ਐਕਸ਼ਨ 'ਚ ਮਾਨ ਸਰਕਾਰ; ਆਬਕਾਰੀ ਵਿਭਾਗ ਵੱਲੋਂ 2 ਕਾਰਾਂ 'ਚੋਂ 20 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 2 ਕਾਬੂ
ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਭਾਰਤ ਨਗਰ ਚੌਕ, ਲੁਧਿਆਣਾ ਵਿਖੇ ਚੈਕਿੰਗ ਪੁਆਇੰਟ ਲਗਾਇਆ ਗਿਆ ਸੀ।
ਚੰਡੀਗੜ੍ਹ : ਪੰਜਾਬ ਦੇ ਆਬਕਾਰੀ ਅਤੇ ਕਰ, ਵਿੱਤ, ਯੋਜਨਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰੀ ਸ. ਹਰਪਾਲ ਸਿੰਘ ਚੀਮਾ ਦੇ ਸਖ਼ਤ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਆਬਕਾਰੀ ਡਿਊਟੀ ਦੀ ਅਦਾਇਗੀ ਕੀਤੇ ਬਿਨ੍ਹਾਂ ਸਕਾਚ ਵਿਸਕੀ ਦੀ ਤਸਕਰੀ ਕਰਨ ਵਾਲੇ ਸ਼ਰਾਬ ਮਾਫ਼ੀਆ ਖ਼ਿਲਾਫ਼ ਸਖ਼ਤੀ ਕਰਦਿਆਂ ਆਬਕਾਰੀ ਵਿਭਾਗ ਲੁਧਿਆਣਾ ਦੀ ਟੀਮ ਵੱਲੋਂ ਭਾਰਤ ਨਗਰ ਚੌਕ, ਲੁਧਿਆਣਾ ਵਿਖੇ 2 ਕਾਰਾਂ ਵਿੱਚੋਂ 20 ਪੇਟੀਆਂ ਪ੍ਰੀਮੀਅਮ ਬ੍ਰਾਂਡ ਸ਼ਰਾਬ ਦੀਆਂ ਬਰਾਮਦ ਕੀਤੀਆਂ ਅਤੇ 2 ਮੁਲਜ਼ਮਾਂ ਨੂੰ ਵੀ ਕਾਬੂ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਭਾਰਤ ਨਗਰ ਚੌਕ, ਲੁਧਿਆਣਾ ਵਿਖੇ ਚੈਕਿੰਗ ਪੁਆਇੰਟ ਲਗਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਆਬਕਾਰੀ ਟੀਮ ਨੇ ਦੋ ਕਾਰਾਂ ਨੂੰ ਰੋਕ ਕੇ ਕਾਰਾਂ ਵਿੱਚੋਂ 20 ਪੇਟੀਆਂ ਨਾਜਾਇਜ਼ ਸ਼ਰਾਬ ਅਤੇ 83 ਨਕਲੀ ਹੋਲੋਗ੍ਰਾਮ (ਐਕਸਾਈਜ਼ ਲੇਬਲ) ਬਰਾਮਦ ਕਰਕੇ ਇਨ੍ਹਾਂ ਵਿੱਚ ਸਵਾਰ ਵਿਅਕਤੀਆਂ ਜਿਨ੍ਹਾਂ ਵਿੱਚ ਲੁਧਿਆਣਾ ਦੇ ਵਿਨੀਤ ਕੁਮਾਰ ਅਤੇ ਤਨਵੀਰ ਸਿੰਘ ਚੰਡੀਗੜ੍ਹ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ਚੰਡੀਗੜ੍ਹ ਵਾਸੀ ਪ੍ਰਿੰਸ ਕੁਕਰੇਜਾ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਦੋਵਾਂ ਮੁਲਜ਼ਮਾਂ ਨੂੰ ਥਾਣਾ ਡਵੀਜ਼ਨ ਨੰਬਰ 5 ਲੁਧਿਆਣਾ ਲਿਜਾਇਆ ਗਿਆ ਅਤੇ ਉਨ੍ਹਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ।
ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪੰਜਾਬ ਵਿੱਚ ਮਹਿੰਗੀ ਸਕਾਚ ਵਿਸਕੀ ਦੀ ਤਸਕਰੀ ਕਰਨ ਦੇ ਇੱਕ ਵੱਡੇ ਰੈਕੇਟ ਦਾ ਹਿੱਸਾ ਹਨ ਅਤੇ ਟੀਮਾਂ ਸ਼ਰਾਬ ਦੇ ਸਰੋਤ ਦਾ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਹਨ।
ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਕੋਈ ਵੀ ਆਬਕਾਰੀ ਐਕਟ ਦੀ ਉਲੰਘਣਾ ਨਾ ਕਰੇ।
ਸ. ਚੀਮਾ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨਾਜਾਇਜ਼ ਸ਼ਰਾਬ ਖ਼ਿਲਾਫ਼ ਸ਼ਿਕੰਜਾ ਹੋਰ ਕੱਸਿਆ ਜਾਵੇਗਾ ਅਤੇ ਇਸ ਵਿੱਚ ਸ਼ਾਮਲ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।