ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ, ਪੀੜਤ ਪਰਿਵਾਰ ਨੇ ਕੀਤਾ ਹੰਗਾਮਾ
ਸਿਵਲ ਹਸਪਤਾਲ ਪੱਟੀ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਡੈੱਡ ਹਾਊਸ ਦੀ ਕੈਂਡੀ 'ਚ ਰੱਖੀ ਮ੍ਰਿਤਕ ਦੇਹ ਕੈਂਡੀ ਨਾ ਚੱਲਣ ਕਾਰਨ ਬੁਰੀ ਤਰ੍ਹਾਂ ਨਾਲ ਖ਼ਰਾਬ ਹੋ ਗਈ।
ਪੱਟੀ: ਸਿਵਲ ਹਸਪਤਾਲ ਪੱਟੀ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਡੈੱਡ ਹਾਊਸ ਦੀ ਕੈਂਡੀ 'ਚ ਰੱਖੀ ਮ੍ਰਿਤਕ ਦੇਹ ਕੈਂਡੀ ਨਾ ਚੱਲਣ ਕਾਰਨ ਬੁਰੀ ਤਰ੍ਹਾਂ ਨਾਲ ਖ਼ਰਾਬ ਹੋ ਗਈ। ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੀ ਲਾਪਰਵਾਹੀ ਦੇ ਖਿਲਾਫ ਜੰਮ ਕੇ ਹੰਗਾਮਾ ਕੀਤਾ ਹੈ।
ਪੱਟੀ ਦੇ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ ਉਸ ਵੇਲੇ ਵੇਖਣ ਨੂੰ ਮਿਲੀ। ਜਦ ਮੰਗਲਵਾਰ ਦੇਰ ਸ਼ਾਮ ਇਕ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਉਕਤ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਡੈੱਡ ਹਾਊਸ ਦੀ ਕੈਂਡੀ ਵਿੱਚ ਲਾ ਕੇ ਮ੍ਰਿਤਕ ਪਰਿਵਾਰਕ ਮੈਂਬਰ ਘਰੇ ਚਲਾ ਗਿਆ। ਜਦ ਉਹ ਅੱਜ ਮ੍ਰਿਤਕ ਨੌਜਵਾਨ ਗੁਰਪ੍ਰੀਤ ਦੀ ਲਾਸ਼ ਨੂੰ ਲੈਣ ਵਾਸਤੇ ਸਿਵਲ ਹਸਪਤਾਲ ਪਹੁੰਚੇ ਅਤੇ ਜਦ ਕੈਂਡੀ ਖੋਲ੍ਹ ਕੇ ਦੇਖੀ ਤਾਂ ਮ੍ਰਿਤਕ ਨੌਜਵਾਨ ਦੀ ਲਾਸ਼ ਬੁਰੀ ਤਰ੍ਹਾਂ ਨਾਲ ਗਲ ਸੜ ਚੁੱਕੀ ਸੀ।ਇਸ ਨੂੰ ਵੇਖਦੇ ਹੀ ਪਰਿਵਾਰਕ ਮੈਂਬਰਾਂ ਨੇ ਹਸਪਤਾਲ 'ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਸਿਵਲ ਹਸਪਤਾਲ ਦੇ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੇ ਭਰਾ ਗੁਰਭੇਜ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਦੀ ਇਸ ਲਾਪਰਵਾਹੀ ਦੀ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਕਿਉਂਕਿ ਮੰਗਲਵਾਰ ਜਦ ਉਹ ਆਪਣੇ ਭਰਾ ਦੀ ਲਾਸ਼ ਲਾ ਕੇ ਇੱਥੋਂ ਚਲੇ ਗਏ ਸੀ ਤਾਂ ਉਦੋਂ ਹੀ ਬੰਦ ਹੋ ਗਈ ਸੀ ਪਰ ਹਸਪਤਾਲ ਦੇ ਕਿਸੇ ਵੀ ਅਧਿਕਾਰੀ ਦੇ ਡੈੱਡ ਹਾਊਸ ਦੀ ਇਸ ਕੈਂਡੀ ਨੂੰ ਚੱਲਦਾ ਨਹੀਂ ਵੇਖਿਆ।
ਜਦ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਉਸ ਨੂੰ ਬਾਹਰ ਕੱਢਿਆ ਤਾਂ ਵੇਖਿਆ ਲਾਸ਼ ਬੁਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀ ਸੀ। ਪੀੜਤ ਪਰਿਵਾਰ ਨੇ ਪ੍ਰਸ਼ਾਸਨ 'ਤੇ ਇਹ ਵੀ ਇਲਜ਼ਾਮ ਲਾਏ ਕਿ ਪਰਿਵਾਰਕ ਮੈਂਬਰਾਂ ਤੋਂ ਪੋਸਟਮਾਰਟਮ ਕਰਵਾਉਣ ਲਈ ਇੱਕ ਹਜ਼ਾਰ ਰੁਪਏ ਦੀ ਕਿੱਟ ਵੀ ਉਨ੍ਹਾਂ ਵੱਲੋਂ ਬਾਹਰੋਂ ਮੰਗਵਾਈ ਹੈ।ਪੀੜਤ ਪਰਿਵਾਰ ਨੇ ਹੰਗਾਮੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਿਵਲ ਹਸਪਤਾਲ ਪੱਟੀ ਦੇ ਅਧਿਕਾਰੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
ਉਧਰ ਇਸ ਸੰਬੰਧੀ ਜਦ ਮੌਕੇ 'ਤੇ ਪਹੁੰਚੇ ਸਿਵਲ ਹਸਪਤਾਲ ਦੇ ਡਾ. ਅਸ਼ੀਸ਼ ਗੁਪਤਾ ਨੇ ਕਿਹਾ ਕਿ ਲਾਪ੍ਰਵਾਹੀ ਕਰਨ ਵਾਲੇ ਅਧਿਕਾਰੀ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।