹਨ। ਉਨ੍ਹਾਂ ਕਿਹਾ ਕਿ ਬੀਬੀ ਬਾਦਲ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਸਮਰਥਨ ਕਰਕੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਇਸ ਵਾਰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ।