ਪੰਜਾਬ 'ਚ ਹੜ੍ਹ ਪੀੜਤਾਂ ਨਾਲ ਮਿਲੇ CM ਭਗਵੰਤ ਮਾਨ, ਕੀਤਾ ਵੱਡਾ ਐਲਾਨ!
ਉੱਤਰੀ ਭਾਰਤ 'ਚ ਇਸ ਸਮੇਂ ਭਾਰੀ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ। ਦੱਸ ਦਈਏ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਨਦੀਆਂ ਅਤੇ ਨਾਲੇ ਉਫਾਨ 'ਤੇ ਹੋਣ ਕਾਰਨ ਹੜ੍ਹ...

Punjab Floods: ਉੱਤਰੀ ਭਾਰਤ 'ਚ ਇਸ ਸਮੇਂ ਭਾਰੀ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ। ਦੱਸ ਦਈਏ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਨਦੀਆਂ ਅਤੇ ਨਾਲੇ ਉਫਾਨ 'ਤੇ ਹੋਣ ਕਾਰਨ ਹੜ੍ਹ ਦਾ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਲੋਕਾਂ ਦੇ ਘਰਾਂ ਤੋਂ ਲੈ ਕੇ ਖੇਤਾਂ ਤੱਕ ਪਾਣੀ ਭਰ ਗਿਆ ਹੈ, ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਹੁਣ ਪਾਣੀ ਦੀ ਮਾਰ ਮਾਲਵੇ ਵਾਲੇ ਖੇਤਰਾਂ 'ਚ ਵੀ ਪੈਂਦੀ ਹੋਈ ਨਜ਼ਰ ਆ ਰਹੀ ਹੈ।
ਪੰਜਾਬ ਵਿੱਚ ਭਾਰੀ ਬਾਰਿਸ਼ ਅਤੇ ਹੜ੍ਹ ਦੇ ਦਰਮਿਆਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 1 ਸਤੰਬਰ ਨੂੰ ਟਾਂਡਾ ਖੇਤਰ ਦੇ ਬੇਟ ਇਲਾਕੇ ਰੜਾ ਮੰਡ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਹਲਕਾ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ, ਵਿਧਾਇਕ ਕਰਮਵੀਰ ਸਿੰਘ ਘੁੰਮਣ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਆਸ਼ਿਕਾ ਜੈਨ, ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ, ਐਸ.ਡੀ.ਐਮ. ਟਾਂਡਾ ਪਰਮਪ੍ਰੀਤ ਸਿੰਘ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਹਿਰ ਵਿਭਾਗ ਦੇ ਸਾਰੇ ਅਧਿਕਾਰੀ ਖ਼ਾਸ ਤੌਰ 'ਤੇ ਮੌਜੂਦ ਸਨ।
ਸੀਐਮ ਮਾਨ ਨੇ ਹੜ੍ਹ ਪੀੜਤਾਂ ਨਾਲ ਕੀਤੀ ਗੱਲਬਾਤ ਤੇ ਦਿੱਤਾ ਭਰੋਸਾ
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਸ ਦਰਿਆ ਦੇ ਕੰਢੇ ਵਸੇ ਪਿੰਡ ਅਬਦੁੱਲਾਪੁਰ, ਪਿੰਡ ਮਿਆਨੀ ਅਤੇ ਟਾਂਡਾ-ਸ਼੍ਰੀ ਹਰਿਗੋਬਿੰਦਪੁਰ ਰੋਡ 'ਤੇ ਬਣੇ ਅਸਥਾਈ ਕੈਂਪਾਂ ਵਿੱਚ ਰਹਿ ਰਹੇ ਹੜ੍ਹ ਪੀੜਤ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਨ੍ਹਾਂ ਨੇ ਹੜ੍ਹ ਪੀੜਤਾਂ ਨੂੰ ਮੁੱਖ ਮੰਤਰੀ ਰਾਹਤ ਕੋਸ਼ ਤੋਂ ਭੇਜੀ ਗਈ ਰਾਹਤ ਸਮੱਗਰੀ ਵੀ ਵੰਡੀਂ ਅਤੇ ਇਸ ਮੁਸ਼ਕਲ ਸਮੇਂ 'ਚ ਉਨ੍ਹਾਂ ਦਾ ਸਾਥ ਦੇ ਰਹੀਆਂ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਕਿਹਾ ਕਿ ਇਸ ਔਖੇ ਵੇਲੇ ਵਿੱਚ ਆਪਣੇ ਭਰਾ-ਭੈਣਾਂ ਦੀ ਮਦਦ ਕਰਨਾ ਸਭ ਦਾ ਫਰਜ਼ ਹੈ। ਇਸ ਮੌਕੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਸਥਿਤੀ ਵਿੱਚ ਸੁਧਾਰ ਹੋਵੇਗਾ ਤਾਂ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਰਾਜ ਸਰਕਾਰ ਹੜ੍ਹ ਨਾਲ ਹੋਏ ਨੁਕਸਾਨ ਦੀ ਭਰਪਾਈ ਵੀ ਕਰੇਗੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜ ਸਰਕਾਰ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਦਿਨ-ਰਾਤ ਕੰਮ ਕਰ ਰਹੀ ਹੈ, ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਇਸ ਹੜ੍ਹ ਨੂੰ ਕੁਦਰਤੀ ਆਫ਼ਤ ਘੋਸ਼ਿਤ ਕੀਤਾ ਜਾਵੇ ਅਤੇ ਪੰਜਾਬ ਲਈ ਖ਼ਾਸ ਰਾਹਤ ਪੈਕੇਜ ਦਿੱਤਾ ਜਾਵੇ, ਤਾਂ ਜੋ ਹੜ੍ਹ ਕਾਰਨ ਉਜੜੇ ਕਿਸਾਨਾਂ ਅਤੇ ਲੋਕਾਂ ਦਾ ਪੁਨਰਵਾਸ ਕੀਤਾ ਜਾ ਸਕੇ।
ਅੱਜ ਸਬ-ਡਵੀਜ਼ਨ ਟਾਂਡਾ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਸਥਾਨਕ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਸੁਣਿਆ ਅਤੇ ਹਰ ਕਿਸਮ ਦੇ ਨੁਕਸਾਨ ਦੀ ਭਰਪਾਈ ਦਾ ਭਰੋਸਾ ਦਿੱਤਾ।
— Bhagwant Mann (@BhagwantMann) September 1, 2025
ਸਾਡੇ ਲਈ ਸਭ ਤੋਂ ਜ਼ਰੂਰੀ ਪਾਣੀ ‘ਚ ਫਸੇ ਲੋਕਾਂ ਤੇ ਬੇਜ਼ੁਬਾਨਾਂ ਦੀ ਜਾਨ ਬਚਾਉਣਾ ਹੈ। ਸਰਕਾਰ ਵੱਲੋਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਅਸੀਂ… pic.twitter.com/LwQJgiFLIW





















