ਕਾਂਗਰਸ ਦਾ ਜਵਾਬ, 'ਸ਼ੁਕਰ ਸੁਖਬੀਰ ਨੂੰ ਪੰਜਾਬ 'ਚ ਨਸ਼ੇ ਵਰਗੀ ਕੋਈ ਸਮੱਸਿਆ ਤਾਂ ਨਜ਼ਰ ਆਈ'
ਕਾਂਗਰਸੀ ਲੀਡਰਾਂ ਨੇ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼ੁਕਰ ਹੈ ਸੁਖਬੀਰ ਬਾਦਲ ਨੂੰ ਪੰਜਾਬ ਵਿੱਚ ਨਸ਼ਾ ਵਰਗੀ ਕੋਈ ਸਮੱਸਿਆ ਤਾਂ ਨਜ਼ਰ ਆਈ ਕਿਉਂਕਿ 10 ਸਾਲਾਂ ਤੋਂ ਉਹ ਖ਼ੁਦ ਨਸ਼ੇ ਵਿੱਚ ਗ੍ਰਸਤ ਹਨ ਤੇ ਅੱਜ ਖ਼ੁਦ ਹੀ ਕਹਿ ਰਹੇ ਹਨ ਕਿ ਨਸ਼ੇ ਦੀ 'ਹੋਮ ਡਿਲੀਵਰੀ' ਸ਼ੁਰੂ ਹੋ ਗਈ ਹੈ।
ਅੰਮ੍ਰਿਤਸਰ: ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕਾਂਗਰਸੀ ਲੀਡਰਾਂ 'ਤੇ ਕੀਤੇ ਸਿਆਸੀ ਹਮਲਿਆਂ ਦਾ ਕਾਂਗਰਸ ਨੇ ਸਖ਼ਤ ਨੋਟਿਸ ਲਿਆ ਹੈ। ਅੰਮ੍ਰਿਤਸਰ ਤੋਂ ਕਾਂਗਰਸ ਤੇ ਸੰਸਦ ਮੈਂਬਰ ਗੁਰਜੀਤ ਔਜਲਾ ਤੇ ਡਾ. ਰਾਜ ਕੁਮਾਰ ਵੇਰਕਾ ਨੇ ਹਰਿਆਣਾ ਵਿੱਚ ਅਕਾਲੀ ਦਲ ਵੱਲੋਂ ਬੀਜੇਪੀ ਨਾਲ ਗਠਜੋੜ ਨਾ ਕਰਨ 'ਤੇ ਕਿਹਾ ਕਿ ਦੋਵਾਂ ਪਾਰਟੀਆਂ ਦੀ ਵਿਚਾਰਧਾਰਾ ਵੱਖੋ-ਵੱਖਰੀ ਹੈ। ਪੰਜਾਬ ਵਿੱਚ ਵੀ ਇਹ ਸਿਰਫ ਸਿਆਸਤ ਵਿੱਚ ਰਹਿਣ ਲਈ ਇਕਜੁਟ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਕੋਈ ਜ਼ਮੀਰ ਹੁੰਦਾ ਤਾਂ ਉਹ ਪੰਜਾਬ ਵਿੱਚ ਵੀ ਗਠਜੋੜ ਖ਼ਤਮ ਕਰ ਦਿੰਦਾ। ਉਹ ਅਜਿਹਾ ਇਸ ਲਈ ਨਹੀਂ ਕਰ ਰਿਹਾ ਕਿਉਂਕਿ ਹਰਸਿਮਰਤ ਕੇਂਦਰ ਵਿੱਚ ਮੰਤਰੀ ਦੀ ਕੁਰਸੀ 'ਤੇ ਬਿਰਾਜਮਾਨ ਹੈ। ਕਾਂਗਰਸੀ ਲੀਡਰਾਂ ਨੇ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼ੁਕਰ ਹੈ ਸੁਖਬੀਰ ਬਾਦਲ ਨੂੰ ਪੰਜਾਬ ਵਿੱਚ ਨਸ਼ਾ ਵਰਗੀ ਕੋਈ ਸਮੱਸਿਆ ਤਾਂ ਨਜ਼ਰ ਆਈ ਕਿਉਂਕਿ 10 ਸਾਲਾਂ ਤੋਂ ਉਹ ਖ਼ੁਦ ਨਸ਼ੇ ਵਿੱਚ ਗ੍ਰਸਤ ਹਨ ਤੇ ਅੱਜ ਖ਼ੁਦ ਹੀ ਕਹਿ ਰਹੇ ਹਨ ਕਿ ਨਸ਼ੇ ਦੀ 'ਹੋਮ ਡਿਲੀਵਰੀ' ਸ਼ੁਰੂ ਹੋ ਗਈ ਹੈ।
ਔਜਲਾ ਨੇ ਅਕਾਲੀ ਦਲ ਵੱਲੋਂ ਤਰਨ ਤਾਰਨ ਬੰਬ ਕਾਂਡ ਵਿੱਚ ਮੁਲਜ਼ਮ ਦੇ ਗੁਰਜੀਤ ਔਜਲਾ ਨਾਲ ਸਬੰਧ ਹੋਣ ਦੇ ਇਲਜ਼ਾਮਾਂ 'ਤੇ ਵੀ ਆਪਣਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਸ ਤੋਂ ਇਨਕਾਰੀ ਨਹੀਂ ਕਿ ਗੁਰਜੰਟ ਉਨ੍ਹਾਂ ਦਾ ਦੂਰ ਦਾ ਰਿਸ਼ਤੇਦਾਰ ਹੈ, ਬਲਕਿ ਉਹ ਤਾਂ ਇਸ ਗੱਲੋਂ ਦੁਖੀ ਹਨ ਕਿ ਅਜਿਹਾ ਬੰਦਾ ਉਨ੍ਹਾਂ ਦਾ ਰਿਸ਼ਤੇਦਾਰ ਹੈ।
ਉਨ੍ਹਾਂ ਮਜੀਠੀਆ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਰਿਸ਼ਤੇਦਾਰਾਂ ਦੇ ਗ਼ਲਤ ਕੰਮਾਂ ਦਾ ਕੀ ਨੁਕਸਾਨ ਹੁੰਦਾ ਹੈ, ਕਿਉਂਕਿ ਉਨ੍ਹਾਂ ਕਾਰਨ ਕਿੰਨੇ ਰਿਸ਼ਤੇਦਾਰ ਅੱਜ ਵੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿੱਚ ਵਿਰਸਾ ਵਲਟੋਹਾ ਵਰਗੇ ਅੱਤਵਾਦੀ ਸ਼ਾਮਲ ਹਨ, ਉਨ੍ਹਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਪੰਜਾਬ ਨੂੰ ਅੱਤਵਾਦ ਤੋਂ ਖ਼ਤਰਾ ਹੈ।