CM Bhagwant Maan: ਲੋਕਾਂ ਦੇ ਦਿਲ ਲੁੱਟਦਾ ਸੀਐਮ ਭਗਵੰਤ ਮਾਨ ਦਾ ਇਹ ਅੰਦਾਜ਼! ਪੁਰਾਣੇ ਮਿੱਤਰ ਨੂੰ ਸੜਕ ਕੰਢਾ ਖੜ੍ਹਾ ਦੇਖ ਲਾਈ ਕਾਫਲੇ ਨੂੰ ਬ੍ਰੇਕ
CM Bhagwant Maan: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੜਕ 'ਤੇ ਜਾਂਦਿਆਂ ਕਿਤੇ ਵੀ ਆਪਣਾ ਕਾਫਲਾ ਰੋਕ ਕੇ ਲੋਕਾਂ ਨਾਲ ਗੱਲਬਾਤ ਕਰਨ ਲੱਗਦੇ ਹਨ।
CM Bhagwant Maan: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੜਕ 'ਤੇ ਜਾਂਦਿਆਂ ਕਿਤੇ ਵੀ ਆਪਣਾ ਕਾਫਲਾ ਰੋਕ ਕੇ ਲੋਕਾਂ ਨਾਲ ਗੱਲਬਾਤ ਕਰਨ ਲੱਗਦੇ ਹਨ। ਲੋਕਾਂ ਨੂੰ ਉਨ੍ਹਾਂ ਦਾ ਇਹ ਅੰਦਾਜ਼ ਕਾਫੀ ਪਸੰਦ ਆਉਂਦਾ ਹੈ। ਉਨ੍ਹਾਂ ਦੀਆਂ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀਆਂ ਹੀ ਰਹਿੰਦਿਆਂ ਹਨ। ਕੁਝ ਲੋਕ ਇਸ ਨੂੰ ਪਬਲੀਸਿਟੀ ਸਟੰਟ ਵੀ ਕਹਿੰਦੇ ਹਨ ਪਰ ਫਿਰ ਵੀ ਮੁੱਖ ਮੰਤਰੀ ਵੱਲੋਂ ਲੋਕਾਂ ਨਾਲ ਇਸ ਤਰ੍ਹਾਂ ਦਾ ਰਾਬਤਾ ਲੋਕਤੰਤਰ ਲਈ ਸ਼ੁਭ ਸੰਕੇਤ ਹੈ।
ਹੁਣ ਇਸੇ ਤਰ੍ਹਾਂ ਦਾ ਇੱਕ ਤਾਜ਼ਾ ਵਾਕਿਆ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾ ਮੁਤਾਬਕ ਮੁਹਾਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੜਕ ਕੰਢੇ ਖੜ੍ਹੇ ਆਪਣੇ ਪੁਰਾਣੇ ਮਿੱਤਰ ਬਚਨ ਬੇਦਿਲ ਨੂੰ ਦੇਖ ਕੇ ਆਪਣੀਆਂ ਗੱਡੀਆਂ ਦਾ ਕਾਫ਼ਲਾ ਰੁਕਵਾ ਲਿਆ। ਮਾਨ ਆਪਣੀ ਗੱਡੀ ਤੋਂ ਥੱਲੇ ਉਤਰ ਕੇ ਬਚਨ ਬੇਦਿਲ ਨੂੰ ਮਿਲੇ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਤੇ ਦਸ ਮਿੰਟ ਦੇ ਕਰੀਬ ਗੱਲਾਂ ਕੀਤੀਆਂ।
ਇੱਕ ਮੀਡੀਆ ਹਾਊਸ ਕੋਲ ਬਚਨ ਬੇਦਿਲ ਨੇ ਅਚਾਨਕ ਹੋਈ ਇਸ ਮੁਲਾਕਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਸ਼ਾਮੀਂ ਆਪਣੇ ਬਡਰੁੱਖਾਂ (ਸੰਗਰੂਰ) ਸਥਿਤ ਘਰ ਜਾਣ ਲਈ ਮੁਹਾਲੀ ਦੀ ਏਅਰਪੋਰਟ ਰੋਡ ਤੋਂ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਲੰਘਾਉਣ ਲਈ ਕਿਸਾਨ ਚੈਂਬਰ ਕੋਲ ਵੱਡੀ ਗਿਣਤੀ ਵਿੱਚ ਪੁਲਿਸ ਖੜ੍ਹੀ ਸੀ ਤੇ ਆਵਾਜਾਈ ਰੁਕੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਉਹ ਵੀ ਸਾਈਡ ਉੱਤੇ ਕਾਰ ਲਗਾ ਕੇ ਸੜਕ ਕੰਢੇ ਖੜ੍ਹ ਗਏ। ਜਦੋਂ ਮੁੱਖ ਮੰਤਰੀ ਦੀ ਗੱਡੀ ਉਨ੍ਹਾਂ ਕੋਲੋਂ ਲੰਘਣ ਲੱਗੀ ਤਾਂ ਉਨ੍ਹਾਂ ਭਗਵੰਤ ਮਾਨ ਨੂੰ ਹੱਥ ਖੜ੍ਹਾ ਕਰ ਕੇ ਸਤਿ ਸ੍ਰੀ ਅਕਾਲ ਬੁਲਾਈ। ਬਚਨ ਬੇਦਿਲ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸੜਕ ਕਿਨਾਰੇ ਖੜ੍ਹੇ ਦੇਖਦਿਆਂ ਹੀ ਆਪਣੀ ਗੱਡੀ ਰੁਕਵਾ ਲਈ ਅਤੇ ਗੱਡੀ ਤੋਂ ਥੱਲੇ ਉਤਰ ਆਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਤੋਂ ਹਾਲ ਚਾਲ ਪੁੱਛਿਆ ਤੇ ਕੁਝ ਹੋਰ ਗੱਲਾਂ ਵੀ ਕੀਤੀਆਂ ਤੇ ਜਨਵਰੀ ਮਹੀਨੇ ਵਿੱਚ ਮੁਲਾਕਾਤ ਦਾ ਵਾਅਦਾ ਵੀ ਕੀਤਾ।
ਬੇਦਿਲ ਨੇ ਆਖਿਆ ਕਿ ਆਪਣੇ ਪੁਰਾਣੇ ਦੋਸਤ ਨੂੰ ਸੜਕ ’ਤੇ ਖੜ੍ਹੇ ਦੇਖ ਕੇ ਕਿਸੇ ਮੁੱਖ ਮੰਤਰੀ ਵੱਲੋਂ ਗੱਡੀ ਰੁਕਵਾ ਕੇ ਮਿਲਣਾ ਬੇਹੱਦ ਅਚੰਭੇ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲੋਂ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨੇ ਗੱਡੀ ਰੋਕ ਕੇ ਮਿਲ ਕੇ ਇੰਨਾ ਮਾਣ ਸਤਿਕਾਰ ਦਿੱਤਾ।