ਮੋਦੀ ਸਰਕਾਰ 'ਤੇ CM ਭਗਵੰਤ ਮਾਨ ਦਾ ਵੱਡਾ ਇਲਜ਼ਾਮ, ਪਠਾਨਕੋਟ ਅੱਤਵਾਦੀ ਹਮਲੇ ਤੋਂ ਬਾਅਦ ਫੌਜ ਭੇਜਣ ਲਈ ਮੰਗੇ ਸੀ 7.50 ਕਰੋੜ ਰੁਪਏ
ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਗੰਭੀਰ ਇਲਜ਼ਾਮ ਲਾਏ ਹਨ।ਮਾਨ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਦੋਸ਼ ਲਾਇਆ ਕਿ ਕੇਂਦਰ ਨੇ ਪਠਾਨਕੋਟ ਅੱਤਵਾਦੀ ਹਮਲੇ ਤੋਂ ਬਾਅਦ ਫੌਜ ਭੇਜਣ ਦੇ ਬਦਲੇ 7.50 ਕਰੋੜ ਰੁਪਏ ਦੀ ਮੰਗ ਕੀਤੀ ਸੀ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਗੰਭੀਰ ਇਲਜ਼ਾਮ ਲਾਏ ਹਨ।ਮਾਨ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਦੋਸ਼ ਲਾਇਆ ਕਿ ਕੇਂਦਰ ਨੇ ਪਠਾਨਕੋਟ ਅੱਤਵਾਦੀ ਹਮਲੇ ਤੋਂ ਬਾਅਦ ਫੌਜ ਭੇਜਣ ਦੇ ਬਦਲੇ 7.50 ਕਰੋੜ ਰੁਪਏ ਦੀ ਮੰਗ ਕੀਤੀ ਸੀ। ਮਾਨ ਨੇ ਕਿਹਾ-ਮੈਂ ਉਸ ਸਮੇਂ ਐਮ.ਪੀ. ਸੀ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਸੰਸਦ ਮੈਂਬਰ ਸਾਧੂ ਸਿੰਘ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ।
ਮੁੱਖ ਮੰਤਰੀ ਨੇ ਅੱਗੇ ਕਿਹਾ, "ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਰਕਮ ਸਾਡੇ ਐਮ.ਪੀ.ਐਲ.ਏ.ਡੀ. ਫੰਡ ਵਿੱਚੋਂ ਕੱਟ ਲਓ, ਪਰ ਸਾਨੂੰ ਇਹ ਲਿਖਤੀ ਰੂਪ ਵਿੱਚ ਦੇ ਦਿਓ ਕਿ ਅਸੀਂ ਪੰਜਾਬ ਨੂੰ ਕਿਰਾਏ 'ਤੇ ਫੌਜ ਦਿੱਤੀ ਸੀ। ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ। ਸਭ ਤੋਂ ਪਹਿਲਾਂ, ਗੋਲੀਆਂ ਸਾਡੇ ਸੀਨੇ ਵਿੱਚ ਵੱਜੀਆਂ। ਇਸ ਤੋਂ ਬਾਅਦ ਰੱਖਿਆ ਮੰਤਰੀ ਨੇ ਉਹ ਪੈਸਾ ਨਹੀਂ ਲਿਆ।"
2016 'ਚ ਹੋਇਆ ਅੱਤਵਾਦੀ ਹਮਲਾ, 8 ਜਵਾਨ ਸ਼ਹੀਦ ਹੋਏ
2 ਜਨਵਰੀ 2016 ਨੂੰ ਪਠਾਨਕੋਟ ਏਅਰਬੇਸ 'ਤੇ ਅੱਤਵਾਦੀ ਹਮਲਾ ਹੋਇਆ ਸੀ। ਜਿਸ ਨੂੰ ਭਾਰਤੀ ਫੌਜ ਦੀ ਵਰਦੀ 'ਚ ਆਏ ਹਥਿਆਰਬੰਦ ਅੱਤਵਾਦੀਆਂ ਨੇ ਅੰਜਾਮ ਦਿੱਤਾ। ਇਸ ਹਮਲੇ 'ਚ 7 ਜਵਾਨ ਸ਼ਹੀਦ ਹੋਏ ਸੀ। ਜਾਂਚ 'ਚ ਸਾਹਮਣੇ ਆਇਆ ਕਿ ਸਾਰੇ ਅੱਤਵਾਦੀ ਰਾਵੀ ਨਦੀ ਰਾਹੀਂ ਭਾਰਤ-ਪਾਕਿਸਤਾਨ ਸਰਹੱਦ 'ਤੇ ਆਏ ਸੀ। ਭਾਰਤ ਪਹੁੰਚ ਕੇ ਅੱਤਵਾਦੀਆਂ ਨੇ ਕੁਝ ਵਾਹਨਾਂ ਨੂੰ ਹਾਈਜੈਕ ਕਰ ਲਿਆ। ਇਨ੍ਹਾਂ ਰਾਹੀਂ ਉਹ ਪਠਾਨਕੋਟ ਏਅਰਬੇਸ ਪਹੁੰਚੇ।ਇਸ ਤੋਂ ਬਾਅਦ ਫੌਜ ਨੇ ਆ ਕੇ 5 ਅੱਤਵਾਦੀਆਂ ਨੂੰ ਮਾਰ ਦਿੱਤਾ।
ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਕੇਂਦਰੀ ਸੇਵਾ ਨਿਯਮਾਂ ਦੇ ਅਧੀਨ ਕਰ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਇਜਲਾਸ ਬੁਲਾਇਆ ਸੀ। ਇਸੇ ਦੌਰਾਨ ਸੀਐਮ ਮਾਨ ਨੇ ਕੇਂਦਰ ਦੀ ਪੰਜਾਬ ਪ੍ਰਤੀ ਵਿਤਕਰੇ ਵਾਲੀ ਨੀਤੀ ਦੀ ਮਿਸਾਲ ਦਿੰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਵਾਨ ਪਹਿਲਾਂ ਦੁਸ਼ਮਣ ਦੀਆਂ ਗੋਲੀਆਂ ਛਾਤੀ 'ਤੇ ਖਾਂਦੇ ਹਨ। ਇਸ ਦੇ ਬਾਵਜੂਦ ਸੂਬੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਭਰਮ ਫੈਲਾਉਣ ਦੀ ਆਦਤ ਹੈ। ਜਦੋਂ ਪਠਾਨਕੋਟ ਅੱਤਵਾਦੀ ਹਮਲਾ ਹੋਇਆ ਸੀ, ਉਦੋਂ ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸੀ। ਮੈਂ ਉਥੋਂ ਦਾ ਵਿਧਾਇਕ ਸੀ। ਜੇਕਰ ਕੇਂਦਰ ਨੇ ਪੈਸੇ ਮੰਗੇ ਹੁੰਦੇ ਤਾਂ ਸਾਨੂੰ ਪਹਿਲਾਂ ਪਤਾ ਹੁੰਦਾ। ਇਹ ਮਾਮਲਾ ਉਸ ਸਮੇਂ ਦੀ ਸਰਕਾਰ ਦੇ ਧਿਆਨ ਵਿੱਚ ਆਇਆ ਹੋਵੇਗਾ। ਇਹ ਸਭ ਭਰਮ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਕੁਝ ਕਹਿਣ ਅਤੇ ਫਿਰ ਉਸ ਤੋਂ ਭੱਜਣ ਦੀ ਆਦਤ ਹੈ। ਹਾਲਾਂਕਿ ਹੁਣ ਉਨ੍ਹਾਂ ਦੀ ਜਵਾਬਦੇਹੀ ਤੈਅ ਹੋਵੇਗੀ। ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ 300 ਯੂਨਿਟ ਮੁਫਤ ਬਿਜਲੀ ਦੇਣ ਦੇ ਚੋਣ ਵਾਅਦੇ 'ਤੇ ਉਨ੍ਹਾਂ ਨੂੰ ਪੰਜਾਬ ਨੂੰ ਜਵਾਬ ਦੇਣਾ ਪਵੇਗਾ।