Navjot Sidhu: ਨਵਜੋਤ ਸਿੱਧੂ ਨੇ ਪਾਇਆ ਕਾਂਗਰਸ 'ਚ ਖਿਲਾਰਾ! ਰਾਜਾ ਵੜਿੰਗ ਬਾਰੇ ਵੱਡਾ ਖੁਲਾਸਾ
Navjot Sidhu: ਨਵਜੋਤ ਕੌਰ ਸਿੱਧੂ ਨੂੰ ਸਸਪੈਂਡ ਕਰਨ ਮਗਰੋਂ ਕਾਂਗਰਸ ਵਿੱਚ ਖਿਲਾਰਾ ਪੈ ਗਿਆ ਹੈ। ਨਵਜੋਤ ਕੌਰ ਸਿੱਧੂ ਆਪਣੀ ਮੁਅੱਤਲੀ ਮਗਰੋਂ ਭੜਕ ਗਈ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਪਰ ਤਿੱਖੇ ਹਮਲੇ ਕੀਤੇ। ਨਵਜੋਤ ਕੌਰ...

Navjot Sidhu: ਨਵਜੋਤ ਕੌਰ ਸਿੱਧੂ ਨੂੰ ਸਸਪੈਂਡ ਕਰਨ ਮਗਰੋਂ ਕਾਂਗਰਸ ਵਿੱਚ ਖਿਲਾਰਾ ਪੈ ਗਿਆ ਹੈ। ਨਵਜੋਤ ਕੌਰ ਸਿੱਧੂ ਆਪਣੀ ਮੁਅੱਤਲੀ ਮਗਰੋਂ ਭੜਕ ਗਈ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਪਰ ਤਿੱਖੇ ਹਮਲੇ ਕੀਤੇ। ਨਵਜੋਤ ਕੌਰ ਸਿੱਧੂ ਨੇ ਕਾਂਗਰਸ ਦੇ ਹੋਰ ਲੀਡਰਾਂ ਉਪਰ ਵੀ ਸਵਾਲ ਉਠਾਏ ਹਨ। ਇਸ ਨਾਲ ਪੰਜਾਬ ਦੀ ਸਿਆਸਤ ਵਿੱਚ ਉਬਾਲ ਆ ਗਿਆ ਹੈ।
ਦਰਅਸਲ ਨਵਜੋਤ ਕੌਰ ਸਿੱਧੂ ਨੇ ਪੰਜਾਬ ਕਾਂਗਰਸ ਵੱਲੋਂ ‘ 500 ਕਰੋੜ ਰੁਪਏ’ ਵਾਲੇ ਬਿਆਨ ਕਰਕੇ ਪਾਰਟੀ ਵਿੱਚੋਂ ਮੁਅੱਤਲ ਜਾਣ ਤੋਂ ਬਾਅਦ ਰਾਜਾ ਵੜਿੰਗ ਖਿਲਾਫ਼ ਮੋਰਚਾ ਖੋਲਿਆ ਤੇ ਵੜਿੰਗ ’ਤੇ ਮੁੱਖ ਮੰਤਰੀ ਦੀ ਚਾਪਲੂਸੀ ਕਰਨ ਦੇ ਦੋਸ਼ ਲਾਏ। ਆਪਣੀ ਐਕਸ ਪੋਸਟ ਵਿੱਚ ਨਵਜੋਤ ਕੌਰ ਨੇ ਰਾਜਾ ਵੜਿੰਗ ’ਤੇ ਪੰਜਾਬ ਕਾਂਗਰਸ ਨੂੰ ਤੋੜਨ ਤੇ ਕਈ ਮਾਮਲਿਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਮੁੱਖ ਮੰਤਰੀ ਦੀ ਚਾਪਲੂਸੀ ਕਰਨ ਦਾ ਦੋਸ਼ ਲਗਾਇਆ।
ਉਨ੍ਹਾਂ ਦੀ ਪੋਸਟ ਵਿੱਚ ਲਿਖਿਆ, “ਰਾਜਾ ਵੜਿੰਗ, ਵਾਹਿਗੁਰੂ ਜੀ ਨੇ ਮੈਨੂੰ ਪੰਜਾਬ ਨੂੰ ਤੁਹਾਡੇ ਤੋਂ ਬਚਾਉਣ ਲਈ ਆਪਣੀ ਕਿਰਪਾ ਨਾਲ ਬਖਸ਼ਿਸ਼ ਕੀਤੀ ਹੈ। ਤੁਸੀਂ ਪੰਜਾਬ ਕਾਂਗਰਸ ਨੂੰ ਟੁਕੜਿਆਂ ਵਿੱਚ ਵੰਡ ਦਿੱਤਾ ਹੈ ਤੇ ਤੁਸੀਂ ਆਪਣੇ ਆਪ ਨੂੰ ਕਈ ਮਾਮਲਿਆਂ ਵਿੱਚ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਮੁੱਖ ਮੰਤਰੀ ਦੀ ਚਾਪਲੂਸੀ ਕਰ ਰਹੇ ਹੋ ਤੇ ਉਨ੍ਹਾਂ ਦੇ ਇਸ਼ਾਰਿਆਂ ’ਤੇ ਨੱਚ ਰਹੇ ਹੋ।” ਇੱਕ ਹੋਰ ਐਕਸ ਪੋਸਟ ਵਿੱਚ, ਕੌਰ ਨੇ ਕਿਹਾ, “SC/ST ਐਕਟ ਦੀ ਗ੍ਰਿਫ਼ਤਾਰੀ, ਬੱਸ ਬਾਡੀ ਮਾਮਲੇ ਅਤੇ ਤੁਹਾਡਾ 2500 ਏਕੜ ਜ਼ਮੀਨ ਹੜੱਪਣ ਦਾ ਮਾਮਲਾ ਜੋ ਮੈਂ PMO, ਪੰਜਾਬ ਦੇ ਰਾਜਪਾਲ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਅੱਗੇ ਭੇਜਿਆ ਹੈ। ਮੁੱਖ ਮੰਤਰੀ, ਭਗਵੰਤ ਮਾਨ, ਸਪੱਸ਼ਟ ਕਰੋ ਕਿ ਤੁਸੀਂ ਉਸ ਨੂੰ ਕਿਉਂ ਬਚਾ ਰਹੇ ਹੋ????”
ਨਵਜੋਤ ਕੌਰ ਨੇ ਤਰਨ ਤਾਰਨ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਵੜਿੰਗ ਨੂੰ ਨਿਸ਼ਾਨਾ ਬਣਾਇਆ ਤੇ ਉਨ੍ਹਾਂ ’ਤੇ "ਮੂਰਖ, ਵਾਰ-ਵਾਰ ਦੀਆਂ ਬਕਵਾਸ ਟਿੱਪਣੀਆਂ ਰਾਹੀਂ ਕਾਂਗਰਸ ਦੀ ਹਾਰ ਦਾ ਕਾਰਨ ਬਣਨ ਦਾ ਦੋਸ਼ ਲਾਇਆ ਤੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਤੇ ਹੋਰ ਸੀਨੀਅਰ ਆਗੂਆਂ ਨੇ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਸੁਰੱਖਿਅਤ ਕਰਨ ਲਈ ਦਿਨ ਰਾਤ ਸੰਘਰਸ਼ ਕੀਤਾ।
ਇਸ ਤੋਂ ਇਲਾਵਾ, ਉਨ੍ਹਾਂ ਨੇ ਵੜਿੰਗ ਤੇ ਉਸ ਦੇ ਸਾਥੀਆਂ ’ਤੇ ‘ਨਵਜੋਤ ਸਿੱਧੂ ਨੂੰ ਤਬਾਹ ਕਰਨ’ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਨੇ ਐਕਸ ਪੋਸਟ ਵਿੱਚ ਲਿਖਿਆ, “ਰਾਜਾ ਵੜਿੰਗ, ਕੀ ਕਹਿੰਦੇ ਹੋ??? ਤੁਸੀਂ ਅਤੇ ਤੁਹਾਡੀ ਟੀਮ ਸਿਰਫ ਨਵਜੋਤ ਸਿੱਧੂ ਨੂੰ ਤਬਾਹ ਕਰਨ ਦੀ ਚਿੰਤਾ ਕਰ ਰਹੇ ਸੀ ਜੋ ਤੁਹਾਡਾ ਸਲਾਹਕਾਰ ਸੀ ਤੇ ਤੁਹਾਨੂੰ ਮੰਤਰੀ ਬਣਾਉਣ ਲਈ ਖੜ੍ਹਾ ਹੋਇਆ ਤੇ ਤੁਸੀਂ ਸਿਰਫ ਨਵਜੋਤ ਦੇ ਸਮਰਥਕਾਂ ਨਾਲ ਲੜਨ ’ਤੇ ਧਿਆਨ ਦਿੱਤਾ ਤੇ ਉਨ੍ਹਾਂ ਨੂੰ ਨੀਵਾਂ ਦਿਖਾਇਆ। ਇਸ ਦਾ ਜਵਾਬ ਦਿਓ????"
ਦੱਸ ਦਈਏ ਕਿ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਨਵਜੋਤ ਕੌਰ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਮੁੱਖ ਮੰਤਰੀ ਦੇ ਚਿਹਰੇ ਲਈ ਪੇਸ਼ਕਸ਼ ਕਰਨ ਲਈ 500 ਕਰੋੜ ਰੁਪਏ ਨਹੀਂ ਸਨ।






















