Electricity rate in Punjab: ਪੰਜਾਬ 'ਚ ਅੱਜ ਤੋਂ ਬਿਜਲੀ ਮਹਿੰਗੀ! ਪਾਵਰਕੌਮ ਦੀ ਵਧੇਗੀ 3584 ਕਰੋੜ ਤੱਕ ਕਮਾਈ
ਬਿਜਲੀ ਦਰਾਂ ਵਿਚ ਔਸਤਨ ਪ੍ਰਤੀ ਯੂਨਿਟ 6.48 ਰੁਪਏ ਤੋਂ 7.04 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਹੋ ਗਿਆ ਹੈ। ਘਰੇਲੂ ਬਿਜਲੀ ਵਿੱਚ ਔਸਤਨ ਪ੍ਰਤੀ ਯੂਨਿਟ 5.70 ਰੁਪਏ ਤੋਂ 6.35 ਰੁਪਏ ਪ੍ਰਤੀ ਯੂਨਿਟ ਵਾਧਾ ਹੋ ਗਿਆ ਹੈ
Electricity rate in Punjab: ਪੰਜਾਬ ਵਿੱਚ ਅੱਜ ਤੋਂ ਬਿਜਲੀ ਦੀਆਂ ਵਧੀਆਂ ਦਰਾਂ ਲਾਗੂ ਹੋ ਗਈਆਂ ਹਨ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸਾਲ 2023-24 ਲਈ ਨਵਾਂ ਟੈਰਿਫ਼ ਲਾਗੂ ਕਰ ਦਿੱਤਾ ਹੈ। ਅੱਜ ਤੋਂ ਬਿਜਲੀ ਬਿੱਲ 8.64 ਫ਼ੀਸਦੀ ਵਧੀਆਂ ਦਰਾਂ ਨਾਲ ਆਇਆ ਕਰੇਗਾ। ਉਂਝ 600 ਯੂਨਿਟਾਂ ਤੋਂ ਘੱਟ ਬਿਜਲੀ ਖਪਤ ਕਰਨ ਵਾਲਿਆਂ ਉੱਪਰ ਇਸ ਦਾ ਕੋਈ ਅਸਰ ਨਹੀਂ ਪਏਗਾ ਕਿਉਂਕਿ ਇਹ ਅਦਾਇਗੀ ਪੰਜਾਬ ਸਰਕਾਰ ਕਰੇਗੀ।
ਇਨ੍ਹਾਂ ਵਧੀਆਂ ਦਰਾਂ ਨਾਲ ਪੰਜਾਬ ’ਚ ਘਰੇਲੂ, ਸਨਅਤੀ ਤੇ ਖੇਤੀ ਖੇਤਰ ਦੀ ਬਿਜਲੀ ਪਹਿਲਾਂ ਨਾਲੋਂ ਮਹਿੰਗੀ ਹੋ ਗਈ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਜਾਰੀ ਨਵੇਂ ਟੈਰਿਫ਼ ਅਨੁਸਾਰ ਔਸਤਨ 56 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ ਤੇ ਪਾਵਰਕੌਮ ਨੂੰ ਇਸ ਵਾਧੇ ਨਾਲ ਕਰੀਬ 3584 ਕਰੋੜ ਰੁਪਏ ਦੀ ਵਾਧੂ ਆਮਦਨ ਹੋਣ ਦਾ ਅਨੁਮਾਨ ਹੈ। ਇਸ ਵਾਧੇ ਉਪਰੰਤ 2023-24 ਦੌਰਾਨ ਪਾਵਰਕੌਮ ਦੀ ਸਮੁੱਚੀ ਆਮਦਨ 41704.42 ਕਰੋੜ ਰੁਪਏ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਨਵੀਂ ਆਮਦਨ ’ਚ 1895 ਕਰੋੜ ਦੇ ਪੁਰਾਣੇ ਬਕਾਏ ਵੀ ਸ਼ਾਮਲ ਹਨ।
ਬਿਜਲੀ ਦਰਾਂ ਵਿਚ ਔਸਤਨ ਪ੍ਰਤੀ ਯੂਨਿਟ 6.48 ਰੁਪਏ ਤੋਂ 7.04 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਹੋ ਗਿਆ ਹੈ। ਘਰੇਲੂ ਬਿਜਲੀ ਵਿੱਚ ਔਸਤਨ ਪ੍ਰਤੀ ਯੂਨਿਟ 5.70 ਰੁਪਏ ਤੋਂ 6.35 ਰੁਪਏ ਪ੍ਰਤੀ ਯੂਨਿਟ ਵਾਧਾ ਹੋ ਗਿਆ ਹੈ ਜਦੋਂਕਿ ਕਮਰਸ਼ੀਅਲ ਖੇਤਰ ਲਈ ਬਿਜਲੀ ਦਰਾਂ ਵਿੱਚ ਔਸਤਨ 7.97 ਰੁਪਏ ਤੋਂ ਵਧਾ ਕੇ 8.44 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਹੋਇਆ ਹੈ।
ਰੈਗੂਲੇਟਰੀ ਕਮਿਸ਼ਨ ਨੇ ਫਿਕਸ ਚਾਰਜਿਜ਼ ਵੀ ਹੁਣ ਵਧਾ ਦਿੱਤੇ ਹਨ। ਘਰੇਲੂ ਬਿਜਲੀ ਦੀ ਗੱਲ ਕਰੀਏ ਤਾਂ ਦੋ ਕਿੱਲੋਵਾਟ ਲੋਡ ਵਾਲੇ ਖਪਤਕਾਰਾਂ ਨੂੰ ਇੱਕ ਤੋਂ ਸੌ ਯੂਨਿਟ ਤੱਕ ਬਿਜਲੀ 70 ਪੈਸੇ, 101 ਤੋਂ 300 ਯੂਨਿਟ ਤੱਕ 80 ਪੈਸੇ ਤੇ 300 ਯੂਨਿਟ ਤੋਂ ਵੱਧ ਬਿਜਲੀ 45 ਪੈਸੇ ਪ੍ਰਤੀ ਯੂਨਿਟ ਮਹਿੰਗੀ ਮਿਲੇਗੀ। ਦੋ ਤੋਂ ਸੱਤ ਕਿੱਲੋਵਾਟ ਲੋਡ ਵਾਲੇ ਖਪਤਕਾਰਾਂ ਨੂੰ ਬਿਜਲੀ ਪਹਿਲੇ ਸੌ ਯੂਨਿਟ ਤੱਕ 70 ਪੈਸੇ, 101 ਤੋਂ 300 ਯੂਨਿਟ ਤੱਕ 80 ਪੈਸੇ ਤੇ 300 ਯੂਨਿਟ ਤੋਂ ਉਪਰ 45 ਪੈਸੇ ਪ੍ਰਤੀ ਯੂਨਿਟ ਬਿਜਲੀ ਮਹਿੰਗੀ ਮਿਲੇਗੀ।
ਸੱਤ ਕਿੱਲੋਵਾਟ ਤੋਂ 50 ਕਿੱਲੋਵਾਟ ਲੋਡ ਵਾਲੇ ਖਪਤਕਾਰਾਂ ਨੂੰ ਪਹਿਲੇ ਸੌ ਯੂਨਿਟ ਬਿਜਲੀ 70 ਪੈਸੇ, 101 ਤੋਂ 300 ਯੂਨਿਟ ਤੱਕ 65 ਪੈਸੇ ਅਤੇ 300 ਯੂਨਿਟ ਤੋਂ ਉਪਰ ਬਿਜਲੀ 25 ਪੈਸੇ ਪ੍ਰਤੀ ਯੂਨਿਟ ਮਹਿੰਗੀ ਪ੍ਰਾਪਤ ਹੋਵੇਗੀ। ਘਰੇਲੂ ਬਿਜਲੀ ਦੇ 50 ਤੋਂ 100 ਕਿੱਲੋਵਾਟ ਲੋਡ ਵਾਲੇ ਖਪਤਕਾਰਾਂ ਦੀਆਂ ਬਿਜਲੀ ਦਰਾਂ ਵਿਚ 32 ਪੈਸੇ ਅਤੇ 100 ਕਿੱਲੋਵਾਟ ਲੋਡ ਤੋਂ ਜ਼ਿਆਦਾ ’ਤੇ 33 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ। ਘਰੇਲੂ ਬਿਜਲੀ ਦੇ ਦੋ ਕਿੱਲੋਵਾਟ ਤੱਕ ਦੇ ਫਿਕਸ ਚਾਰਜਿਜ਼ 35 ਰੁਪਏ ਤੋਂ ਵਧਾ ਕੇ 50 ਰੁਪਏ ਪ੍ਰਤੀ ਕਿੱਲੋਵਾਟ ਕਰ ਦਿੱਤੇ ਗਏ ਹਨ। ਦੋ ਤੋਂ ਸੱਤ ਕਿੱਲੋਵਾਟ ਲੋਡ ਦੇ ਫਿਕਸ ਚਾਰਜਿਜ਼ 60 ਤੋਂ 75 ਰੁਪਏ ਪ੍ਰਤੀ ਕਿੱਲੋਵਾਟ ਕਰ ਦਿੱਤੇ ਗਏ ਹਨ।