ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਕਲਮ ਛੋੜ ਹੜਤਾਲ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਮਾਲੇਰਕੋਟਲਾ, ਸੰਗਰੂਰ ਤੇ ਲੁਧਿਆਣਾ 'ਚ ਕੰਮ ਠੱਪ
ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ ਕੀਤੀ ਗਈ ਹੈ। ਇਸ ਹੜਤਾਲ ਵਿੱਚ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਮਾਲੇਰਕੋਟਲਾ, ਸੰਗਰੂਰ ਲੁਧਿਆਣਾ ਜ਼ਿਲ੍ਹੇ ਸ਼ਾਮਲ ਹਨ।
ਚੰਡੀਗੜ੍ਹ: ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ ਕੀਤੀ ਗਈ ਹੈ। ਇਸ ਹੜਤਾਲ ਵਿੱਚ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਮਾਲੇਰਕੋਟਲਾ, ਸੰਗਰੂਰ ਲੁਧਿਆਣਾ ਜ਼ਿਲ੍ਹੇ ਸ਼ਾਮਲ ਹਨ। ਇਸ ਤਹਿਤ ਨਾਭਾ ਵਿੱਚ ਵੀ ਸੇਵਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਆਪਣੇ ਦਫ਼ਤਰ ਵਿੱਚ ਪਹੁੰਚ ਕੇ ਸਿਰ ਉਪਰ ਕਾਲੀਆਂ ਪੱਟੀਆਂ ਬੰਨ੍ਹ ਕੇ ਕਲਮ ਛੋੜ ਹੜਤਾਲ ਕੀਤੀ ਗਈ। ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਕਿਹਾ ਕਿ ਪ੍ਰਾਈਵੇਟ ਕੰਪਨੀ ਸਾਨੂੰ ਅੱਠ ਤੋਂ ਲੈ ਕੇ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਾ ਦਿੰਦੀ ਹੈ। ਇਸ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ, ਜਿਸ ਕਰਕੇ ਸਾਡੇ ਵੱਲੋਂ ਹੜਤਾਲ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਕਾਰਨ ਅੱਜ ਕੱਲ੍ਹ ਹਰ ਇੱਕ ਵਰਗ ਦੇ ਵਿਅਕਤੀ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਗਿਆ ਹੈ। ਅਕਾਲੀ ਸਰਕਾਰ ਵੇਲੇ ਹਰ ਜ਼ਿਲ੍ਹੇ, ਹਰ ਤਹਿਸੀਲ, ਹਰ ਪਿੰਡ ਵਿੱਚ ਸੇਵਾ ਕੇਂਦਰ ਖੋਲ੍ਹੇ ਗਏ ਸਨ ਤਾਂ ਜੋ ਲੋਕਾਂ ਨੂੰ ਸਹੂਲਤਾਂ ਮਿਲ ਸਕਣ। ਅੱਜ ਉਹ ਹੀ ਮੁਲਾਜ਼ਮ ਹੁਣ ਹੜਤਾਲ 'ਤੇ ਚਲੇ ਗਏ ਹਨ ਕਿਉਂਕਿ ਪਿਛਲੇ ਲੰਬੇ ਅਰਸੇ ਤੋਂ ਇਹ ਮੁਲਾਜ਼ਮ ਅੱਠ ਤੋਂ ਲੈ ਕੇ ਦਸ ਹਜ਼ਾਰ ਰੁਪਏ ਵਿੱਚ ਹੀ ਘਰ ਦਾ ਗੁਜ਼ਾਰਾ ਕਰ ਰਹੇ ਹਨ।
ਦੱਸਣਯੋਗ ਹੈ ਕਿ 27 ਮਹਿਕਮਿਆਂ ਨਾਲ ਸਬੰਧਤ 379 ਸਹੂਲਤਾਂ ਲੋਕਾਂ ਨੂੰ ਪ੍ਰਦਾਨ ਕਰ ਰਹੇ ਹਨ। ਮੁਲਾਜ਼ਮਾਂ ਦੀ ਮੰਗ ਹੈ ਕਿ ਅਸੀਂ ਅੱਠ ਤੋਂ ਲੈ ਕੇ ਦਸ ਹਜ਼ਾਰ ਰੁਪਏ ਵਿੱਚ ਘਰ ਦਾ ਗੁਜ਼ਾਰਾ ਕਿਵੇਂ ਕਰੀਏ। ਅਸੀਂ ਘਰ ਵੀ ਚਲਾਉਣਾ ਹੈ ਤੇ ਬੱਚੇ ਵੀ ਪੜ੍ਹਾਉਣੇ ਹਨ। ਦੂਜੇ ਪਾਸੇ ਸਰਕਾਰ ਵੱਲੋਂ ਬੀਤੇ ਦਿਨਾਂ ਵਿੱਚ ਸ਼ਨੀਵਾਰ ਤੇ ਐਤਵਾਰ ਸੁਵਿਧਾ ਕੇਂਦਰਾ ਨੂੰ ਖੋਲ੍ਹ ਕੇ ਡਿਊਟੀ 'ਤੇ ਆਉਣ ਲਈ ਵੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਦੇ ਰੋਸ ਵਜੋਂ ਪੰਜ ਜ਼ਿਲ੍ਹਿਆਂ ਦੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ।
ਇਸ ਮੌਕੇ 'ਤੇ ਸੇਵਾ ਕੇਂਦਰ ਦੇ ਇੰਚਾਰਜ ਸੁਖਵਿੰਦਰ ਸਿੰਘ ਤੇ ਮੁਲਾਜ਼ਮ ਪ੍ਰਿੰਸ ਨੇ ਕਿਹਾ ਕਿ ਸਰਕਾਰ ਸਾਡੇ ਤੋਂ ਜ਼ਿਆਦਾ ਕੰਮ ਲੈ ਰਹੀ ਹੈ ਤੇ ਤਨਖਾਹ ਘੱਟ ਹੈ। ਇਸ ਕਰਕੇ ਸਾਡੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ, ਜਿਸ ਕਰਕੇ ਅੱਜ ਅਸੀਂ ਕਲਮ ਛੋੜ ਹੜਤਾਲ ਕਰਨ ਲਈ ਮਜਬੂਰ ਹਾਂ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਵਧਦੀ ਮਹਿੰਗਾਈ ਨੇ ਪਹਿਲਾਂ ਹੀ ਲੱਕ ਤੋੜ ਕੇ ਰੱਖ ਦਿੱਤਾ ਹੈ ਤੇ ਦੂਜੇ ਪਾਸੇ ਅੱਠ ਤੋਂ ਲੈ ਕੇ ਦੱਸ ਹਜ਼ਾਰ ਤਨਖਾਹ ਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਡੀਆਂ ਤਨਖਾਹਾਂ ਵਧਾਵੇ ਤਾਂ ਜੋ ਅਸੀਂ ਘਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕੀਏ।
ਇਸ ਮੌਕੇ 'ਤੇ ਸੇਵਾ ਕੇਂਦਰ ਵਿਚ ਕੰਮ ਕਰਵਾਉਣ ਆਏ ਰਾਹੁਲ ਕੁਮਾਰ ਨੇ ਦੱਸਿਆ ਕਿ ਅਸੀਂ ਸਾਰੇ ਹੀ ਕੰਮਕਾਰ ਛੱਡ ਕੇ ਅੱਜ ਸੇਵਾ ਕੇਂਦਰ ਵਿਚ ਆਪਣੇ ਕੰਮ ਕਰਵਾਉਣ ਲਈ ਆਏ ਸੀ ਪਰ ਸੇਵਾ ਕੇਂਦਰ ਵਿੱਚ ਹੜਤਾਲ ਹੋਣ ਦੇ ਕਾਰਨ ਅੱਜ ਸਾਨੂੰ ਬੇਰੰਗ ਵਾਪਸ ਮੁੜਨਾ ਪਵੇਗਾ। ਮੁਲਾਜ਼ਮਾਂ ਦੀ ਮੰਗ ਹੈ ਕਿ ਇਨ੍ਹਾਂ ਦੀ ਤਨਖਾਹ ਘੱਟ ਹੈ ਜਿਸ ਕਰਕੇ ਅਸੀਂ ਵੀ ਇਨ੍ਹਾਂ ਦੇ ਨਾਲ ਹਾਂ ਕਿਉਂਕਿ ਅੱਠ ਦਸ ਹਜ਼ਾਰ ਰੁਪਏ ਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਸਰਕਾਰ ਨੂੰ ਇਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ।