ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਘੇਰੀ ਆਪ ਸਰਕਾਰ, ਕਿਹਾ ਦਿੱਲੀ ਮਾਡਲ ਦੀਆਂ ਗੱਲਾਂ ਕਰਨ ਵਾਲੇ ਸੰਗਰੂਰ ਮਾਡਲ `ਤੇ ਉੱਤਰੇ
ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ CM ਮਾਨ ਤੋਂ ਉਨ੍ਹਾਂ ਦੇ ਆਪਣੇ ਹਲਕੇ ਦੇ ਲੋਕ ਨਿਰਾਸ਼ ਹਨ। ਚੋਣ ਜਿੱਤਣ ਮਗਰੋਂ ਆਮ ਤੋਂ ਖਾਸ ਬਣੇ CM ਨੇ ਆਪਣੇ ਹਲਕੇ ਦੇ ਕੰਮ ਤਾਂ ਕੀ ਕਰਨੇ ਸੀ, ਸਗੋਂ ਧੰਨਵਾਦੀ ਦੌਰਾ ਕਰਨਾ ਵੀ ਜ਼ਰੂਰੀ ਨਾ ਸਮਝਿਆ।
ਸੰਗਰੂਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਉਨ੍ਹਾਂ ਦੇ ਆਪਣੇ ਹਲਕੇ ਦੇ ਲੋਕ ਬੁਰੀ ਤਰ੍ਹਾਂ ਨਿਰਾਸ਼ ਹਨ। ਚੋਣ ਜਿੱਤਣ ਮਗਰੋਂ ਆਮ ਤੋਂ ਖਾਸ ਬਣੇ ਮੁੱਖ ਮੰਤਰੀ ਨੇ ਆਪਣੇ ਹਲਕੇ ਦੇ ਕੰਮ ਤਾਂ ਕੀ ਕਰਨੇ ਸੀ, ਸਗੋਂ ਧੰਨਵਾਦੀ ਦੌਰਾ ਕਰਨਾ ਵੀ ਜ਼ਰੂਰੀ ਨਾ ਸਮਝਿਆ। ਇਸ ਲਈ ਲੋਕਾਂ ਨੇ ਹੁਣ ਉਨ੍ਹਾਂ ਵੱਲੋਂ ਪੰਜਾਬ ਦਾ ਭਲਾ ਹੋਣ ਦੀ ਆਸ ਹੀ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕ ਮਿਲਣਾ ਤਾਂ ਦੂਰ, ਫੋਨ ’ਤੇ ਗੱਲ ਨਹੀਂ ਕਰਦੇ।
ਕਾਂਗਰਸ ਪ੍ਰਧਾਨ ਨੇ ਸੀਐਮ ਭਗਵੰਤ ਮਾਨ `ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਦਿੱਲੀ ਮਾਡਲ ਦੀਆਂ ਗੱਲਾਂ ਕਰਦੀ ਸੀ, ਉੱਥੇ ਹੀ ਹੁਣ ਹੇਠਾਂ ਡਿੱਗ ਕੇ ਸੰਗਰੂਰ ਮਾਡਲ `ਤੇ ਉੱਤਰ ਆਈ ਹੈ। ਇਹ ਗੱਲ ਰਾਜਾ ਵੜਿੰਗ ਨੇ ਸੀਐਮ ਮਾਨ ਦੇ ਉਸ ਬਿਆਨ `ਤੇ ਕਹੀ, ਜਦੋਂ ਸੀਐਮ ਨੇ ਸੰਗਰੂਰ ਨੂੰ ਪੰਜਾਬ ਦਾ ਰੋਲ ਮਾਡਲ ਬਣਾਉਣ ਦੀ ਗੱਲ ਕਹੀ ਸੀ।
ਵੜਿੰਗ ਨੇ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਦਿੱਲੀ ਮਾਡਲ ਦਾ ਕੀ ਬਣਿਆ, ਜਿਸ ਦਾ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਬਹੁਤ ਰੌਲਾ ਪਾ ਰਹੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਅਜਿਹੇ ਲੋਕ ਪੱਖੀ ਵਾਅਦੇ ਪਹਿਲਾਂ ਹੀ ਆਪਣਾ ਆਧਾਰ ਗੁਆ ਚੁੱਕੇ ਹਨ, ਜਿਸ ਕਰਕੇ ਹਰ ਵਾਰ ਲੋਕਾਂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ।
ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਕਾਂਗਰਸ ਦੀ ਦੇਣ ਹੈ ਤੇ ਇਸ ਸ਼ਾਂਤੀ ਨੂੰ ਕਿਸੇ ਵੀ ਕੀਮਤ ’ਤੇ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਿਰਫ਼ ਮਹਿੰਗਾਈ ਵਧਾਉਣ ਵਾਲੀ ਸਰਕਾਰ ਹੈ, ਜਿਸ ਨੇ ਮਹਿੰਗਾਈ ਦੇ ਖੇਤਰ ਵਿੱਚ ਪਿਛਲੇ ਸੱਤਰ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਪਿੰਡਾਂ ਦੇ ਵਿਕਾਸ ਲਈ ਕੋਈ ਰਣਨੀਤੀ ਨਹੀਂ।
ਸ਼੍ਰੋਮਣੀ ਅਕਾਲੀ ਦਲ ਦੀ ਅਲੋਚਨਾ ਕਰਦਿਆਂ ਵੜਿੰਗ ਨੇ ਕਿਹਾ ਕਿ ਇਤਿਹਾਸ ਵਿੱਚ ਜਦੋਂ ਵੀ ਸੂਬੇ ਦੀਆਂ ਚੋਣਾਂ ਹੋਈਆਂ ਤਾਂ ਪੋਸਟਰਾਂ ’ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀਆਂ ਫੋਟੋਆਂ ਹੁੰਦੀਆਂ ਸਨ, ਪਰ ਇਹ ਪਹਿਲੀ ਵਾਰ ਹੈ ਕਿ ਪਾਰਟੀ ਉਮੀਦਵਾਰ ਕਮਲਦੀਪ ਕੌਰ ਦੇ ਪੋਸਟਰਾਂ ’ਤੇ ਕਿਸੇ ਵੀ ਬਾਦਲ ਦੀ ਤਸਵੀਰ ਨਹੀਂ।