CM Bhagwant Mann ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਪੇਸ਼, 3 ਸਾਲ ਪਹਿਲਾਂ ਪੁਲਿਸ ਨਾਲ ਝੜਪ ਦੇ ਇਲਜ਼ਾਮ
ਪੁਲਿਸ ਨਾਲ ਹੱਥੋਪਾਈ ਦੀ ਇਹ ਘਟਨਾ ਪਿਛਲੀ ਸਰਕਾਰ ਕਾਂਗਰਸ ਵੇਲੇ ਵਾਪਰੀ ਸੀ। ਉਸ ਸਮੇਂ ਪੰਜਾਬ ਦੀ ਕਾਂਗਰਸ ਸਰਕਾਰ ਨੇ ਬਿਜਲੀ ਦਰਾਂ ਵਿੱਚ ਵਾਧਾ ਕੀਤਾ ਸੀ।
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਦੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ। ਚੰਡੀਗੜ੍ਹ ਪੁਲਿਸ ਨਾਲ ਹੱਥੋਪਾਈ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਜ਼ਿਲ੍ਹਾ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਪੁਲਿਸ ਨਾਲ ਹੱਥੋਪਾਈ ਦੀ ਇਹ ਘਟਨਾ ਪਿਛਲੀ ਸਰਕਾਰ ਕਾਂਗਰਸ ਵੇਲੇ ਵਾਪਰੀ ਸੀ। ਉਸ ਸਮੇਂ ਪੰਜਾਬ ਦੀ ਕਾਂਗਰਸ ਸਰਕਾਰ ਨੇ ਬਿਜਲੀ ਦਰਾਂ ਵਿੱਚ ਵਾਧਾ ਕੀਤਾ ਸੀ।
ਇਸ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਪ੍ਰਦਰਸ਼ਨ ਕਰਦੇ ਹੋਏ ਚੰਡੀਗੜ੍ਹ 'ਚ ਮੁੱਖ ਮੰਤਰੀ ਹਾਊਸ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।ਇਸ ਧਰਨੇ ਦੌਰਾਨ ਪੁਲੀਸ ਨਾਲ ‘ਆਪ’ ਆਗੂਆਂ ਤੇ ਵਰਕਰਾਂ ਦੀ ਝੜਪ ਵੀ ਹੋਈ ਤੇ ਇਸ ਵਿੱਚ ਕਈ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਇਸ ਮਾਮਲੇ ਵਿੱਚ ਭਗਵੰਤ ਮਾਨ, ਚੀਮਾ ਸਮੇਤ ਕਈ ਤਤਕਾਲੀ ਵਿਧਾਇਕ ਅਤੇ ਮੌਜੂਦਾ ਮੰਤਰੀ ਵੱਖ-ਵੱਖ ਧਾਰਾਵਾਂ ਤਹਿਤ ਮੁਲਜ਼ਮ ਹਨ।
ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ 10.30 ਵਜੇ ਤੱਕ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਐਮ ਮਾਨ ਜ਼ਿਲ੍ਹਾ ਅਦਾਲਤ ਵਿੱਚ ਪਹੁੰਚ ਚੁੱਕੇ ਹਨ। ਉਨ੍ਹਾਂ ਨਾਲ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਵੀ ਅਦਾਲਤ ਵਿੱਚ ਮੌਜੂਦ ਹਨ। ਇਸ ਦੇ ਨਾਲ ਹੀ ਸਾਬਕਾ ਵਿਸ਼ੇਸ਼ ਸਰਕਾਰੀ ਵਕੀਲ ਪ੍ਰਥਮ ਸੇਠੀ ਵੀ ਮੁੱਖ ਮੰਤਰੀ ਦੇ ਨਾਲ ਅਦਾਲਤ ਵਿੱਚ ਮੌਜੂਦ ਹਨ। ਹੁਣ ਅਦਾਲਤੀ ਕਾਰਵਾਈ ਚੱਲ ਰਹੀ ਹੈ। ਇਸ ਤੋਂ ਬਾਅਦ ਸੀ.ਐਮ ਮਾਨ ਨੂੰ ਅਦਾਲਤ ਵਿੱਚ ਚੱਲ ਰਹੇ ਕੇਸ ਦੀ ਚਾਰਜਸ਼ੀਟ ਦੀ ਕਾਪੀ ਦਿੱਤੀ ਜਾਵੇਗੀ।
ਜਾਣੋ ਕੀ ਹੈ ਮਾਮਲਾ
ਜਨਵਰੀ 2020 ਵਿੱਚ, ਆਮ ਆਦਮੀ ਪਾਰਟੀ ਦੇ ਨੇਤਾਵਾਂ, ਵਿਧਾਇਕਾਂ ਅਤੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਪੰਜਾਬ ਵਿੱਚ ਵਧੀਆਂ ਬਿਜਲੀ ਦਰਾਂ ਵਿਰੁੱਧ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕੀਤਾ। ਸੈਕਟਰ-3 ਥਾਣੇ ਦੀ ਪੁਲੀਸ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ, ਉਸ ਵੇਲੇ ਦੇ ਆਮ ਆਦਮੀ ਪਾਰਟੀ ਦੇ 7 ਵਿਧਾਇਕਾਂ ਸਮੇਤ 800 ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਦੰਗਾ ਕਰਨ, ਪੁਲੀਸ ’ਤੇ ਹਮਲਾ ਕਰਨ ਅਤੇ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਪੁਲੀਸ ਨੇ ਉਪਰੋਕਤ ਸਾਰਿਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 147, 149, 332, 353 ਅਤੇ 188 ਤਹਿਤ ਕੇਸ ਦਰਜ ਕੀਤਾ ਸੀ।