ਸੀਐਮ ਮਾਨ ਦਾ ਦਾਅਵਾ ਬੁੱਢੇ ਨਾਲੇ ਦਾ ਪਾਣੀ ਕ੍ਰਿਸਟਲ ਕਲੀਅਰ ਕੀਤਾ ਜਾਏਗਾ, ਪੀਏਸੀ ਮੈਂਬਰਾਂ ਨੇ ਕਿਹਾ ਇਹ ਅਸੰਭਵ...
ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਬੁੱਢੇ ਨਾਲੇ ਦੇ ਪਾਣੀ ਨੂੰ ਕ੍ਰਿਸਟਲ ਕਲੀਅਰ ਬਣਾਇਆ ਜਾਏਗਾ।ਪ੍ਰੋਜੈਕਟ ਜਾਰੀ ਹੈ ਪਰ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਇਸ ਦੀ ਪੋਲ ਖੋਲ੍ਹੀ ਹੈ।
ਲੁਧਿਆਣਾ: ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਬੁੱਢੇ ਨਾਲੇ ਦੇ ਪਾਣੀ ਨੂੰ ਕ੍ਰਿਸਟਲ ਕਲੀਅਰ ਬਣਾਇਆ ਜਾਏਗਾ।ਪ੍ਰੋਜੈਕਟ ਜਾਰੀ ਹੈ ਪਰ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਇਸ ਦੀ ਪੋਲ ਖੋਲ੍ਹੀ ਹੈ।ਉਨ੍ਹਾਂ ਕਿਹਾ ਕਿ ਸੀਐਮ ਮਾਨ ਦਾ ਇਹ ਦਾਅਵਾ ਮੁੰਕਿਨ ਨਹੀਂ ਹੈ।
ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੇ ਲੁਧਿਆਣਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਦਿੱਤੇ ਭਾਸ਼ਣ ਵਿੱਚ ਦਾਅਵਾ ਕੀਤਾ ਸੀ ਕਿ ਲੁਧਿਆਣਾ ਦੇ ਬੁੱਢੇ ਦਰਿਆ ਦੇ ਪਾਣੀ ਨੂੰ ਕ੍ਰਿਸਟਲ ਕਲੀਅਰ ਬਣਾ ਦਿਆਂਗੇ।ਉਨ੍ਹਾਂ ਕਿਹਾ ਕਿ 650 ਕਰੋੜ ਰੁਪਏ ਉਨ੍ਹਾਂ ਨੇ ਰੱਖੇ ਹੋਏ ਹਨ।ਉਨ੍ਹਾਂ ਕਿਹਾ ਕਿ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇ ਫਾਰਮੂਲੇ ਤੇ ਕੰਮ ਕਰ ਰਹੇ ਹਾਂ ਪਰ ਇਨ੍ਹਾਂ ਦਾਅਵਿਆਂ ਦੀ ਪੋਲ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰਾਂ ਅਤੇ ਕਿਸਾਨਾਂ ਨੇ ਖੋਲ੍ਹ ਦਿੱਤੀ ਹੈ।
ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਹੁਣ ਉਹ ਪ੍ਰਦੂਸ਼ਿਤ ਪਾਣੀਆਂ ਨੂੰ ਲੈ ਕੇ ਪੰਜਾਬ ਪੱਧਰ ਤੇ ਪੱਕਾ ਮੋਰਚਾ ਖੋਲ੍ਹਣ ਜਾ ਰਹੇ ਹਨ।ਉੱਥੇ ਹੀ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਭਗਵੰਤ ਮਾਨ ਜੋ ਬੋਲ ਰਹੇ ਹਨ ਉਹ ਸੁਣਨ 'ਚ ਚੰਗਾ ਲੱਗ ਰਿਹਾ ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣਾ ਸੰਭਵ ਨਹੀਂ ਲੱਗ ਰਿਹਾ।
ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਲਈ ਅਤੇ ਸਤਲੁਜ ਦਰਿਆ ਦੇ ਪਾਣੀ ਨੂੰ ਗੰਧਲਾ ਹੋਣ ਤੋਂ ਰੋਕਣ ਲਈ ਬਣਾਈ ਗਈ ਪਬਲਿਕ ਐਕਸ਼ਨ ਕਮੇਟੀ ਦਿਨ ਰਾਤ ਕੰਮ ਕਰ ਰਹੀ ਹੈ। ਭਗਵੰਤ ਮਾਨ ਵੱਲੋਂ ਦਿੱਤੇ ਬਿਆਨ ਨੂੰ ਉਹਨਾਂ ਨੇ ਅਸੰਭਵ ਦੱਸਿਆ ਹੈ।ਸੇਵਾਮੁਕਤ ਕਰਨਲ ਲਖਨਪਾਲ ਨੇ ਦਾਅਵਾ ਕੀਤਾ ਹੈ ਕਿ ਜੋ ਪ੍ਰੋਜੈਕਟ ਬੁੱਢੇ ਨਾਲੇ ਦੀ ਸਫ਼ਾਈ ਲਈ ਲਗਾਇਆ ਜਾ ਰਿਹਾ ਹੈ ਉਹ ਮਹਿਜ਼ 14 ਕਿਲੋਮੀਟਰ ਤੱਕ ਹੀ ਸੀਮਿਤ ਹੈ।
ਭਾਵ ਕਿ ਸਿਰਫ਼ ਕਾਰਪੋਰੇਸ਼ਨ ਦੇ ਅਧਿਕਾਰਤ ਖੇਤਰ ਵਿੱਚ ਹੀ ਇਸ ਪ੍ਰੋਜੈਕਟ ਨੂੰ ਲਾਇਆ ਜਾ ਰਿਹਾ ਹੈ। ਜਦੋਂਕਿ ਬੁੱਢਾ ਦਰਿਆ 45 ਕਿਲੋਮੀਟਰ ਲੰਮਾ ਹੈ ਕਾਰਪੋਰੇਸ਼ਨ ਦੇ ਅਧਿਕਾਰ ਖੇਤਰ ਤੋਂ ਬਾਹਰ ਵੀ ਫੈਕਟਰੀਆਂ ਬਿਨ੍ਹਾਂ ਟਰੀਟਮੈਂਟ ਕੀਤੇ ਪਾਣੀ ਨੂੰ ਸਿੱਧਾ ਬੁੱਢੇ ਦਰਿਆ ਵਿੱਚ ਸੁੱਟ ਰਹੀਆਂ ਹਨ।
ਕਿਸਾਨ ਜਥੇਬੰਦੀਆਂ ਨੇ ਪ੍ਰਦੂਸ਼ਿਤ ਪਾਣੀਆਂ ਨੂੰ ਲੈਕੇ ਹੁਣ ਐਲਾਨ ਕਰ ਦਿੱਤਾ ਹੈ ਕੇ ਹੁਣ ਉਹ ਇਸ ਵਿਰੁੱਧ ਮੋਰਚਾ ਖੋਲ੍ਹ ਰਹੇ ਹਨ।ਲੁਧਿਆਣਾ 'ਚ ਬੀਤੇ ਦਿਨ ਵੀ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਦੂਸ਼ਿਤ ਪਾਣੀ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਸੀ।ਪਰ ਆਜ਼ਾਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਹਟਾ ਦਿੱਤਾ ਗਿਆ।ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਹੁਣ ਉਹ ਪੂਰੇ ਪੰਜਾਬ 'ਚ ਬੁੱਧੀਜੀਵੀਆਂ ਨੂੰ ਅਤੇ ਨੌਜਵਾਨਾਂ ਨੂੰ ਪ੍ਰਦੂਸ਼ਿਤ ਪਾਣੀ ਜਿਸ ਕਰਕੇ ਲੋਕਾਂ ਦੀ ਮੌਤ ਹੋ ਰਹੀ ਹੈ ਉਸ ਨੂੰ ਲੈਕੇ ਜਾਗਰੂਕ ਕਰ ਰਹੇ ਹਨ ਅਤੇ ਜਲਦੀ ਹੀ ਉਹ ਇਸ ਵਿਰੁੱਧ ਪੱਕਾ ਮੋਰਚਾ ਜਿਵੇਂ ਦਿੱਲੀ ਲਾਇਆ ਸੀ ਉਸ ਦੀ ਤਰਜ਼ ਤੇ ਸ਼ੁਰੂ ਕਰਨ ਜਾ ਰਹੇ ਹਨ।






















