Punjab News: ਪੰਜਾਬ ਦੇ ਕਿਸਾਨ ਫਸਲਾਂ ਨੂੰ ਪਾਈ ਜਾ ਰਹੇ ਨਕਲੀ ਖਾਦਾਂ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
Punjab News: ਪੰਜਾਬ ਦੇ ਕਿਸਾਨਾਂ ਨਾਲ ਵੱਡੇ ਪੱਧਰ ਉਪਰ ਠੱਗੀ ਵੱਜ ਰਹੀ ਹੈ। ਬਹੁਤ ਸਾਰੇ ਕਿਸਾਨ ਫਸਲਾਂ ਨੂੰ ਨਕਲੀ ਖਾਦਾਂ ਹੀ ਪਾਈ ਜਾ ਰਹੇ ਹਨ। ਇਨ੍ਹਾਂ ਨਕਲੀ ਖਾਦਾਂ ਨਾਲ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਇਹ ਖੁਲਾਸਾ ਰਸਾਇਣ ਤੇ...

Punjab News: ਪੰਜਾਬ ਦੇ ਕਿਸਾਨਾਂ ਨਾਲ ਵੱਡੇ ਪੱਧਰ ਉਪਰ ਠੱਗੀ ਵੱਜ ਰਹੀ ਹੈ। ਬਹੁਤ ਸਾਰੇ ਕਿਸਾਨ ਫਸਲਾਂ ਨੂੰ ਨਕਲੀ ਖਾਦਾਂ ਹੀ ਪਾਈ ਜਾ ਰਹੇ ਹਨ। ਇਨ੍ਹਾਂ ਨਕਲੀ ਖਾਦਾਂ ਨਾਲ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਇਹ ਖੁਲਾਸਾ ਰਸਾਇਣ ਤੇ ਖਾਦ ਮੰਤਰਾਲੇ ਵੱਲੋਂ ਸੰਸਦ ਵਿੱਚ ਪੇਸ਼ ਕੀਤੀ ਗਈ ਇੱਕ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਮੁਤਾਬਕ ਇਸ ਸਾਲ ਪੰਜਾਬ ਵਿੱਚ ਮਿਲਾਵਟੀ ਖਾਦ ਦੀ ਵਿਕਰੀ ਦੇ ਮਾਮਲੇ ਪਿਛਲੇ ਸਾਲਾਂ ਦੇ ਮੁਕਾਬਲੇ ਵਧੇ ਹਨ। ਅਜਿਹਾ ਕਰਕੇ ਮਿਲਾਵਟਖੋਰ ਜਿੱਥੇ ਕਿਸਾਨਾਂ ਨੂੰ ਲੁੱਟ ਰਹੇ ਹਨ, ਉੱਥੇ ਹੀ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹਨ।
ਰਿਪੋਰਟ ਮੁਤਾਬਕ ਸਰਕਾਰ ਨੇ ਖਾਦ ਦੀ ਕਾਲਾਬਾਜ਼ਾਰੀ, ਜਮ੍ਹਾਂਖੋਰੀ ਤੇ ਮਿਲਾਵਟਖੋਰੀ ਦਾ ਪਤਾ ਲਗਾਉਣ ਲਈ ਨੌਂ ਮਹੀਨਿਆਂ ਦਾ ਨਿਰੀਖਣ ਕੀਤਾ ਹੈ। ਇਸ ਸਮੇਂ ਦੌਰਾਨ ਘਟੀਆ ਖਾਦ ਦੇ 192 ਮਾਮਲੇ ਸਾਹਮਣੇ ਆਏ ਹਨ। ਵਿਭਾਗ ਨੇ 65 ਮਾਮਲਿਆਂ ਵਿੱਚ ਖਾਦ ਵਿਕ੍ਰੇਤਾ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਤੇ ਤਿੰਨ ਮਾਮਲਿਆਂ ਵਿੱਚ ਐਫਆਈਆਰ ਦਰਜ ਕੀਤੀਆਂ ਹਨ। ਇਸੇ ਤਰ੍ਹਾਂ ਖਾਦ ਦੀ ਕਾਲਾਬਾਜ਼ਾਰੀ ਦੇ 37 ਮਾਮਲਿਆਂ ਵਿੱਚ ਨੋਟਿਸ ਜਾਰੀ ਕੀਤੇ ਗਏ ਤੇ ਇੱਕ ਲਾਇਸੈਂਸ ਨੂੰ ਮੁਅੱਤਲ ਕਰਨ ਦੇ ਨਾਲ-ਨਾਲ ਐਫਆਈਆਰ ਦਰਜ ਕੀਤੀ ਗਈ। ਵਿਭਾਗ ਨੇ ਜਮ੍ਹਾਂਖੋਰੀ ਦੇ 20 ਮਾਮਲਿਆਂ ਵਿੱਚ ਕਾਰਵਾਈ ਕੀਤੀ ਹੈ।
ਜੇਕਰ ਅਸੀਂ ਪਿਛਲੇ ਛੇ ਸਾਲਾਂ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ 2019-20 ਤੋਂ 2024-25 ਤੱਕ ਘਟੀਆ ਖਾਦ ਦੇ 1,152 ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ, ਨਕਲੀ ਖਾਦ ਦੇ 16 ਮਾਮਲੇ ਸਾਹਮਣੇ ਆਏ ਹਨ। ਨਕਲੀ, ਘਟੀਆ ਤੇ ਹੇਠਲੇ ਦਰਜੇ ਦੀ ਖਾਦ ਦੀ ਵਿਕਰੀ ਦੇ ਮਾਮਲਿਆਂ ਵਿੱਚ ਸਰਕਾਰ ਕੋਲ FCO 1985 ਤਹਿਤ ਪ੍ਰਸ਼ਾਸਕੀ ਕਾਰਵਾਈ ਕਰਨ ਤੇ ਜ਼ਰੂਰੀ ਵਸਤੂਆਂ ਐਕਟ 1955 ਤਹਿਤ ਜੁਰਮਾਨੇ ਲਗਾਉਣ ਦੀ ਸ਼ਕਤੀ ਹੈ।
ਖੇਤੀਬਾੜੀ ਵਿਭਾਗ ਨੇ ਘਟੀਆ ਕੀਟਨਾਸ਼ਕਾਂ ਤੇ ਖਾਦਾਂ ਦਾ ਪਤਾ ਲਗਾਉਣ ਲਈ ਪੰਜ ਟੀਮਾਂ ਬਣਾਈਆਂ ਹਨ। ਟੀਮਾਂ ਦੁਆਰਾ ਇਸ ਸਾਲ ਅਪ੍ਰੈਲ ਤੇ ਜੂਨ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਖਾਦ ਦੇ 737 ਨਮੂਨੇ ਇਕੱਠੇ ਕੀਤੇ ਗਏ ਤੇ ਘਟੀਆ ਖਾਦ ਦੇ 11 ਮਾਮਲੇ ਸਾਹਮਣੇ ਆਏ। ਇਸ ਮਗਰੋਂ ਦੋ ਐਫਆਈਆਰ ਦਰਜ ਕੀਤੀਆਂ ਗਈਆਂ। ਇਸੇ ਤਰ੍ਹਾਂ ਪਿਛਲੇ ਸਾਲ ਨਵੰਬਰ ਵਿੱਚ ਵਿਭਾਗ ਨੇ ਐਸਬੀਐਸ ਨਗਰ ਜ਼ਿਲ੍ਹੇ ਵਿੱਚ ਵਿਭਾਗ ਨੇ ਡਾਈ-ਅਮੋਨੀਅਮ ਫਾਸਫੇਟ (ਡੀਏਪੀ) ਖਾਦ ਦੇ 50-50 ਕਿੱਲੋ ਦੇ 23 ਥੈਲੇ ਜ਼ਬਤ ਕੀਤੇ ਗਏ ਸਨ ਜਿਨ੍ਹਾਂ ਦੀ ਜਾਂਚ ਦੌਰਾਨ ਨਾਈਟ੍ਰੋਜਨ ਤੇ ਫਾਸਫੋਰਸ ਦੀ ਘਾਟ ਪਾਈ ਗਈ।
ਮਾਹਿਰਾਂ ਮੁਤਾਬਕ ਨਕਲੀ ਜਾਂ ਮਿਲਾਵਟੀ ਖਾਦਾਂ ਵਿੱਚ ਨਿਰਧਾਰਤ ਮਾਪਦੰਡਾਂ ਤੋਂ ਵੱਧ ਰਸਾਇਣ ਤੇ ਧਾਤਾਂ ਹੁੰਦੀਆਂ ਹਨ। ਇਸ ਨਾਲ ਸਾਹ ਦੀਆਂ ਸਮੱਸਿਆਵਾਂ, ਪਾਚਨ ਵਿਕਾਰ, ਗੁਰਦੇ ਨੂੰ ਨੁਕਸਾਨ ਤੇ ਕੈਂਸਰ ਹੋ ਸਕਦਾ ਹੈ। ਇਹ ਫਸਲ ਦੀ ਗੁਣਵੱਤਾ ਤੇ ਉਪਜ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇਸ ਨਾਲ ਜ਼ਮੀਨ ਦੀ ਸਿਹਤ ਵੀ ਵਿਗੜਦੀ ਹੈ।






















