ਪੰਜਾਬ ਭਰ 'ਚ ਦੁਸਹਿਰੇ ਦੀ ਧੂਮ, ਹਰਿਆਣਾ-ਹਿਮਾਚਲ ਵੀ ਤਿਉਹਾਰ ਦੇ ਰੰਗ 'ਚ
ਦੁਸਹਿਰੇ ਦਾ ਤਿਉਹਾਰ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਗਿਆ।ਅੰਮ੍ਰਿਤਸਰ ਨਾਰਥ ਵੱਲੋਂ ਰਣਜੀਤ ਐਵਨਿਉ, ਦੁਰਗਿਆਣਾ ਕਮੇਟੀ, ਸੁਨੀਲ ਦੱਤੀ, ਖਜਾਨਾ ਗੇਟ, ਇਸਲਾਮਾਬਾਦ, ਛੇਹਰਟਾ, ਨਰਾਇਣਗੜ ਆਦਿ ਵਿਖੇ ਦਸਹਿਰਾ ਧੂਮਧਾਮ ਨਾਲ ਮਨਾਇਆ ਗਿਆ।
ਚੰਡੀਗੜ੍ਹ: ਦੁਸਹਿਰੇ ਦਾ ਤਿਉਹਾਰ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਗਿਆ।ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹਾ ਮੈਦਾਨ ਵਿੱਚ ਲਵ ਕੁਸ਼ ਰਾਮਲੀਲਾ ਬਹੁਤ ਮਸ਼ਹੂਰ ਹੈ।ਦੁਸਹਿਰੇ ਦੇ ਮੌਕੇ 'ਤੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਵ ਕੁਸ਼ ਰਾਮਲੀਲਾ ਪ੍ਰੋਗਰਾਮ 'ਚ ਵੀ ਸ਼ਿਰਕਤ ਕੀਤੀ।ਮੁੱਖ ਮੰਤਰੀ ਕੇਜਰੀਵਾਲ ਨੇ ਲਵ-ਕੁਛ ਰਾਮਲੀਲਾ ਦਾ ਅਨੰਦ ਮਾਣਿਆ ਅਤੇ ਲਵ ਕੁਸ਼ ਰਾਮਲੀਲਾ ਵਿੱਚ ਰਾਵਣ, ਕੁੰਭਕਰਨ, ਮੇਘਨਾਦ ਦੇ ਪੁਤਲੇ ਸਾੜੇ।
ਪੰਜਾਬ 'ਚ ਵੀ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰਾ
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਕਿਹਾ, "ਦੁਸਹਿਰਾ ਸਾਨੂੰ ਹਨੇਰੇ 'ਤੇ ਨੇਕੀ ਦੀ ਜਿੱਤ ਦੇ ਵਿਸ਼ਵਵਿਆਪੀ ਸੱਚ ਦੀ ਯਾਦ ਦਿਵਾਉਂਦਾ ਹੈ ਅਤੇ ਇਹ ਤਿਉਹਾਰ ਸਾਡੀ ਸਦਭਾਵਨਾ, ਭਾਈਚਾਰੇ ਅਤੇ ਸ਼ਾਂਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ।ਸਭ ਨੂੰ ਦੁਸਹਿਰੇ ਦੀਆਂ ਮੁਬਾਰਕਾਂ।
ਅੰਮ੍ਰਿਤਸਰ
ਜੌੜਾ ਫਾਟਕ ਹਾਦਸੇ ਅਤੇ ਕੋਰੋਨਾ ਦੇ ਡਰ ਤੋਂ ਮੁਕਤ ਹੋ ਕੇ ਅੰਮ੍ਰਿਤਸਰ 'ਚ ਇਸ ਵਾਰ ਸਾਰੀਆਂ ਦਸ਼ਹਿਰਾਂ ਕਮੇਟੀਆਂ ਨੇ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ।ਪਿਛਲੇ ਦੋ ਸਾਲਾ 'ਚ ਕਾਫੀ ਕਮੇਟੀਆਂ ਨੇ ਸਰਕਾਰ ਵੱਲੋਂ ਕੀਤੀ ਸਖ਼ਤੀ ਕਾਰਨ ਦਸਹਿਰਾ ਨਹੀਂ ਸੀ ਮਨਾਇਆ, ਪਰ ਇਸ ਵਾਰ ਦਸਹਿਰਾ ਕਮੇਟੀ ਅੰਮ੍ਰਿਤਸਰ ਨਾਰਥ ਵੱਲੋਂ ਰਣਜੀਤ ਐਵਨਿਉ, ਦੁਰਗਿਆਣਾ ਕਮੇਟੀ, ਸੁਨੀਲ ਦੱਤੀ, ਖਜਾਨਾ ਗੇਟ, ਇਸਲਾਮਾਬਾਦ, ਛੇਹਰਟਾ, ਨਰਾਇਣਗੜ ਆਦਿ ਵਿਖੇ ਦਸਹਿਰਾ ਧੂਮਧਾਮ ਨਾਲ ਮਨਾਇਆ ਗਿਆ।
ਬਰਨਾਲਾ
ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਸ੍ਰੀ ਗੀਤਾ ਭਵਨ ਮੰਦਰ ਤੋਂ ਸ਼ੋਭਾ ਯਾਤਰਾ ਨੂੰ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਇਸਤੋਂ ਪਹਿਲਾਂ ਢਿੱਲੋਂ ਨੇ ਆਪਣੀ ਟੀਮ ਸਮੇਤ ਮੰਦਰ ਅੰਦਰ ਮੱਥਾ ਟੇਕ ਕੇ ਭਗਵਾਨ ਸ੍ਰੀ ਰਾਮ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ।ਇਹ ਤਿਉਹਾਰ ਸਾਡੀ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਦਾ ਹੈ।
ਲੁਧਿਆਣਾ
ਲੁਧਿਆਣਾ ਦੇ ਇਤਿਹਾਸਕ ਰਾਮ ਲੀਲਾ ਗਰਾਊਂਡ 'ਚ ਰਾਵਣ ਦਹਿਨ ਹੋਇਆ।ਇੱਥੇ ਹਰ ਸਾਲਾ ਇਹ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਕੋਰੋਨਾ ਮਹਾਮਾਰੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦ ਇੰਨੀ ਵੱਡੀ ਗਿਣਤੀ 'ਚ ਲੋਕ ਕਿਸੇ ਮੈਦਾਨ 'ਚ ਇਕੱਠੇ ਹੋਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਰਾਵਣ ਦਹਿਨ ਦੀ ਰਸਮ ਅਦਾ ਕੀਤੀ।
ਹੋਸ਼ਿਆਰਪੁਰ
ਹੋਸ਼ਿਆਰਪੁਰ ਵਿੱਚ ਰਾਮਲੀਲਾ ਗਰਾਉਂਡ ਵਿੱਚ ਦੁਸਹਿਰੇ ਦਾ ਤਿਓਹਾਰ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ।ਇਸ ਦੌਰਾਨ ਰਾਮਲੀਲਾ ਦੇ ਮੰਚਨ ਤੋਂ ਕੇਂਦਰੀ ਮੰਤਰੀ ਸੋਮ ਪ੍ਰਕਸ਼,ਐਸਸੀ ਕਮਿਸ਼ੀਨ ਦੇ ਚੇਅਰਮੈਨ ਵਿਜੈ ਸਾਂਪਲਾ, ਸਾਬਕਾ ਮੰਤਰੀ ਤੀਕਸ਼ਨ ਸੂਦ, ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਰਾਵਣ ਮੇਘਨਾਥ ਕੁੰਭਕਰਨ ਦੇ ਪੁਤਲੀਆਂ ਨੂੰ ਅਗਨ ਭੇਂਟ ਕੀਤਾ।ਇਸ ਮੌਕੇ ਵੱਡੀ ਸੰਖਿਆ ਵਿਚ ਸ਼ਰਧਾਲੂ ਮੌਜੂਦ ਰਹੇ।
ਹਰਿਆਣਾ 'ਚ ਵੀ ਕਈ ਥਾਂ ਫੁਕਿਆ ਗਿਆ ਰਾਵਣ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ, ਜੋ ਰੋਹਤਕ ਦੇ ਡੀ ਪਾਰਕ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪਹੁੰਚੇ ਸਨ, ਨੇ ਅੱਜ ਰਾਜ ਦੇ ਲੋਕਾਂ ਨੂੰ ਦੁਸਹਿਰੇ ਦੇ ਮੌਕੇ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨਾਲ ਹੀ ਕਿਹਾ ਕਿ ਅੱਜ ਵਿਜਯਾਦਸ਼ਮੀ ਹੈ, ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਜਿਸ ਨੂੰ ਸਮੁੱਚਾ ਦੇਸ਼ ਧੂਮਧਾਮ ਨਾਲ ਮਨਾਉਂਦਾ ਹੈ।
ਹਿਮਾਚਲ 'ਚ ਵੀ ਵਿਜਯਾਦਸ਼ਮੀ ਦਾ ਰੰਗ
ਜ਼ਿਲ੍ਹਾ ਕੁੱਲੂ ਦੇ ਮੁੱਖ ਦਫ਼ਤਰ ਧਾਲਪੁਰ ਵਿਖੇ ਭਗਵਾਨ ਰਘੂਨਾਥ ਦੀ ਰੱਥ ਯਾਤਰਾ ਦੇ ਨਾਲ ਅੰਤਰਰਾਸ਼ਟਰੀ ਦੁਸਹਿਰਾ ਉਤਸਵ ਦੀ ਸ਼ੁਰੂਆਤ ਹੋਈ ਹੈ। ਸ਼ੁੱਕਰਵਾਰ ਨੂੰ ਕੱਢੀ ਗਈ ਰੱਥ ਯਾਤਰਾ ਵਿੱਚ ਜ਼ਿਲ੍ਹਾ ਕੁੱਲੂ ਦੇ ਵੱਖ -ਵੱਖ ਇਲਾਕਿਆਂ ਤੋਂ 200 ਤੋਂ ਵੱਧ ਦੇਵਤਿਆਂ ਨੇ ਰੱਥ ਯਾਤਰਾ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ ਰਾਜ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਵੀ ਮੌਜੂਦ ਸਨ। ਭਗਵਾਨ ਰਘੂਨਾਥ ਦੇ ਰੱਥ ਨੂੰ ਸਾਰੇ ਧਰਮਾਂ ਦੇ ਲੋਕਾਂ ਨੇ ਰੱਥ ਮੈਦਾਨ ਤੋਂ ਧਾਲਪੁਰ ਮੈਦਾਨ ਵਿੱਚ ਉਸਦੇ ਅਸਥਾਈ ਡੇਰੇ ਤੱਕ ਖਿੱਚਿਆ। ਇਸ ਦੌਰਾਨ ਹਜ਼ਾਰਾਂ ਲੋਕ ਜੈ ਸ਼੍ਰੀ ਰਾਮ ਦਾ ਜਾਪ ਕਰ ਰਹੇ ਸਨ ਅਤੇ ਸਾਰਾ ਇਲਾਕਾ ਇਸ ਅਵਾਜ਼ ਨਾਲ ਗੂੰਜ ਉਠਿਆ।
ਰਾਜਧਾਨੀ ਸ਼ਿਮਲਾ ਦੇ ਇਤਿਹਾਸਕ ਜਾਖੂ ਮੰਦਰ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਮੰਦਰ ਦੇ ਮੈਦਾਨ ਵਿੱਚ ਰਾਵਣ ਸਮੇਤ ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਰਾਵਣ ਦਹਨ ਦੇ ਇਸ ਪ੍ਰੋਗਰਾਮ ਵਿੱਚ ਮੁੱਖ ਚੋਣ ਅਧਿਕਾਰੀ ਸੀ ਪਾਲਰਾਸੂ ਅਤੇ ਡਿਪਟੀ ਕਮਿਸ਼ਨਰ ਸ਼ਿਮਲਾ ਆਦਿੱਤਿਆ ਨੇਗੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਮੁੱਖ ਚੋਣ ਅਧਿਕਾਰੀ ਨੇ ਰਾਵਣ ਦਾ ਪੁਤਲਾ ਸਾੜਿਆ।