ਕੋਰੋਨਾ ਪੌਜ਼ੇਟਿਵ ਹੋਣ ਦੇ ਬਾਵਜੂਦ ਕਾਰੋਬਾਰ 'ਚ ਜੁਟੇ ਰਹੇ, ਪਟਿਆਲਾ 'ਚ ਕਈਆਂ ਦੀ ਜਾਨ ਖਤਰੇ 'ਚ ਪਾਈ!
ਜ਼ਿਲ੍ਹਾ ਪਟਿਆਲਾ 'ਚ ਕੋਰੋਨਾਵਾਇਰਸ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਅਜਿਹੇ ਹਾਲਾਤ 'ਚ ਦੋ ਕੋਰੋਨਾਵਾਇਰਸ ਪੌਜ਼ੇਟਿਵ ਮਰੀਜ਼ਾਂ ਖਿਲਾਫ ਕਰਫਿਊ ਦੀ ਉਲੰਘਣਾ ਕਰ ਦੂਜੀਆਂ ਦੀ ਜਾਨ ਜ਼ੋਖਮ 'ਚ ਪਾਉਣ ਦੇ ਇਲਜ਼ਾਮ ਹਨ।
ਪਟਿਆਲਾ: ਜ਼ਿਲ੍ਹਾ ਪਟਿਆਲਾ 'ਚ ਕੋਰੋਨਾਵਾਇਰਸ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਅਜਿਹੇ ਹਾਲਾਤ 'ਚ ਦੋ ਕੋਰੋਨਾਵਾਇਰਸ ਪੌਜ਼ੇਟਿਵ ਮਰੀਜ਼ਾਂ ਖਿਲਾਫ ਕਰਫਿਊ ਦੀ ਉਲੰਘਣਾ ਕਰ ਦੂਜੀਆਂ ਦੀ ਜਾਨ ਜ਼ੋਖਮ 'ਚ ਪਾਉਣ ਦੇ ਇਲਜ਼ਾਮ ਹਨ। ਇਹ ਮਰੀਜ਼ ਰਜਿੰਦਰਾ ਹਸਪਤਾਲ ਦੀ ਵਾਰਡ ਵਿੱਚ ਆਈਸੋਲੇਸ਼ਨ ਅਧੀਨ ਸਨ। ਦੋਨਾਂ ਮੁਲਜ਼ਮਾਂ ਖਿਲਾਫ ਪ੍ਰਸ਼ਾਸਨ ਨੇ ਮਾਮਲਾ ਦਰਜ ਕਰ ਲਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਐਸਐਸਪੀ ਮਨਦੀਪ ਸਿੱਧੂ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਸਿਵਲ ਸਰਜਨ ਵੱਲੋਂ ਇੱਕ ਪੱਤਰ ਮਿਲਿਆ ਸੀ। ਮੁੱਢਲੀ ਜਾਂਚ ਕੀਤੇ ਜਾਣ ਤੋਂ ਬਾਅਦ ਥਾਣਾ ਕੋਤਵਾਲੀ ਵਿੱਚ ਆਪਦਾ ਪ੍ਰਬੰਧਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਕੋਰੋਨਾ ਮਰੀਜਾਂ ਦੀ ਪਛਾਣ ਕ੍ਰਿਸ਼ਨ ਕੁਮਾਰ ਗਾਬਾ ਤੇ ਕ੍ਰਿਸ਼ਨ ਕੁਮਾਰ ਬਾਂਸਲ ਵਜੋਂ ਹੋਈ ਹੈ। ਐਸਐਸਪੀ ਸਿੱਧੂ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਕਰਫਿਊ ਤੇ ਲੌਕਡਾਉਨ ਲਾਏ ਜਾਣ ਤੋਂ ਬਾਅਦ ਵੀ ਮੁਲਜ਼ਮ ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੇ ਹੁਕਮਾਂ ਦੀ ਉਲੰਘਣਾ ਕਰ ਆਪਣੇ ਕਾਰੋਬਾਰ ਵਿੱਚ ਲੱਗੇ ਹੋਏ ਸਨ।
ਐਸਐਸਪੀ ਨੇ ਕਿਹਾ ਪਤਾ ਲੱਗਿਆ ਹੈ ਕਿ ਉਹ ਪਟਿਆਲੇ ਤੇ ਇਥੋਂ ਤੱਕ ਕਿ ਕਈ ਥਾਵਾਂ ‘ਤੇ ਗਏ ਸਨ। ਐਸਐਸਪੀ ਨੇ ਕਿਹਾ ਕਿ ਉਹ ਕੋਰੋਨਾਵਾਇਰਸ ਸਕਾਰਾਤਮਕ ਹੋਣ ਬਾਵਜੂਦ ਐਸਾ ਕਰ ਰਹੇ ਹਨ। ਉਨ੍ਹਾਂ ਦੇ ਗ਼ੈਰ ਜ਼ਿੰਮੇਵਾਰਾਨਾ ਕੰਮ ਕਾਰਨ ਕਈ ਹੋਰ ਮਹਾਮਾਰੀ ਦੀ ਲਪੇਟ ਵਿੱਚ ਆ ਗਏ ਹਨ। ਗਾਬਾ ਭੀੜ-ਭੜੱਕੇ ਵਾਲੀ ਮਾਰਕਿਟ 'ਚ ਕਿਤਾਬਾਂ ਦੀ ਇੱਕ ਦੁਕਾਨ ਚਲਾਉਂਦਾ ਹੈ। ਉਸ ਨੇ ਸ਼ਹਿਰ ਦੇ ਕਈ ਮਾਪਿਆਂ ਨੂੰ ਤਾਲਾਬੰਦੀ ਦੀ ਉਲੰਘਣਾ ਕਰਦਿਆਂ ਕਿਤਾਬਾਂ ਵੇਚੀਆਂ ਹਨ।