ਜਦੋਂ ਤੋਂ ਮੁੱਖ ਮੰਤਰੀ ਬਣੇ ਚੰਨੀ, ਹਨੀ ਕਮਾਏ ਮੋਟੇ ਪੈਸੇ : ਰਾਘਵ ਚੱਢਾ
ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੇ ਪੰਜਾਬ ਨੂੰ ਵੰਡਣ ਦੇ ਮਨਸੂਬਿਆਂ ਨੂੰ ਕਦੇ ਸਫਲ ਨਹੀਂ ਹੋਣ ਦੇਵੇਗੀ। ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਨੂੰ ਧਰਮ ਦੇ ਨਾਂ 'ਤੇ ਵੰਡਣ ਦੀ ਕੋਸ਼ਿਸ਼ ਕੀਤੀ
ਚੰਡੀਗੜ੍ਹ
ਆਮ ਆਦਮੀ ਪਾਰਟੀ (AAP) ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਦੇ ਭਾਣਜੇ ਦੀ ਗ੍ਰਿਫ਼ਤਾਰੀ ਬਾਰੇ ਕਿਹਾ ਕਿ ਉਨਾਂ ਦੇ ਭਾਣਜੇ ਨੇ ਖ਼ੁਦ ਸਵੀਕਾਰ ਕੀਤਾ ਕਿ ਛਾਪੇ ਦੌਰਾਨ ਮਿਲਿਆ ਪੈਸਾ ਰੇਤ ਮਾਫ਼ੀਆ ਅਤੇ ਟਰਾਂਸਫ਼ਰ ਪੋਸਟਿੰਗ ਦਾ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਚੰਨੀ ਅਤੇ ਉਨਾਂ ਦਾ ਭਾਣਜੇ ਬੇਹੱਦ ਕਰੀਬ ਸਨ। ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਕਰਵਾਈ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਚੰਨੀ ਦੇ ਭਾਣਜੇ ਨੂੰ ਮਿਲੀ ਵੀਆਈਪੀ ਸੁਰੱਖਿਆ ਦੋਨਾਂ ਦੀ ਆਪਸੀ ਵਿੱਚ ਗਹਿਰੀ ਨਜ਼ਦੀਕੀਆਂ ਦਾ ਸਬੂਤ ਹੈ। ਜੇ ਚੰਨੀ ਦੇ ਆਪਣੇ ਭਾਣਜੇ ਨਾਲ ਬਿਹਤਰ ਸੰਬੰਧ ਨਹੀਂ ਸਨ ਤਾਂ ਉਸ ਨੂੰ ਵੀ.ਆਈ.ਪੀ ਸੁਰੱਖਿਆ ਕਿਵੇਂ ਮਿਲੀ?
ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਦਰਬਾਰ ਸਾਹਿਬ ਦੀ ਸਹੁੰ ਚੁੱਕ ਕੇ ਕਿਹਾ ਸੀ ਕਿ ਉਨਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਰੇਤ ਮਾਫ਼ੀਆ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰ ਚੰਨੀ ਦੇ ਭਾਣਜੇ ਵੱਲੋਂ ਈਡੀ ਨੂੰ ਦਿੱਤੇ ਬਿਆਨਾਂ ਤੋਂ ਸਿੱਧ ਹੋ ਗਿਆ ਹੈ ਕਿ ਚੰਨੀ ਅਤੇ ਉਸ ਦਾ ਪਰਿਵਾਰ ਰੇਤ ਮਾਫ਼ੀਆ ਹੀ ਨਹੀਂ ਬਲਕਿ ਹੋਰ ਕਈ ਕਾਲ਼ੇ ਧੰਦਿਆਂ ਵਿੱਚ ਸ਼ਾਮਲ ਹੈ। ਉਨਾਂ ਕਿਹਾ ਕਿ ਚੰਨੀ ਨੇ ਝੂਠੀ ਸਹੁੰ ਖਾ ਕੇ ਦਰਬਾਰ ਸਾਹਿਬ ਦਾ ਅਪਮਾਨ ਕੀਤਾ ਹੈ। ਪੰਜਾਬ ਦੀ ਜਨਤਾ ਉਸ ਨੂੰ ਕਦੇ ਮੁਆਫ਼ ਨਹੀਂ ਕਰੇਗੀ।
ਚੱਢਾ ਨੇ ਚੰਨੀ ਦੇ ਭਾਣਜੇ ਦੀ ਇਨਕਮ ਟੈਕਸ ਰਿਟਰਨ ਦਾ ਹਵਾਲਾ ਦਿੰਦਿਆਂ ਕਿਹਾ ਕਿ 1 ਅਪ੍ਰੈਲ 2019 ਤੋਂ 31 ਮਾਰਚ 2020 ਤੱਕ ਉਸ ਦੇ ਭਾਣਜੇ ਦਾ ਸਾਲਾਨਾ ਟਰਨਓਵਰ ਕੇਵਲ 1877000 ਰੁਪਏ ਸੀ। ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਚਾਨਕ ਕੁੱਝ ਹੀ ਦਿਨਾਂ ਵਿੱਚ ਉਸ ਦੇ ਭਾਣਜੇ ਕੋਲ ਅਰਬਾਂ ਰੁਪਏ ਦੀ ਬੇਹਿਸਾਬ ਸੰਪਤੀ ਅਤੇ ਕਰੋੜਾਂ ਰੁਪਏ ਕਿਵੇਂ ਅਤੇ ਕਿੱਥੋਂ ਆਏ। ਆਪ ਆਗੂ ਨੇ ਚੰਨੀ ਤੋਂ ਸਵਾਲ ਪੁੱਛਿਆ ਕਿ ਜੇ ਰੇਤ ਮਾਫ਼ੀਆ ਤੋਂ ਉਨਾਂ ਕਰੋੜਾਂ ਰੁਪਏ ਕਮਾਏ ਤਾਂ ਟਰਾਂਸਫ਼ਰ ਪੋਸਟਿੰਗ ਤੋਂ ਕਿੰਨੇ ਇਕੱਠੇ ਕੀਤੇ? 111 ਦਿਨਾਂ ਵਿੱਚ ਮੁੱਖ ਮੰਤਰੀ ਚੰਨੀ ਨੇ ਹੋਰ ਕਿਹੜੇ ਕਿਹੜੇ ਧੰਦੇ ਤੋਂ ਕਿੰਨੇ ਕਿੰਨੇ ਪੈਸੇ ਕਮਾਏ?
ਚੱਢਾ ਨੇ ਕਿਹਾ ਕਿ ਜੇ ਮੰਨ ਵੀ ਲਿਆ ਜਾਵੇ ਕਿ ਚੰਨੀ ਦੇ ਰਿਸ਼ਤੇਦਾਰ ਦੇ ਘਰ ਹੋਈ ਈਡੀ ਦੀ ਛਾਪੇਮਾਰੀ ਰਾਜਨੀਤੀ ਤੋਂ ਪ੍ਰੇਰਿਤ ਸੀ ਪਰ ਸਵਾਲ ਇਹ ਉੱਠਦਾ ਹੈ ਕਿ ਉਸ ਦੇ ਘਰ ਤੋਂ 10 ਕਰੋੜ ਰੁਪਏ ਨਕਦ, ਲਗਜ਼ਰੀ ਕਾਰਾਂ, ਕਰੋੜਾਂ, ਅਰਬਾਂ ਦੀ ਜ਼ਮੀਨ ਜਾਇਦਾਦ ਦੇ ਕਾਗ਼ਜ਼ਾਤ ਕਿੱਥੋਂ ਆਏ। ਚੱਢਾ ਨੇ ਕਿਹਾ ਕਿ 111 ਦਿਨਾਂ ਵਿੱਚ ਚੰਨੀ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਕਰੋੜਾਂ ਰੁਪਏ ਕਮਾਏ, ਜੇ ਉਹ ਪੰਜ ਸਾਲ ਮੁੱਖ ਮੰਤਰੀ ਰਹਿੰਦੇ ਤਾਂ ਕਿੰਨੀ ਦੌਲਤ ਇਕੱਠੀ ਕਰਦੇ। ਚੱਢਾ ਨੇ ਵਿਰੋਧੀ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਰੇਤ ਮਾਫ਼ੀਆ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਚਾਹੇ ਉਹ ਮੁੱਖ ਮੰਤਰੀ ਹੀ ਕਿਉਂ ਨਾ ਹੋਵੇ, ਖ਼ਿਲਾਫ਼ ਕਾਰਵਾਈ ਕਰੇਗੀ ਅਤੇ ਜੇਲ ਭੇਜੇਗੀ।
ਕਾਂਗਰਸ ਵੱਲੋਂ ਉਨਾਂ ਖ਼ਿਲਾਫ਼ ਈਡੀ ਨੂੰ ਦਿੱਤੀ ਸ਼ਿਕਾਇਤ ਬਾਰੇ ਚੱਢਾ ਨੇ ਕਿਹਾ ਕਿ ਐਫ.ਆਈ.ਆਰ. ਕਰਾਉਣੀ ਹੈ ਤਾਂ ਕਾਂਗਰਸ ਆਲਾਕਮਾਨ ਅਤੇ ਸੁਨੀਲ ਜਾਖੜ 'ਤੇ ਹੋਣੀ ਚਾਹੀਦੀ, ਕਿਉਂਕਿ ਜਾਖੜ ਖ਼ੁਦ ਕਹਿ ਰਹੇ ਹਨ ਕਿ 42 ਵਿਧਾਇਕਾਂ ਦਾ ਸਮਰਥਨ ਮਿਲਣ ਤੋਂ ਬਾਅਦ ਵੀ ਕਾਂਗਰਸ ਨੇ ਉਸ ਨੂੰ ਮੁੱਖ ਮੰਤਰੀ ਇਸ ਲਈ ਨਹੀਂ ਬਣਾਇਆ, ਕਿਉਂਕਿ ਉਹ ਹਿੰਦੂ ਹੈ। ਚੱਢਾ ਨੇ ਕਿਹਾ ਕਿ ਧਰਮ ਦੇ ਨਾਂ 'ਤੇ ਵੰਡਣ ਦੀ ਰਾਜਨੀਤੀ ਕਰਨਾ ਕਾਂਗਰਸ ਦੀ ਫ਼ਿਤਰਤ ਹੈ। ਕਾਂਗਰਸ ਸ਼ੁਰੂ ਤੋਂ ਫੁੱਟ ਪਾਓ, ਰਾਜ ਕਰੋ ਦੀ ਨੀਤੀ ਅਪਣਾਉਂਦੀ ਆਈ ਹੈ। ਆਮ ਆਦਮੀ ਪਾਰਟੀ ਹਮੇਸ਼ਾ ਤੋਂ ਸਭ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ 'ਤੇ ਕਾਇਮ ਹੈ।
ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੇ ਪੰਜਾਬ ਨੂੰ ਵੰਡਣ ਦੇ ਮਨਸੂਬਿਆਂ ਨੂੰ ਕਦੇ ਸਫਲ ਨਹੀਂ ਹੋਣ ਦੇਵੇਗੀ। ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਨੂੰ ਧਰਮ ਦੇ ਨਾਂ 'ਤੇ ਵੰਡਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਪੰਜਾਬ ਧਰਮ ਦੇ ਨਾਂ 'ਤੇ ਵੰਡ ਨਹੀਂ ਹੋਵੇਗਾ। ਪੰਜਾਬ ਦੀ ਅਵਾਮ ਅਮਨ ਸ਼ਾਂਤੀ ਪਸੰਦ ਹੈ ਅਤੇ ਖ਼ੁਸ਼ਹਾਲੀ ਨਾਲ ਰਹਿਣਾ ਚਾਹੁੰਦੀ ਹੈ। ਚੱਢਾ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕਾਂ ਨੇ ਧਰਮ ਅਤੇ ਜਾਤੀ ਦੇ ਨਾਂ 'ਤੇ ਵੋਟ ਮੰਗਣ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਰਾਜ ਤੋਂ ਉਖਾੜ ਸੁੱਟਣ ਦਾ ਮਨ ਬਣਾ ਲਿਆ ਹੈ। ਇਸ ਲਈ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਅਤੇ 'ਆਪ' ਦੀ ਸਰਕਾਰ ਬਣਾਉਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904