Dussehra 2022: ਲੁਧਿਆਣਾ 'ਚ ਦੁਸਹਿਰੇ ਮੌਕੇ ਰਾਵਣ ਦੀ ਪੂਜਾ ਅਰਚਨਾ, ਪਿਛਲੀਆਂ ਸੱਤ ਪੁਸ਼ਤਾਂ ਤੋਂ ਜਾਰੀ ਪਰੰਪਰਾ
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਪਾਇਲ ਜਿੱਥੇ ਦੁਸਹਿਰੇ ਮੌਕੇ ਰਾਵਣ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ, ਇਸ ਪਰੰਪਰਾ ਨੂੰ ਦੂਬੇ ਪਰਿਵਾਰ ਵਿਦੇਸ਼ ਅਤੇ ਪਟਿਆਲਾ, ਬਠਿੰਡਾ, ਪਠਾਨਕੋਟ, ਚੰਡੀਗੜ੍ਹ ਤੋਂ ਹਰ ਸਾਲ ਦੁਸਹਿਰੇ ਮੌਕੇ ਪਾਇਲ ਆ ਕੇ ਪਿਛਲੀਆਂ ਸੱਤ ਪੁਸ਼ਤਾਂ ਤੋਂ ਨਿਭਾਅ ਰਿਹਾ ਹੈ।
ਲੁਧਿਆਣਾ: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਪਾਇਲ ਜਿੱਥੇ ਦੁਸਹਿਰੇ ਮੌਕੇ ਰਾਵਣ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ, ਇਸ ਪਰੰਪਰਾ ਨੂੰ ਦੂਬੇ ਪਰਿਵਾਰ ਵਿਦੇਸ਼ ਅਤੇ ਪਟਿਆਲਾ, ਬਠਿੰਡਾ, ਪਠਾਨਕੋਟ, ਚੰਡੀਗੜ੍ਹ ਤੋਂ ਹਰ ਸਾਲ ਦੁਸਹਿਰੇ ਮੌਕੇ ਪਾਇਲ ਆ ਕੇ ਪਿਛਲੀਆਂ ਸੱਤ ਪੁਸ਼ਤਾਂ ਤੋਂ ਨਿਭਾਅ ਰਿਹਾ ਹੈ।ਰਾਵਣ ਦੀ ਪੂਜਾ ਸਮੇਤ ਰਾਮ ਮੰਦਰ 'ਚ ਵੀ ਪੂਜਾ ਅਰਚਨਾ ਕਰਦਿਆਂ ਲੋਕਾਂ 'ਚ ਸਤਿਕਾਰ ਦਾ ਪਾਤਰ ਬਣਿਆ ਹੋਇਆ ਹੈ। ਸ਼ਾਮ ਮੌਕੇ ਇੱਥੇ ਬੱਕਰੇ ਦੇ ਕੰਨ ਨੂੰ ਕੱਟ ਲਗਾ ਕੇ ਖੂਨ ਚੜਾਇਆ ਜਾਂਦਾ ਹੈ। ਓਥੇ ਹੀ ਸ਼ਰਾਬ ਵੀ ਚੜ੍ਹਾਈ ਜਾਂਦੀ ਹੈ।
ਅਖਿਲ ਪ੍ਰਕਾਸ਼ ਦੂਬੇ ਨੇ ਦੱਸਿਆ ਕਿ ਸਾਡੇ ਪੁਰਖੇ ਬੀਰਬਲ ਦਾਸ ਦੇ ਸੰਤਾਨ ਨਹੀਂ ਸੀ, ਜਿਨ੍ਹਾਂ ਪਾਇਲ ਸ਼ਹਿਰ ਛੱਡ ਕੇ ਹਰਿਦੁਆਰ ਵੱਲ ਕੂਚ ਕਰ ਦਿੱਤਾ। ਰਸਤੇ ਵਿੱਚ ਇੱਕ ਸਾਧੂ ਨੇ ਸੰਤਾਨ ਦੀ ਇੱਛਾ ਪ੍ਰਾਪਤੀ ਦਾ ਹੱਲ ਦੱਸਦੇ ਕਿਹਾ ਕਿ ਜਾ ਕੇ ਰਾਮਲੀਲਾ ਕਰੋ ਤੇ ਦੁਸਹਿਰਾ ਮਨਾਉ। ਜਿਨ੍ਹਾਂ ਪਾਇਲ ਆ ਕੇ ਰਾਮਲੀਲਾ ਕਰਵਾਈ ਤੇ ਅਗਲੇ ਸਾਲ ਦੇ ਦੁਸਹਿਰੇ ਤੋਂ ਪਹਿਲਾਂ ਪਹਿਲੀ ਸੰਤਾਨ ਦੀ ਪ੍ਰਾਪਤੀ ਹੋਈ। ਇਸੇ ਤ੍ਹਰਾਂ ਉਨ੍ਹਾਂ ਦੇ ਚਾਰ ਪੁੱਤਰ ਪੈਦਾ ਹੋਏ ਜਿਨ੍ਹਾਂ ਦਾ ਨਾਮ ਹਕੀਮ ਅੱਛਰੂਦਾਸ ਦੂਬੇ, ਤੁਲਸੀਦਾਸ ਦੂਬੇ, ਪ੍ਰਭੂਦਿਆਲ ਦੂਬੇ ਅਤੇ ਨਰੈਣਦਾਸ ਦੂਬੇ ਸੀ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੂੰ ਅਸੀਂ ਰਾਮ, ਲਸ਼ਮਣ, ਸ਼ਤਰੂਘਣ ਤੇ ਭਰਤ ਵਜੋਂ ਮੰਨਦੇ ਹਾਂ, ਦੂਜਾ ਪੁਰਖਿਆਂ ਦੇ ਘਰ ਸੰਤਾਨ ਦਾ ਪੈਦਾ ਹੋਣਾ ਸਾਡੇ ਦੂਬੇ ਪਰਿਵਾਰ ਲਈ ਦੁਸਹਿਰੇ ਮੌਕੇ ਪੂਜਾ ਅਰਚਨਾ ਕਰਨ ਦਾ ਜਰੀਆ ਬਣਿਆ, ਜੋ ਅੱਜ ਤੱਕ ਨਿਰਵਿਘਨ ਕੀਤੀ ਜਾ ਰਹੀ ਹੈ। ਰਾਮ ਮੰਦਰ ਤੇ ਲੱਗੀ ਸ਼ਿਲਾ ਰਾਮ ਮੰਦਰ ਦੀ ਉਸਾਰੀ ਸੰਨ 1835 ਵਿੱਚ ਹੋਣ ਦਾ ਪ੍ਰਮਾਣ ਦਰਸਾਉਂਦੀ ਹੈ ਅਤੇ ਰਾਵਣ ਦਾ ਬੁੱਤ ਵੀ ਮੰਦਰ ਦਾ ਸਮਕਾਲੀ ਦੱਸਿਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਹਰ ਸਾਲ ਰਾਮਲੀਲਾ ਵੀ ਕੀਤੀ ਜਾਂਦੀ ਹੈ ਅਤੇ ਬੱਚਿਆਂ ਵੱਲੋਂ ਦਿਨ ਸਮੇਂ ਖੇਡੀ ਜਾਂਦੀ ਰਾਮਲੀਲਾ ਦਾ ਮੰਚਨ ਵੀ ਕੀਤਾ ਜਾਂਦਾ ਹੈ। ਉਨ੍ਹਾਂ ਵਿਸ਼ੇਸ਼ ਜ਼ਿਕਰ ਕਰਦਿਆਂ ਦੱਸਿਆ ਕਿ ਇੱਕ ਪਰਿਵਾਰ ਵੱਲੋਂ ਰਾਵਣ ਦੇ ਬੁੱਤ ਨੂੰ ਪੱਕੇ ਤੌਰ ਤੇ ਸਥਾਪਤ ਕੀਤੇ ਜਾਣ ਨੂੰ ਅਸ਼ੁੱਭ ਮੰਨਦਿਆਂ ਤੋੜਿਆ ਗਿਆ, ਜਿਨ੍ਹਾਂ ਨੂੰ ਪਰਿਵਾਰਕ ਨੁਕਸਾਨ ਹੋਣ ਕਰਕੇ ਦੁਬਾਰਾ ਨਿਰਮਾਣ ਕਰਵਾਉਣਾ ਪਿਆ, ਜੋ ਅੱਜ ਵੀ ਇਸ ਅਸਥਾਨ ਨਾਲ ਜੁੜੇ ਹੋਏ ਹਨ।
ਦੁਸਹਿਰੇ ਮੌਕੇ ਸਾਰੇ ਇਲਾਕੇ ਲਈ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਇਹ ਤਿਉਹਾਰ ਬੜੀ ਮਹੱਤਤਾ ਰੱਖਦਾ ਹੈ। ਦੂਬੇ ਪਰਿਵਾਰ ਦਾ ਮੰਨਣਾ ਹੈ ਕਿ ਰਾਵਣ ਦੀ ਪੂਜਾ ਲਈ ਸਾਡੀ ਅਗਲੀ ਪੀੜ੍ਹੀ ਵੀ ਬੜੀ ਸ਼ਿੱਦਤ ਨਾਲ ਰਾਵਣ ਪੂਜਾ ਅਤੇ ਮੰਦਰ ਵਿੱਚ ਪਾਠ ਆਦਿਕ ਕਰਨ ਲਈ ਵਚਨਵੱਧ ਹੈ। ਦੁਸਹਿਰੇ ਵਾਲੇ ਦਿਨ ਸ਼ਾਮ ਸਮੇਂ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ, ਜਿੱਥੇ ਵਿਸ਼ੇਸ਼ ਤੌਰ ਤੇ ਰਾਵਣ ਨੂੰ ਦੁਸਹਿਰੇ ਵਾਲੇ ਦਿਨ ਸੂਰਜ ਛਿੱਪਣ ਮੌਕੇ ਸ਼ਰਾਬ ਸਮੇਤ ਲਹੂ ਦਾ ਟਿੱਕਾ ਲਗਾਉਣ ਦੀ ਰਸਮ ਵੀ ਨਿਭਾਈ ਜਾਂਦੀ ਹੈ। ਇਸਦੇ ਉਪਰੰਤ ਰਾਵਣ ਦੇ ਬੁੱਤ ਦੇ ਸਿਰ ਉਪਰ ਅੱਗ ਲਾ ਕੇ ਅਗਨੀ ਦੀ ਰਸਮ ਵੀ ਨਿਭਾਈ ਜਾਂਦੀ ਹੈ। ਸ਼ਰਾਬ ਤੇ ਖੂਨ ਭੇਂਟ ਕਰਨ ਦੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜਿੱਥੇ ਰਾਵਣ ਰਾਖਸ਼ਿਸ਼ ਬੁੱਧੀ ਵਾਲਾ ਸੀ ਉੱਥੇ ਵੇਦਾਂ ਦਾ ਗਿਆਤਾ ਵੀ ਸੀ, ਜਿਸ ਕਰਕੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ।
ਪਾਇਲ ਅੰਦਰ 35 ਸਾਲਾਂ ਤੋਂ ਇੱਕ ਸਿੱਖ ਪਰਿਵਾਰ ਮੰਦਿਰ ਅੰਦਰ ਪੂਜਾ ਕਰਕੇ ਧਾਰਮਿਕ ਏਕਤਾ ਦਾ ਸੁਨੇਹਾ ਵੀ ਦੇ ਰਿਹਾ ਹੈ। ਨੇ ਕਿਹਾ ਕਿ ਇਸ ਜਗ੍ਹਾ ਚ ਬਹੁਤ ਮਾਨਤਾ ਹੈ। ਪਠਾਨਕੋਟ ਤੋਂ ਆਏ ਦੁਬੇ ਪਰਿਵਾਰ ਦੇ ਲਵਲੀ ਦੁਬੇ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦੀ ਸੱਤਵੀਂ ਪੀੜ੍ਹੀ ਇਹ ਸੇਵਾ ਕਰਦੀ ਆ ਰਹੀ ਹੈ। ਓਹਨਾਂ ਦੇ ਪਰਿਵਾਰ ਅਤੇ ਪਾਇਲ ਇਲਾਕੇ ਉਪਰ ਰਾਵਣ ਦਾ ਪੂਰਾ ਵਰਦਾਨ ਹੈ। ਰਾਵਣ ਦੇ ਬੁੱਤ ਉਪਰ ਮੱਥਾ ਟੇਕਣ ਆਏ ਸ਼ਹਿਰਵਾਸੀਆਂ ਨੇ ਕਿਹਾ ਕਿ ਪਾਇਲ ਦਾ ਦੁਸਹਿਰਾ ਵਿਸ਼ਵ ਪ੍ਰਸਿੱਧ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :