ਸੀਐਮ ਭਗਵੰਤ ਮਾਨ ਪੰਜਾਬ ਦੇ ਖਜ਼ਾਨੇ ਨੂੰ ਪਹੁੰਚਾ ਰਹੇ ਨੁਕਸਾਨ, ਪ੍ਰਤਾਪ ਬਾਜਵਾ ਨੇ ਕੇਜਰੀਵਾਲ ਨੂੰ ਦਿੱਤੀ ਖੁੱਲ੍ਹੀ ਚੁਣੌਤੀ
Punjab News : ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਕਿਹਾ ਸੀ ਕਿ ਪੁਲਿਸ ਤੰਗ ਨਹੀਂ ਕਰੇਗੀ, ਫਿਰ ਪੁਲਿਸ ਕੁਮਾਰ ਵਿਸ਼ਵਾਸ ਦੇ ਘਰ ਕਿਉਂ ਗਈ। ਮੈਂ ਇਸ ਦੀ ਨਿੰਦਾ ਕਰਦਾ ਹਾਂ।
ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਲੀਡਰ ਤੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਸਰਕਾਰ ਨੂੰ ਉਨ੍ਹਾਂ ਦੁਆਰਾ ਦਿੱਤੀਆਂ ਗਾਰੰਟੀਆਂ ਯਾਦ ਕਰਵਾਈਆਂ ਹਨ। 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਕੇਜਰੀਵਾਲ ਨੇ 5 ਗਾਰੰਟੀਆਂ ਦਿੱਤੀਆਂ ਸੀ, ਸਭ ਤੋਂ ਪਹਿਲੀ ਬਿਜਲੀ ਦੀ ਗਾਰੰਟੀ ਸੀ ਪਰ ਪੰਜਾਬ 'ਚ ਬਿਜਲੀ ਹੈ ਹੀ ਨਹੀਂ ਤਾਂ ਲੋਕਾਂ ਨੂੰ ਬਿਜਲੀ ਕਿੱਥੋਂ ਦੇਣਗੇ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਕੇਂਦਰੀ ਪੂਲ ਤੋਂ 14 ਤੋਂ 15 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦ ਕੇ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਘਰੇਲੂ ਪੱਧਰ 'ਤੇ ਵੇਚ ਰਹੀ ਹੈ ਜਿਸ ਨਾਲ ਪੰਜਾਬ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਕੇਜਰੀਵਾਲ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਬਾਜਵਾ ਨੇ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਉਹ 20000 ਕਰੋੜ ਸਿਰਫ ਮਾਈਨਿੰਗ ਤੋਂ ਹੀ ਕਢਵਾਉਣਗੇ ਪਰ ਮੈਂ ਕਹਿੰਦਾ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਹਜ਼ਾਰ ਕਰੋੜ ਹੀ ਕਢਵਾ ਕੇ ਦਿਖਾਵੇਗੀ। ਉਨ੍ਹਾਂ ਕਿਹਾ ਕਿ ਇੱਥੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ।
ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਕਿਹਾ ਸੀ ਕਿ ਪੁਲਿਸ ਤੰਗ ਨਹੀਂ ਕਰੇਗੀ, ਫਿਰ ਪੁਲਿਸ ਕੁਮਾਰ ਵਿਸ਼ਵਾਸ ਦੇ ਘਰ ਕਿਉਂ ਗਈ। ਮੈਂ ਇਸ ਦੀ ਨਿੰਦਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਵੋਟਾਂ ਇਕੱਠੀਆਂ ਕੀਤੀਆਂ ਹਨ ਤੇ ਹੁਣ ਹਰਿਆਣੇ ਦੀਆਂ ਵੋਟਾਂ ਇਕੱਠੀਆਂ ਕਰਨ ਜਾ ਰਹੀ ਹੈ।
ਬਾਜਵਾ ਨੇ ਕਿਹਾ ਕਿ ਵਿਧਾਨ ਸਭਾ ਦੇ ਫਲੋਰ 'ਤੇ ਰਾਜਕੁਮਾਰ ਚੱਬੇਵਾਲ ਤੇ ਮੈਂ ਪੰਜਾਬ ਦੇ ਲੋਕਾਂ ਲਈ ਲੜਾਂਗੇ। ਵਿਧਾਨ ਸਭਾ ਦੇ ਬਾਹਰ ਪੰਜਾਬ ਦੇ ਨਵ-ਨਿਯੁਕਤ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਲੜਾਈ ਲੜਣਗੇ ਤੇ ਹੋਰ ਆਗੂਆਂ ਨਾਲ ਗੱਲਬਾਤ ਜਾਰੀ ਹੈ। ਉਨ੍ਹਾਂ ਕਿਹਾ ਕਿ ਜੋ ਲੀਡਰ ਕਾਂਗਰਸ ਹਾਈਕਮਾਨ ਦੀਆਂ ਗੱਲਾਂ ਨੂੰ ਟਿੱਚ ਜਾਣਦੇ ਹਨ, ਉਹ ਆਪ ਹੀ ਟਿੱਚ ਹੋਣਗੇ। ਤੁਸੀਂ ਆਪਣੇ ਆਪ ਸਮਝ ਜਾਓਗੇ ਤਾਂ ਜਲਦੀ ਤੁਹਾਨੂੰ ਵੀ ਪਤਾ ਲੱਗ ਜਾਵੇਗਾ।