ਪੜਚੋਲ ਕਰੋ
Advertisement
ਸੀਐਮ ਭਗਵੰਤ ਮਾਨ ਵੱਲੋਂ ਨੌਕਰੀ ਦੌਰਾਨ ਹਾਦਸੇ ਵਿਚ ਮਾਰੇ ਜਾਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਲਈ ਐਕਸ-ਗ੍ਰੇਸ਼ੀਆ ਗਰਾਂਟ ਸ਼ੁਰੂ ਕਰਨ ਦਾ ਐਲਾਨ
Amritsar News : ਦੇਸ਼ ਦੇ ਬਹਾਦਰ ਸੈਨਿਕਾਂ ਦੇ ਸਤਿਕਾਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫੌਜੀ ਸੈਨਿਕ ਦੀ ਨੌਕਰੀ ਦੌਰਾਨ ਕਿਸੇ ਹਾਦਸੇ ਵਿੱਚ ਮੌਤ ਹੋ ਜਾਣ (ਫਿਜ਼ੀਕਲ ਕੈਜ਼ੁਅਲਟੀ) ਦੀ ਸੂਰਤ ਵਿਚ ਪਰਿਵਾਰ
Amritsar News : ਦੇਸ਼ ਦੇ ਬਹਾਦਰ ਸੈਨਿਕਾਂ ਦੇ ਸਤਿਕਾਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫੌਜੀ ਸੈਨਿਕ ਦੀ ਨੌਕਰੀ ਦੌਰਾਨ ਕਿਸੇ ਹਾਦਸੇ ਵਿੱਚ ਮੌਤ ਹੋ ਜਾਣ (ਫਿਜ਼ੀਕਲ ਕੈਜ਼ੁਅਲਟੀ) ਦੀ ਸੂਰਤ ਵਿਚ ਪਰਿਵਾਰ ਲਈ ਐਕਸ-ਗ੍ਰੇਸ਼ੀਆ ਗਰਾਂਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਡਿਊਟੀ ਦੌਰਾਨ ਦਿਵਿਆਂਗ ਹੋਏ ਸੈਨਿਕਾਂ ਲਈ ਵਿੱਤੀ ਸਹਾਇਤਾ ਦੁੱਗਣੀ ਕਰਨ ਦੇ ਨਾਲ-ਨਾਲ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੇ ਨਾਨ-ਪੈਨਸ਼ਨਰ ਸਾਬਕਾ ਸੈਨਿਕਾਂ ਦੀ ਵਿੱਤੀ ਸਹਾਇਤਾ ਵਧਾਉਣ ਦਾ ਵੀ ਐਲਾਨ ਕੀਤਾ।
ਅੱਜ ਇੱਥੇ ‘ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਐਂਡ ਮਿਊਜ਼ੀਅਮ’ ਵਿਖੇ ਕਾਰਗਿਲ ਵਿਜੈ ਦਿਵਸ ਮੌਕੇ ਕਰਵਾਏ ਸਮਾਗਮ ਵਿਚ ਮੁੱਖ ਮੰਤਰੀ ਨੇ ਸੂਬੇ ਦੀ ਅਗਵਾਈ ਕਰਦਿਆਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਜੰਗੀ ਨਾਇਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੈਨਿਕਾਂ ਦੇ ਲਾਮਿਸਾਲ ਯੋਗਦਾਨ ਦੇ ਸਤਿਕਾਰ ਵਿਚ ਸੂਬਾ ਸਰਕਾਰ ਨੇ ਹੁਣ ਰੱਖਿਆ ਸੈਨਾਵਾਂ ਵਿਚ ਨੌਕਰੀਆਂ ਦੌਰਾਨ ਸੈਨਿਕ ਦੀ ਕਿਸੇ ਹਾਦਸੇ ਵਿਚ (ਜੰਗੀ ਅਪ੍ਰੇਸ਼ਨਾਂ ਤੋਂ ਇਲਾਵਾ) ਮੌਤ ਹੋ ਜਾਣ ਦੀ ਸੂਰਤ ਵਿਚ ਪਰਿਵਾਰ ਲਈ 25 ਲੱਖ ਰੁਪਏ ਐਕਸ-ਗ੍ਰੇਸ਼ੀਆ ਗਰਾਂਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਜਿਹੀ ਕੋਈ ਵਿਵਸਥਾ ਨਹੀਂ ਸੀ ਪਰ ਉਨ੍ਹਾਂ ਦੀ ਸਰਕਾਰ ਨੇ ਇਹ ਉਪਰਾਲਾ ਕੀਤਾ ਹੈ ਕਿਉਂਕਿ ਇਹ ਬਹਾਦਰ ਸੈਨਿਕ ਵੀ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਡਿਊਟੀ ਦੌਰਾਨ ਦਿਵਿਆਂਗ ਹੋ ਚੁੱਕੇ ਸੈਨਿਕਾਂ ਲਈ ਵੀ ਐਕਸ-ਗ੍ਰੇਸ਼ੀਆ ਰਾਸ਼ੀ ਵਿਚ ਵਾਧਾ ਕੀਤਾ ਹੈ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ 76 ਫੀਸਦੀ ਤੋਂ 100 ਫੀਸਦੀ ਦਿਵਿਆਂਗ ਹੋਏ ਸੈਨਿਕਾਂ ਨੂੰ ਹੁਣ 20 ਲੱਖ ਰੁਪਏ ਦੀ ਬਜਾਏ 40 ਲੱਖ ਰੁਪਏ ਐਕਸ-ਗ੍ਰੇਸ਼ੀਆ ਮਿਲੇਗੀ, 51 ਫੀਸਦੀ ਤੋਂ 75 ਫੀਸਦੀ ਦਿਵਿਆਂਗ ਹੋਏ ਸੈਨਿਕਾਂ ਨੂੰ 10 ਲੱਖ ਰੁਪਏ ਦੀ ਬਜਾਏ 20 ਲੱਖ ਰੁਪਏ ਅਤੇ 25 ਫੀਸਦੀ ਤੋਂ 50 ਫੀਸਦੀ ਦਿਵਿਆਂਗ ਹੋਏ ਸੈਨਿਕਾਂ ਨੂੰ 5 ਲੱਖ ਰੁਪਏ ਦੀ ਬਜਾਏ 10 ਲੱਖ ਰੁਪਏ ਐਕਸ-ਗ੍ਰੇਸ਼ੀਆ ਰਾਸ਼ੀ ਮਿਲੇਗੀ। ਉਨ੍ਹਾਂ ਕਿਹਾ ਕਿ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੇ ਨਾਨ-ਪੈਨਸ਼ਨਰ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੀਆਂ ਵਿਧਵਾਵਾਂ ਲਈ ਮਹੀਨਾਵਾਰ ਮਾਲੀ ਸਹਾਇਤਾ 6000 ਰੁਪਏ ਤੋਂ ਵਧਾ ਕੇ 1000 ਰੁਪਏ ਕਰ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਬਹਾਦਰ ਸੈਨਿਕਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਇੱਕ ਭਾਵੁਕਤਾ ਵਾਲਾ ਸਮਾਗਮ ਹੈ ਅਤੇ ਪੂਰਾ ਦੇਸ਼ ਇਨ੍ਹਾਂ ਸੂਰਬੀਰਾਂ ਵੱਲੋਂ ਦਿੱਤੀ ਮਹਾਨ ਕੁਰਬਾਨੀ 'ਤੇ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਫੌਜੀ ਮੌਸਮ ਦੀ ਖਰਾਬੀ ਦੇ ਬਾਵਜੂਦ ਆਪਣੀ ਡਿਊਟੀ ਨਿਭਾਉਂਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਾਸੀ ਇਨ੍ਹਾਂ ਕੌਮੀ ਨਾਇਕਾਂ ਦੀ ਬਹਾਦਰੀ ਅਤੇ ਦੇਸ਼ ਪ੍ਰਤੀ ਨਿਰਸਵਾਰਥ ਸੇਵਾ ਲਈ ਸਦਾ ਰਿਣੀ ਰਹਿਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੀ ਖਾਤਰ ਇਨ੍ਹਾਂ ਨਾਇਕਾਂ ਵੱਲੋਂ ਦਿੱਤੀਆਂ ਮਹਾਨ ਕੁਰਬਾਨੀਆਂ ਦੇ ਸਨਮਾਨ ਵਜੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਇਹ ਨਿਮਾਣਾ ਜਿਹਾ ਉਪਰਾਲਾ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਬਰਕਰਾਰ ਰੱਖਣ ਲਈ ਇਨ੍ਹਾਂ ਸਪੂਤਾਂ ਦੇ ਵੱਡਮੁੱਲੇ ਯੋਗਦਾਨ ਦੇ ਸਤਿਕਾਰ ਵਿਚ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਦੇ ਤਹਿਤ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਚੇਤੇ ਕਰਦਿਆਂ ਕਿਹਾ, “ਕਾਰਗਿਲ ਜੰਗ ਦੌਰਾਨ ਉਹ ਇੱਕ ਕਲਾਕਾਰ ਸਨ ਅਤੇ ਇਨ੍ਹਾਂ ਕੌਮੀ ਨਾਇਕਾਂ ਨਾਲ ਇਕਮੁੱਠਤਾ ਪ੍ਰਗਟਾਉਣ ਲਈ ਮੈਂ ਇੱਕ ਚੈਰਿਟੀ ਸ਼ੋਅ ਵੀ ਕਰਵਾਇਆ ਸੀ। ਇਹ ਚੈਰਿਟੀ ਸ਼ੋਅ ਪਟਿਆਲਾ ਵਿਖੇ ਕਰਵਾਇਆ ਗਿਆ ਸੀ ਜਿਸ ਵਿੱਚ ਕਈ ਹੋਰ ਕਲਾਕਾਰਾਂ ਨੇ ਵੀ ਹਿੱਸਾ ਲਿਆ ਸੀ। ਫੌਜ ਦੇ ਬਹਾਦਰੀ ਭਰੇ ਕਾਰਨਾਮਿਆਂ ਪ੍ਰਤੀ ਧੰਨਵਾਦ ਪ੍ਰਗਟਾਉਂਦੇ ਹੋਏ ਇਸ ਸ਼ੋਅ ਦਾ ਇਕੱਠਾ ਹੋਇਆ ਸਾਰਾ ਪੈਸਾ ਫੌਜ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ ਸੀ।”
ਮੁੱਖ ਮੰਤਰੀ ਨੇ ਕਿਹਾ ਕਿ ਬਰਤਾਨਵੀ ਸਾਮਰਾਜ ਦੀ ਬਸਤੀ ਹੋਣ ਦੇ ਨਾਤੇ ਸਾਡੇ ਦੇਸ਼ ਨੇ ਬਹੁਤ ਦੁੱਖ-ਤਕਲੀਫਾਂ ਝੱਲੇ ਹਨ ਪਰ ਸਾਡੇ ਆਜ਼ਾਦੀ ਸੰਗਰਾਮ ਦੇ ਬਹਾਦਰ ਅਤੇ ਦ੍ਰਿੜ ਨਾਇਕਾਂ ਨੇ ਵਿਦੇਸ਼ੀ ਸਾਮਰਾਜਵਾਦ ਦੀਆਂ ਜੰਜੀਰਾਂ ਤੋੜਨ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਗੱਲ ਰਿਕਾਰਡ 'ਤੇ ਹੈ ਕਿ ਜਿਨ੍ਹਾਂ ਮਹਾਨ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਜਾਂ ਕਿਸੇ ਨਾ ਕਿਸੇ ਰੂਪ ਵਿਚ ਅੰਗਰੇਜ਼ਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ, ਉਨ੍ਹਾਂ ਵਿਚੋਂ 90 ਫੀਸਦੀ ਤੋਂ ਵੱਧ ਪੰਜਾਬੀ ਸਨ। ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਕਈ ਹੋਰ ਯੋਧਿਆਂ ਨੇ ਦੇਸ਼ ਆਜ਼ਾਦ ਕਰਵਾਉਣ ਲਈ ਆਪਣਾ ਖੂਨ ਵਹਾਇਆ।
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਵੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਪੰਜਾਬੀ ਸਭ ਤੋਂ ਅੱਗੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਭਾਰਤ ਨੂੰ ਅੰਦਰੂਨੀ ਜਾਂ ਬਾਹਰੀ ਹਮਲੇ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਤਾਂ ਪੰਜਾਬੀਆਂ ਨੇ ਦੇਸ਼ ਦੀ ਅਗਵਾਈ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਇਹ ਗੱਲ ਵੀ ਲੁਕੀ-ਛਿਪੀ ਨਹੀਂ ਕਿ ਸੂਬੇ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ-ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਮੁੱਖ ਮੰਤਰੀ ਨੇ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਲਈ ਸੈਨਿਕਾਂ ਦੀ ਬਹਾਦਰੀ ਭਰੀ ਗਾਥਾ ਨੂੰ ਚੇਤੇ ਕੀਤਾ। ਉਨ੍ਹਾਂ ਕਿਹਾ ਕਿ ਇਸ ਜੰਗ ਵਿੱਚ ਭਾਰਤੀ ਫੌਜ ਨੇ ਔਖੀਆਂ ਪ੍ਰਸਥਿਤੀਆਂ ਦੇ ਬਾਵਜੂਦ ਜਿਸ ਤਰ੍ਹਾਂ ਦਲੇਰੀ ਤੇ ਸਾਹਸ ਦਾ ਸਬੂਤ ਦਿੱਤਾ, ਉਸ ਦੀ ਮਿਸਾਲ ਦੁਨੀਆਂ ਭਰ ਵਿੱਚ ਸ਼ਾਇਦ ਹੀ ਕੋਈ ਹੋਰ ਮਿਲਦੀ ਹੋਵੇ। ਭਗਵੰਤ ਮਾਨ ਨੇ ਕਿਹਾ ਕਿ ਹਰ ਦੇਸ਼ ਵਾਸੀ ਇਨ੍ਹਾਂ ਸ਼ਹੀਦਾਂ ਦੀ ਮਹਾਨ ਕੁਰਬਾਨੀ ਲਈ ਸਦਾ ਰਿਣੀ ਰਹੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement