Punjab News: ਵਿਜੀਲੈਂਸ ਦੇ ਚੱਕਰਵਿਊ 'ਚ ਘਿਰੀ ਕਾਂਗਰਸ, ਦਰਜਨ ਦੇ ਕਰੀਬ ਲੀਡਰਾਂ 'ਤੇ ਸ਼ਿਕੰਜੇ ਮਗਰੋਂ ਮੱਚਿਆ ਹੜਕੰਪ, ਅਕਾਲੀ ਲੀਡਰ ਤੇ ਅਫਸਰ ਵੀ ਨਿਸ਼ਾਨੇ 'ਤੇ
ਵਿਜੀਲੈਂਸ ਨੇ ਕਈ ਅਫ਼ਸਰਾਂ ਖਿਲਾਫ਼ ਵੀ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ। ਕਈ ਅਫਸਰਾਂ ਨੂੰ ਸੰਮਨ ਕੀਤਾ ਜਾ ਚੁੱਕਾ ਹੈ। ਇਹ ਸਾਰੇ ਅਫਸਰ ਕਾਂਗਰਸ ਤੇ ਅਕਾਲੀ ਦਲ ਦੀ ਸਰਕਾਰ ਵੇਲੇ ਅਹਿਮ ਅਹੁਦਿਆਂ ਉੱਪਰ ਤਾਇਨਾਤ ਰਹੇ ਹਨ।
Punjab News: ਪੰਜਾਬ ਕਾਂਗਰਸ ਦੇ ਦਰਜਨ ਦੇ ਕਰੀਬ ਲੀਡਰ ਪੰਜਾਬ ਵਿਜੀਲੈਂਸ ਬਿਊਰੋ ਦੇ ਲਪੇਟੇ ਵਿੱਚ ਆ ਗਏ ਹਨ। ਵਿਜੀਲੈਂਸ ਨੇ ਇਨ੍ਹਾਂ ਲੀਡਰਾਂ ਖਿਲਾਫ ਆਪਣੀ ਜਾਂਚ ਹੋ ਤੇਜ਼ ਕਰ ਦਿੱਤੀ ਹੈ। ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਮੁੜ ਗ੍ਰਿਫਤਾਰੀ ਮਗਰੋਂ ਕਾਂਗਰਸ ਅੰਦਰ ਹੜਕੰਪ ਮੱਚ ਗਿਆ ਹੈ।
ਬੇਸ਼ੱਕ ਹੁਣ ਤੱਕ ਸਾਬਕਾ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਭਾਰਤ ਭੂਸ਼ਨ ਆਸ਼ੂ, ਸੁੰਦਰ ਸ਼ਾਮ ਅਰੋੜਾ, ਵਿਜੈਇੰਦਰ ਸਿੰਗਲਾ, ਬ੍ਰਹਮ ਮਹਿੰਦਰਾ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਬਰਿੰਦਰਮੀਤ ਸਿੰਘ ਪਾਹੜਾ, ਮਦਨ ਲਾਲ ਜਲਾਲਪੁਰ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ਤੇ ਭਾਜਪਾ ’ਚ ਸ਼ਮੂਲੀਅਤ ਕਰਨ ਵਾਲੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਖਿਲਾਫ ਵਿਜੀਲੈਂਸ ਨੇ ਸ਼ਿਕੰਜਾ ਕੱਸ ਦਿੱਤਾ ਹੈ ਪਰ ਹੋਰ ਲੀਡਰ ਵੀ ਜਾਂਚ ਏਜੰਸੀ ਦੇ ਨਿਸ਼ਾਨੇ ਉੱਪਰ ਆ ਸਕਦੇ ਹਨ।
ਇੱਥੇ ਹੀ ਬੱਸ ਨਹੀਂ ਵਿਜੀਲੈਂਸ ਨੇ ਕਈ ਅਫ਼ਸਰਾਂ ਖਿਲਾਫ਼ ਵੀ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ। ਕਈ ਅਫਸਰਾਂ ਨੂੰ ਸੰਮਨ ਕੀਤਾ ਜਾ ਚੁੱਕਾ ਹੈ। ਇਹ ਸਾਰੇ ਅਫਸਰ ਕਾਂਗਰਸ ਤੇ ਅਕਾਲੀ ਦਲ ਦੀ ਸਰਕਾਰ ਵੇਲੇ ਅਹਿਮ ਅਹੁਦਿਆਂ ਉੱਪਰ ਤਾਇਨਾਤ ਰਹੇ ਹਨ। ਇਨ੍ਹਾਂ ਦੀ ਸਿਆਸੀ ਲੀਡਰਾਂ ਨਾਲ ਵੀ ਨੇੜਤਾ ਰਹੀ ਹੈ। ਇਸ ਲਈ ਇਹ ਅਫਸਰ ਹੁਣ ਵਿਜੀਲੈਂਸ ਦੇ ਰਾਡਾਰ ਉੱਪਰ ਹਨ।
ਦੱਸ ਦਈਏ ਕਿ ਵਿਜੀਲੈਂਸ ਨੇ ਕਾਂਗਰਸੀ ਲੀਡਰ ਓਪੀ ਸੋਨੀ, ਕੁਸ਼ਲਦੀਪ ਸਿੰਘ ਢਿੱਲੋਂ, ਪਾਹੜਾ ਤੇ ਮਦਨਲਾਲ ਜਲਾਲਪੁਰ ਦੀਆਂ ਜਾਇਦਾਦਾਂ ਸਬੰਧੀ ਜਾਣਕਾਰੀ ਇਕੱਤਰ ਕਰਨ ’ਚ ਤੇਜ਼ੀ ਲਿਆਂਦੀ ਹੋਈ ਹੈ। ਇਸ ਤਰ੍ਹਾਂ ਆਉਣ ਵਾਲੇ ਦਿਨਾਂ ਦੌਰਾਨ ਹੋਰਨਾਂ ਖਿਲਾਫ਼ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਵਿਜੀਲੈਂਸ ਦੀ ਮਾਰ ਹੇਠ ਆੳਣ ਵਾਲੇ ਕਾਂਗਰਸੀ ਆਗੂਆਂ ਵੱਲੋਂ ਭੱਜ-ਨੱਠ ਕੀਤੀ ਜਾਣ ਲੱਗੀ ਹੈ ਤੇ ਇਹ ਆਗੂ ਹਾਈ ਕੋਰਟ ਦੇ ਸੀਨੀਅਰ ਵਕੀਲਾਂ ਦਾ ਸਹਾਰਾ ਲੈ ਰਹੇ ਹਨ।
ਕਾਂਗਰਸ ਹੀ ਨਹੀਂ ਕਈ ਅਕਾਲੀ ਲੀਡਰ ਵੀ ਵਿਜੀਲੈਂਸ ਦੇ ਨਿਸ਼ਾਨੇ ਉੱਪਰ ਹਨ। ਵਿਜੀਲੈਂਸ ਵੱਲੋਂ ਅਕਾਲੀ-ਭਾਜਪਾ ਸਰਕਾਰ ਸਮੇਂ ਸਿੰਜਾਈ ਵਿਭਾਗ ਵਿੱਚ ਹੋਏ ਬਹੁ ਕਰੋੜੀ ਘਪਲੇ ਦੇ ਮਾਮਲੇ ਵਿੱਚ ਵੀ ਮੁੜ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਵਿੱਚ ਹੁਣ ਤੱਕ ਦੋ ਸਾਬਕਾ ਮੰਤਰੀਆਂ ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿੱਲੋਂ ਸਮੇਤ ਤਿੰਨ ਸਾਬਕਾ ਆਈਏਐਸ ਅਧਿਕਾਰੀਆਂ ਸਰਵੇਸ਼ ਕੌਸ਼ਲ, ਕੇਬੀਐਸ ਸਿੱਧੂ ਤੇ ਕਾਹਨ ਸਿੰਘ ਪੰਨੂ ਨੂੰ ਦੋ ਵਾਰੀ ਪੁੱਛਗਿੱਛ ਲਈ ਬੁਲਾਇਆ ਜਾ ਚੁੱਕਾ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਸਮੇਂ ਵਿੱਚ ਹੋਰ ਅਕਾਲੀ ਲੀਡਰਾਂ ਖਿਲਾਫ ਜਾਂਚ ਖੁੱਲ੍ਹ ਸਕਦੀ ਹੈ।