Stubble Burning: ਬਿਨਾਂ ਪਰਾਲੀ ਸਾੜੇ ਸਿੱਧੇ ਬਿਜਾਈ ਨੂੰ ਪਹਿਲ ਦੇ ਰਹੇ ਨੇ ਕਿਸਾਨ, ਕਿਹਾ-ਖ਼ਰਚਾ ਜ਼ਰੂਰ ਵਧਦਾ ਪਰ ਸਿਹਤ ਤੋਂ ਜ਼ਿਆਦਾ ਜ਼ਰੂਰੀ ਕੁਝ ਨਹੀਂ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਰਾਲੀ ਸਾੜੀ ਜਾ ਰਹੀ ਹੈ ਪਰ ਇਸ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਿਛਲੇ ਵਰ੍ਹਿਆਂ ਨਾਲੋਂ ਇਹ ਗਿਣਤੀ ਬਹੁਤ ਜ਼ਿਆਦਾ ਘੱਟ ਹੈ। ਇਸ ਵਾਰ ਬਹੁਤ ਸਾਰੇ ਕਿਸਾਨ ਇਹੋ ਜਿਹੇ ਵੀ ਹਨ ਜੋ ਬਿਨਾਂ ਪਰਾਲੀ ਸਾੜੇ ਹੀ ਸਿੱਧੀ ਬਿਜਾਈ ਕਰ ਰਹੇ ਹਨ।
Punjab News: ਉੱਤਰ ਭਾਰਤ ਵਿੱਚ ਵਧ ਰਹੇ ਪ੍ਰਦੂਸ਼ਣ ਦੇ ਨਾਲ-ਨਾਲ ਪਾਕਿਸਤਾਨ ਵਿੱਚ ਵੀ ਵਧ ਰਹੇ ਧੂੰਏ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਰਾਲੀ ਸਾੜੀ ਜਾ ਰਹੀ ਹੈ ਪਰ ਇਸ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਿਛਲੇ ਵਰ੍ਹਿਆਂ ਨਾਲੋਂ ਇਹ ਗਿਣਤੀ ਬਹੁਤ ਜ਼ਿਆਦਾ ਘੱਟ ਹੈ। ਇਸ ਵਾਰ ਬਹੁਤ ਸਾਰੇ ਕਿਸਾਨ ਇਹੋ ਜਿਹੇ ਵੀ ਹਨ ਜੋ ਬਿਨਾਂ ਪਰਾਲੀ ਸਾੜੇ ਹੀ ਸਿੱਧੀ ਬਿਜਾਈ ਕਰ ਰਹੇ ਹਨ।
ਜੇ ਇਸ ਦੀ ਇੱਕ ਉਦਾਹਰਣ ਲਈ ਜਾਵੇ ਤਾਂ ਤਪਾ ਮੰਡੀ ਵਿੱਚ ਕੁਲਵਿੰਦਰ ਸਿੰਘ ਚੱਠਾ ਨਾਂਅ ਦੇ ਕਿਸਾਨ ਨੇ ਬਿਨਾਂ ਪਰਾਲੀ ਨੂੰ ਅੱਗ ਲਾਏ ਸਿੱਧੇ ਕਣਕ ਦੀ ਬਿਜਾਈ ਕੀਤੀ ਹੈ। ਕਿਸਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਇਸ ਨਾਲ ਖ਼ਰਚਾ ਵੱਧ ਆਉਂਦਾ ਹੈ ਪਰ ਜੇ ਆਪਣੀ ਸਿਹਤ ਦੇ ਸਾਹਮਣੇ ਰੱਖ ਕੇ ਇਸ ਨੂੰ ਆਂਕਿਆ ਜਾਵੇ ਤਾਂ ਇਹ ਕੁਝ ਵੀ ਨਹੀਂ ਹੈ। ਇਸ ਮੌਕੇ ਕੁਲਵਿੰਦਰ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗ ਲਾਉਣੀ ਛੱਡ ਦੇਣ ਕਿਉਂਕਿ ਪਰਾਲੀ ਦਾ ਧੂੰਆ ਹੋਰ ਲੋਕਾਂ ਨਾਲੋਂ ਪਹਿਲਾਂ ਕਿਸਾਨਾਂ ਤੇ ਉਨ੍ਹਾਂ ਦੇ ਪੁੱਤਾਂ ਨੂੰ ਹੀ ਪ੍ਰਭਾਵਿਤ ਕਰਦਾ ਹੈ। ਇਸ ਤਰ੍ਹਾਂ ਦੀਆਂ ਪੰਜਾਬ ਵਿੱਚੋਂ ਹਜ਼ਾਰਾਂ ਖ਼ਬਰਾਂ ਮਿਲ ਜਾਣਗੀਆਂ। ਹਾਲਾਂਕਿ ਇਸ ਦੌਰਾਨ ਪਰਾਲੀ ਸਾੜਨ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ।
ਲਗਾਤਾਰ ਵਧ ਰਹੇ ਨੇ ਪਰਾਲੀ ਸਾੜਨ ਦੇ ਮਾਮਲੇ
ਜ਼ਿਕਰ ਕਰ ਦਈਏ ਕਿ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਵੱਧ ਰਹੇ ਹਨ। ਪੰਜਾਬ ਵਿੱਚ ਬੁੱਧਵਾਰ ਨੂੰ ਪਰਾਲੀ ਸਾੜਨ ਦੇ 509 ਮਾਮਲੇ ਦਰਜ ਕੀਤੇ ਗਏ। ਫਰੀਦਕੋਟ ਅਤੇ ਫ਼ਿਰੋਜ਼ਪੁਰ ਵਿੱਚ ਸਭ ਤੋਂ ਵੱਧ ਕੇਸ 91-91 ਸਨ। ਇਸ ਤੋਂ ਇਲਾਵਾ ਮੋਗਾ ਵਿੱਚ 88, ਮੁਕਤਸਰ ਵਿੱਚ 79 ਅਤੇ ਬਠਿੰਡਾ ਵਿੱਚ 50 ਮਾਮਲੇ ਸਾਹਮਣੇ ਆਏ ਹਨ। ਸੰਗਰੂਰ ਵਿੱਚ ਸਖ਼ਤੀ ਤੋਂ ਬਾਅਦ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਇੱਥੇ ਪਰਾਲੀ ਸਾੜਨ ਦੇ ਸਿਰਫ਼ 7 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਵੱਧ ਕੇ 7621 ਹੋ ਗਏ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਸੰਗਰੂਰ ਵਿੱਚ ਹਨ। ਇੱਥੇ 1388 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਵਿੱਚ 954, ਤਰਨਤਾਰਨ ਵਿੱਚ 700, ਅੰਮ੍ਰਿਤਸਰ ਵਿੱਚ 651 ਅਤੇ ਮਾਨਸਾ ਵਿੱਚ 486 ਮਾਮਲੇ ਸਾਹਮਣੇ ਆਏ ਹਨ।
ਪਰਾਲੀ ਦੇ ਮੁੱਦੇ ਉੱਤੇ ਰੱਜ ਕੇ ਹੋ ਰਹੀ ਸਿਆਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਪੰਜਾਬ ਯੂਨੀਵਰਸਿਟੀ 'ਚ 'ਪੰਜਾਬ ਵਿਜ਼ਨ 2047' ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਦੂਸ਼ਣ ਦੇ ਮੁੱਦੇ 'ਤੇ ਸੂਬਿਆਂ ਵਿਚਾਲੇ ਦੋਸ਼ ਦੀ ਖੇਡ ਨਹੀਂ ਹੋਣੀ ਚਾਹੀਦੀ, ਸਗੋਂ ਇਸ ਦਾ ਹੱਲ ਆਪਸੀ ਸਹਿਯੋਗ ਰਾਹੀਂ ਲੱਭਣਾ ਚਾਹੀਦਾ ਹੈ। ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਮਰੀਅਮ ਦਾ ਦਾਅਵਾ ਹੈ ਕਿ ਪੰਜਾਬ ਤੋਂ ਪ੍ਰਦੂਸ਼ਿਤ ਧੂੰਆਂ ਲਾਹੌਰ ਪਹੁੰਚ ਰਿਹਾ ਹੈ। ਮਾਨ ਨੇ ਮਜ਼ਾਕ ਵਿਚ ਕਿਹਾ ਕਿ, ਕੀ ਪੰਜਾਬ ਦਾ ਧੂੰਆ ਘੁੰਮਦਾ ਰਹਿੰਦਾ ਹੈ।
ਪਰਾਲੀ ਸਾੜਨ ਦਾ ਜੁਰਮਾਨਾ ਦੁੱਗਣਾ
ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਕੇਂਦਰ ਸਰਕਾਰ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਦਾ ਜੁਰਮਾਨਾ ਦੁੱਗਣਾ ਕਰ ਦਿੱਤਾ ਹੈ। ਵਾਤਾਵਰਨ ਮੰਤਰਾਲੇ ਨੇ ਵੀਰਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਹੁਣ 2 ਏਕੜ ਤੋਂ ਘੱਟ ਜ਼ਮੀਨ 'ਤੇ 5000 ਰੁਪਏ ਜੁਰਮਾਨਾ ਲਗਾਇਆ ਜਾ ਰਿਹਾ ਹੈ। ਦੋ ਤੋਂ ਪੰਜ ਏਕੜ ਤੱਕ ਜ਼ਮੀਨ ਰੱਖਣ ਵਾਲਿਆਂ ਤੋਂ 10,000 ਰੁਪਏ ਅਤੇ ਪੰਜ ਏਕੜ ਤੋਂ ਵੱਧ ਜ਼ਮੀਨ ਰੱਖਣ ਵਾਲਿਆਂ ਤੋਂ 30,000 ਰੁਪਏ ਜੁਰਮਾਨਾ ਵਸੂਲਿਆ ਜਾ ਰਿਹਾ ਹੈ।