ਦਿਲਜੀਤ ਦੋਸਾਂਝ ਦਾ ਸਰਦਾਰ ਜੀ-3 ਵਿਵਾਦ 'ਤੇ ਜਵਾਬ: ਭਾਰਤ-ਪਾਕਿ ਮੈਚ ਅਤੇ ਫਿਲਮ 'ਚ ਬਹੁਤ ਫਰਕ...ਹੇਟਰਾਂ ਦੀ ਬੋਲਤੀ ਬੰਦ
ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸਰਦਾਰ ਜੀ 3 ਫਿਲਮ ਵਿਵਾਦ ਬਾਰੇ ਪਹਿਲੀ ਵਾਰ ਖੁੱਲ ਕੇ ਗੱਲ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਭਾਰਤ-ਪਾਕਿਸਤਾਨ ਮੈਚ ਬਾਰੇ ਵੀ ਸਵਾਲ ਉਠਾਏ...

ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸਰਦਾਰ ਜੀ 3 ਫਿਲਮ ਵਿਵਾਦ ਬਾਰੇ ਪਹਿਲੀ ਵਾਰ ਖੁੱਲ ਕੇ ਗੱਲ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਭਾਰਤ-ਪਾਕਿਸਤਾਨ ਮੈਚ ਬਾਰੇ ਵੀ ਸਵਾਲ ਉਠਾਏ। ਦਿਲਜੀਤ ਇਸ ਸਮੇਂ ਮਲੇਸ਼ੀਆ ਵਿੱਚ ਆਪਣੇ ਓਰਾ ਟੂਰ ‘ਤੇ ਹਨ। ਉਨ੍ਹਾਂ ਦਾ ਪਹਿਲਾ ਸ਼ੋਅ ਬੀਤੀ ਰਾਤ (24 ਸਤੰਬਰ) ਨੂੰ ਹੋਇਆ।
ਭਾਰਤ-ਪਾਕ ਮੈਚ ਨੂੰ ਲੈ ਕੇ ਚੁੱਕੇ ਸਵਾਲ?
ਉਨ੍ਹਾਂ ਨੇ ਕਿਹਾ- “ਓ ਮੇਰੇ ਦੇਸ਼ ਦਾ ਝੰਡਾ ਹੈ, ਅਸੀਂ ਸਭ ਇੰਡੀਆ ਹਾਂ। ਜਦੋਂ ਮੇਰੀ ਫਿਲਮ ਸਰਦਾਰ ਜੀ ਆਈ ਸੀ, ਉਹ ਫਰਵਰੀ ਵਿੱਚ ਬਣੀ ਸੀ, ਉਸ ਵੇਲੇ ਸਾਰੇ ਮੈਚ ਖੇਡ ਰਹੇ ਸਨ। ਪਰ ਜੋ ਬਹੁਤ ਹੀ ਦੁਖਦਾਈ ਘਟਨਾ ਪਹਿਲਗਾਮ ਵਿੱਚ ਹੋਈ, ਅਸੀਂ ਉਸ ਦੀ ਨਿੰਦਾ ਕੀਤੀ। ਉਸ ਵੇਲੇ ਵੀ ਅਰਦਾਸ ਕੀਤੀ, ਅੱਜ ਵੀ ਅਰਦਾਸ ਕਰਦੇ ਹਾਂ ਕਿ ਜਿਸਨੇ ਵੀ ਹਮਲਾ ਕੀਤਾ, ਉਸ ਨੂੰ ਸਭ ਤੋਂ ਸਖਤ ਤੋਂ ਸਖਤ ਸਜ਼ਾ ਮਿਲੇ। ਅਸੀਂ ਆਪਣੇ ਦੇਸ਼ ਦੇ ਨਾਲ ਹਾਂ। ਪਰ ਜੋ ਹੁਣ ਮੈਚ (ਭਾਰਤ-ਪਾਕ) ਹੋਏ ਹਨ, ਉਹ ਮੇਰੀ ਫਿਲਮ ਨਾਲ ਬਹੁਤ ਵੱਖਰੇ ਹਨ।”
ਦਿਲਜੀਤ ਨੇ ਅੱਗੇ ਕਿਹਾ ਕਿ ਸਾਡੀ ਫਿਲਮ ਪਹਿਲਾਂ ਸ਼ੂਟ ਹੋਈ ਸੀ, ਮੈਚ ਬਾਅਦ ਵਿੱਚ। ਨੈਸ਼ਨਲ ਮੀਡੀਆ ਨੇ ਜ਼ੋਰ ਲਗਾ ਦਿੱਤਾ, ਦਿਲਜੀਤ ਦੋਸਾਂਝ ਨੂੰ ਦੇਸ਼ ਦੇ ਖ਼ਿਲਾਫ਼ ਦਿਖਾਉਣ ਲਈ। ਪਰ ਪੰਜਾਬੀ ਅਤੇ ਸਰਦਾਰ ਕਦੇ ਵੀ ਦੇਸ਼ ਦੇ ਖ਼ਿਲਾਫ਼ ਨਹੀਂ ਜਾ ਸਕਦੇ।
ਸਰਦਾਰ ਜੀ-3 ਫਿਲਮ ਨੂੰ ਲੈ ਕੇ ਹੋਇਆ ਵਿਵਾਦ
ਪਹਿਲਗਾਮ ਹਮਲੇ ਤੋਂ ਬਾਅਦ ਸਰਦਾਰ ਜੀ-3 ਫਿਲਮ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਦਰਅਸਲ, ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮੀਰ ਨੇ ਵੀ ਕੰਮ ਕੀਤਾ ਹੈ। ਭਾਰਤ-ਪਾਕਿਸਤਾਨ ਦੇ ਵਿਚਕਾਰ ਵਧੇ ਤਣਾਅ ਦੇ ਦੌਰਾਨ ਫਿਲਮ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸਵਾਲ ਉਠਣ ਲੱਗੇ। ਵਿਰੋਧ ਵਧਣ ਤੇ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਇਸ ਨੂੰ ਸਿਰਫ ਵਿਦੇਸ਼ਾਂ ਵਿੱਚ ਹੀ ਦਿਖਾਉਣ ਦਾ ਐਲਾਨ ਕੀਤਾ ਗਿਆ।
ਦਿਲਜੀਤ ਦੋਸਾਂਝ ਨੇ ਇਸ ਵਿਵਾਦ ਦੇ ਦੌਰਾਨ ਇਹ ਸਪਸ਼ਟ ਕੀਤਾ ਸੀ ਕਿ ਜਦੋਂ ਇਹ ਫਿਲਮ ਬਣਾਈ ਗਈ ਸੀ, ਤਦ ਹਾਲਾਤ ਸਧਾਰਨ ਸਨ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਲਈ ਹਮੇਸ਼ਾ ਦੇਸ਼ ਪਹਿਲਾਂ ਹੈ।
ਫੈਡਰੇਸ਼ਨ ਨੇ ਦਿਲਜੀਤ ਦੇ ਖ਼ਿਲਾਫ਼ ਬਿਆਨ ਦਿੱਤਾ
ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇਮਪਲੌਈਜ਼ (FWICE) ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ- "ਜੇ ਉਹ ਫਿਲਮ ਰਿਲੀਜ਼ ਕਰਦੇ ਹਨ ਤਾਂ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ ਵਾਈਟ ਲੈਦਰ ਹਾਊਸ ਅਤੇ ਜਿੰਨੇ ਵੀ ਪ੍ਰੋਡਿਊਸਰ ਹਨ, ਸਭ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਜਾਵੇਗਾ।"
ਇਸ ਦੌਰਾਨ ਦਿਲਜੀਤ ਦੋਸਾਂਝ ਨੂੰ ਫਿਲਮ ਬਾਰਡਰ-2 ਤੋਂ ਵੀ ਕੱਢਣ ਦੀਆਂ ਗੱਲਾਂ ਉਠੀਆਂ, ਪਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਵਾਰ-ਵਾਰ ਵੀਡੀਓਜ਼ ਪਾ ਕੇ ਸਪਸ਼ਟ ਕੀਤਾ ਕਿ ਉਹ ਫਿਲਮ ਦਾ ਹਿੱਸਾ ਬਣੇ ਰਹਿਣਗੇ।
23 ਜਨਵਰੀ 2026 ਨੂੰ ਬਾਰਡਰ 2 ਫਿਲਮ ਰਿਲੀਜ਼ ਹੋਵੇਗੀ
ਦੱਸਣ ਯੋਗ ਹੈ ਕਿ ਅਨੁਰਾਗ ਸਿੰਘ ਦੇ ਡਾਇਰੈਕਸ਼ਨ ਵਿੱਚ ਬਣ ਰਹੀ 'ਬਾਰਡਰ 2' ਵਿੱਚ ਸੰਨੀ ਦਿਓਲ, ਵਰੁਣ ਧਵਨ, ਅਹਾਨ ਸ਼ੇੱਟੀ ਅਤੇ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਵਿੱਚ ਹਨ। ਇਹ ਫਿਲਮ 23 ਜਨਵਰੀ 2026 ਨੂੰ ਰਿਲੀਜ਼ ਹੋਵੇਗੀ।






















